ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬ ’ਚ ਬਿਜਲੀ ਦੀ ਮੰਗ ਨੇ ਰਿਕਾਰਡ ਤੋੜੇ

ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਪਾਰ; ਪੰਜ ਥਰਮਲ ਪਲਾਂਟਾਂ ਦੇ ਸਾਰੇ 15 ਯੂਨਿਟ ਕਾਰਜਸ਼ੀਲ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 5 ਜੁਲਾਈ

Advertisement

ਮੌਨਸੂਨ ਦੀ ਸਮੇਂ ਤੋਂ ਪਹਿਲਾਂ ਆਮਦ ਦੇ ਬਾਵਜੂਦ ਪੰਜਾਬ ਵਿੱਚ ਦੋ ਦਿਨਾਂ ਤੋਂ ਹੁੰਮਸ ਭਰੀ ਗਰਮੀ ਪੈਰ ਰਹੀ ਹੈ। ਗਰਮੀ ਕਾਰਨ ਵਧੀ ਬਿਜਲੀ ਦੀ ਮੰਗ ਨੇ ਪਿਛਲੇ 66 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਅੱਜ ਬਿਜਲੀ ਦੀ ਮੰਗ 17, 233 ਮੈਗਾਵਾਟ ’ਤੇ ਪਹੁੰਚ ਗਈ ਹੈ, ਜੋ ਹੁਣ ਤੱਕ ਦੀ ਸਭ ਤੋਂ ਵੱਧ ਹੈ। ਬਿਜਲੀ ਦੀ ਮੰਗ ਦਾ ਲਗਾਤਾਰ ਦੂਜੇ ਦਿਨ ਰਿਕਾਰਡ ਰਿਹਾ। ਇਸ ਮੰਗ ਦੇ ਮੱਦੇਨਜ਼ਰ ਇਸ ਸਮੇਂ ਸਰਕਾਰੀ ਖੇਤਰ ਦੇ ਤਿੰਨ ਅਤੇ ਨਿੱਜੀ ਖੇਤਰ ਦੇ ਦੋ ਥਰਮਲ ਪਲਾਂਟਾਂ ਦੇ ਸਾਰੇ 15 ਯੂਨਿਟ ਕਾਰਜਸ਼ੀਲ ਹਨ। ਹਾਲਾਂਕਿ, ਪੰਜਾਬ ਸਰਕਾਰ ਵੱਲੋਂ ਮੌਜੂਦਾ ਸੀਜ਼ਨ ਵਿੱਚ ਬਿਜਲੀ ਦੀ ਮੰਗ ਪੂਰਾ ਕਰਨ ਲਈ 17,000 ਮੈਗਾਵਾਟ ਦੇ ਪ੍ਰਬੰਧ ਕੀਤੇ ਗਏ ਸਨ। ਬੀਤੇ ਦਿਨ ਬਿਜਲੀ ਦੀ ਮੰਗ 16,983 ਮੈਗਾਵਾਟ ਦਰਜ ਕੀਤੀ ਗਈ ਸੀ, ਜੋ ਕਿ ਰਿਕਾਰਡ ਸੀ। ਇਸ ਦੌਰਾਨ ਸੂਬੇ ਵਿੱਚ ਕਈ ਥਾਵਾਂ ’ਤੇ ਅਣ-ਐਲਾਨੇ ਬਿਜਲੀ ਕੱਟਾਂ ਦੀਆਂ ਵੀ ਸ਼ਿਕਾਇਤਾਂ ਹਨ। ਹਾਲਾਂਕਿ, ਪਾਵਰਕੌਮ ਦੇ ਅਧਿਕਾਰੀਆਂ ਨੇ ਸੂਬੇ ਵਿੱਚ ਨਿਰਵਿਘਨ ਬਿਜਲੀ ਸਪਲਾਈ ਚਾਲੂ ਰਹਿਣ ਦਾ ਦਾਅਵਾ ਕੀਤਾ ਹੈ।

ਜਾਣਕਾਰੀ ਮੁਤਾਬਕ ਅਤਿ ਦੀ ਗਰਮੀ ਦੌਰਾਨ ਅੱਜ ਦੁਪਹਿਰ 12 ਵਜੇ ਦੇ ਕਰੀਬ ਬਿਜਲੀ ਦੀ ਮੰਗ 17,233 ਮੈਗਾਵਾਟ ’ਤੇ ਪਹੁੰਚ ਗਈ। ਹਾਲਾਂਕਿ, ਸ਼ਾਮ 5 ਵਜੇ ਦੇ ਕਰੀਬ ਇਹ ਘੱਟ ਕੇ 16,600 ਮੈਗਾਵਾਟ ’ਤੇ ਆ ਗਈ। ਇਸ ਤੋਂ ਪਹਿਲਾਂ 11 ਜੂਨ ਨੂੰ ਬਿਜਲੀ ਦੀ ਰਿਕਾਰਡ ਮੰਗ 16,836 ਮੈਗਾਵਾਟ ਦਰਜ ਕੀਤੀ ਗਈ ਸੀ।

ਮੀਂਹ ਨਾ ਪੈਣ ਦੀ ਸੂਰਤ ਵਿੱਚ ਅਗਲੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ ਬਿਜਲੀ ਦੀ ਮੰਗ ਹੋਰ ਵੱਧ ਸਕਦੀ ਹੈ। ਇਸ ਸਮੇਂ ਸੂਬੇ ਵਿੱਚ ਝੋਨੇ ਦੀ ਲੁਆਈ ਵੀ ਜ਼ੋਰਾਂ ’ਤੇ ਹੈ। ਜਿਸ ਕਰਕੇ ਬਿਜਲੀ ਦੀ ਵਰਤੋਂ ਹੋ ਰਹੀ ਹੈ। ਉੱਧਰ, ਸੂਬਾ ਸਰਕਾਰ ਵੱਲੋਂ ਵੀ ਝੋਨੇ ਦੀ ਲੁਆਈ ਲਈ ਰੋਜ਼ਾਨਾ ਅੱਠ ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਪੰਜਾਬ ਵਿੱਚ ਇਸ ਸਮੇਂ 14 ਲੱਖ ਤੋਂ ਵੱਧ ਟਿਊਬਵੈੱਲ ਹਨ, ਜੋ ਝੋਨੇ ਦੀ ਲੁਆਈ ਕਰਕੇ ਪੂਰਾ ਸਮਾਂ ਚੱਲ ਰਹੇ ਹਨ।

ਮੌਸਮ ਵਿਭਾਗ ਵੱਲੋਂ ਤਿੰਨ ਦਿਨ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ

ਮੌਨਸੂਨ ਵਿਭਾਗ ਨੇ ਪੰਜਾਬ ਵਿੱਚ ਅਗਲੇ ਤਿੰਨ ਦਿਨ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਲਈ ਮੌਸਮ ਵਿਗਿਆਨੀਆਂ ਨੇ 6, 7 ਤੇ 8 ਜੁਲਾਈ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਅੱਜ ਪੰਜਾਬ ਵਿੱਚ ਸਭ ਤੋਂ ਗਰਮ ਸ਼ਹਿਰ ਬਠਿੰਡਾ ਰਿਹਾ ਜਿਸ ਦੇ ਏਅਰਪੋਰਟ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ

Advertisement