DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ’ਚ ਬਿਜਲੀ ਦੀ ਮੰਗ ਨੇ ਪੁਰਾਣੇ ਰਿਕਾਰਡ ਤੋੜੇ

ਝੋਨੇ ਦੀ ਲਵਾਈ ਤੋਂ ਪਹਿਲਾਂ ਹੀ ਬਿਜਲੀ ਦੀ ਖ਼ਪਤ ਸਿਖ਼ਰ ਛੂਹਣ ਲੱਗੀ

  • fb
  • twitter
  • whatsapp
  • whatsapp
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 24 ਅਪਰੈਲ

Advertisement

ਐਤਕੀਂ ਪੰਜਾਬ ’ਚ ਝੋਨੇ ਦੀ ਲਵਾਈ ਤੋਂ ਪਹਿਲਾਂ ਹੀ ਬਿਜਲੀ ਦੀ ਮੰਗ ਵਧ ਗਈ ਹੈ। ਝੋਨੇ ਦੀ ਲਵਾਈ ਪਹਿਲੀ ਜੂਨ ਤੋਂ ਸ਼ੁਰੂ ਹੋਣੀ ਹੈ ਪਰ ਅਪਰੈਲ ਮਹੀਨੇ ’ਚ ਹੀ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਹੈ। ਮੌਸਮ ਅਨੁਕੂਲ ਨਾ ਰਿਹਾ ਤਾਂ ਗਰਮੀ ਦੇ ਸੀਜ਼ਨ ’ਚ ਬਿਜਲੀ ਦੀ ਪੂਰਤੀ ਸਰਕਾਰ ਅੱਗੇ ਵੱਡੀ ਚੁਣੌਤੀ ਬਣ ਜਾਵੇਗੀ। ਪੰਜਾਬ ’ਚ ਵੀਰਵਾਰ ਨੂੰ ਸਵੇਰੇ ਬਿਜਲੀ ਦੀ ਮੰਗ 10,419 ਮੈਗਾਵਾਟ ਨੂੰ ਛੂਹ ਗਈ ਜਦੋਂਕਿ ਬੁੱਧਵਾਰ ਨੂੰ ਇਹ ਮੰਗ 10,298 ਮੈਗਾਵਾਟ ਸੀ।

ਪੰਜਾਬ ਸਰਕਾਰ ਲਈ ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਪੂਰਤੀ ਕਰਨਾ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ। ਇਸ ਅਪਰੈਲ ਦੇ 23 ਦਿਨਾਂ ਦੌਰਾਨ ਬਿਜਲੀ ਦੀ ਖ਼ਪਤ 10 ਫ਼ੀਸਦੀ ਵਧੀ ਹੈ। 21 ਅਪਰੈਲ ਨੂੰ ਬਿਜਲੀ ਦੀ ਖ਼ਪਤ ਵਿੱਚ 18 ਫ਼ੀਸਦੀ ਤੇ ਬਿਜਲੀ ਦੀ ਮੰਗ ਵਿੱਚ 14 ਫ਼ੀਸਦੀ ਵਾਧਾ ਹੋਇਆ। 23 ਅਪਰੈਲ ਵਾਲੇ ਦਿਨ ਬਿਜਲੀ ਦੀ ਖ਼ਪਤ ਵਿੱਚ 27 ਫ਼ੀਸਦੀ ਦਾ ਵਾਧਾ ਹੋਇਆ। ਪਿਛਲੇ ਵਰ੍ਹੇ 26 ਅਪਰੈਲ ਨੂੰ ਸਭ ਤੋਂ ਵੱਧ ਬਿਜਲੀ ਦੀ ਮੰਗ 9926 ਮੈਗਾਵਾਟ ਸੀ।

ਇਸ ਤੋਂ ਜਾਪਦਾ ਹੈ ਕਿ ਝੋਨੇ ਦੇ ਸੀਜ਼ਨ ’ਚ ਇਹ ਮੰਗ ਪਿਛਲੇ ਸਾਲ ਨੂੰ ਪਿਛਾਂਹ ਛੱਡ ਦੇਵੇਗੀ। ਅੰਦਾਜ਼ਾ ਹੈ ਕਿ ਪਹਿਲੀ ਮਈ ਤੱਕ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਜਾਵੇਗੀ। ਲੰਘੇ ਸਾਲ 19 ਜੂਨ ਨੂੰ ਬਿਜਲੀ ਦੀ ਰਿਕਾਰਡ 16,078 ਮੈਗਾਵਾਟ ਮੰਗ ਸੀ ਅਤੇ ਐਤਕੀਂ ਇਹੋ ਮੰਗ ਪੀਕ ਸੀਜ਼ਨ ’ਚ 17 ਹਜ਼ਾਰ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਕਈ ਵਰ੍ਹਿਆਂ ਤੋਂ ਬਿਜਲੀ ਦੀ ਮੰਗ ਵਿੱਚ ਹਰ ਸਾਲ ਪੀਕ ਸੀਜ਼ਨ ’ਚ ਕਰੀਬ 800 ਮੈਗਾਵਾਟ ਵਧ ਰਹੀ ਹੈ।

ਸਾਲ 2024-25 ਵਿੱਚ ਬਿਜਲੀ ਦੀ ਖ਼ਪਤ 11 ਫ਼ੀਸਦੀ ਵਧੀ ਸੀ ਜਦੋਂਕਿ ਉਸ ਤੋਂ ਪਹਿਲਾਂ 2023-24 ਵਿੱਚ ਬਿਜਲੀ ਦੀ ਖ਼ਪਤ ਸਿਰਫ਼ ਇੱਕ ਫ਼ੀਸਦੀ ਵਧੀ ਸੀ। ਗਰਮੀ ਵਧਣ ਮਗਰੋਂ ਘਰੇਲੂ ਖੇਤਰ ’ਚ ਏਸੀ ਚਾਲੂ ਹੋਣ ਕਰ ਕੇ ਬਿਜਲੀ ਦੀ ਮੰਗ ਇਕਦਮ ਵਧੀ ਹੈ। ਬਿਜਲੀ ਦੀ ਵਧੀ ਮੰਗ ਸਰਕਾਰ ’ਤੇ ਸਬਸਿਡੀ ਦਾ ਬੋਝ ਵੀ ਵਧਾਏਗੀ।

ਐਤਕੀਂ ਝੋਨੇ ਦੀ ਲਵਾਈ ਵੀ ਅਗੇਤੀ ਕੀਤੀ ਗਈ ਹੈ। ਇਸ ਕਰ ਕੇ ਬਿਜਲੀ ਦੀ ਖ਼ਪਤ ਖੇਤੀ ਸੈਕਟਰ ’ਚ ਹੋਰ ਵਧ ਸਕਦੀ ਹੈ। ਪਾਵਰਕੌਮ ਤਰਫ਼ੋਂ ਇਸ ਵਾਰ 17 ਹਜ਼ਾਰ ਮੈਗਾਵਾਟ ਬਿਜਲੀ ਦੀ ਮੰਗ ਦੇ ਹਿਸਾਬ ਨਾਲ ਪ੍ਰਬੰਧ ਕੀਤੇ ਗਏ ਹਨ। ਜੂਨ ਮਹੀਨੇ ਵਿੱਚ 6500-6700 ਮੈਗਾਵਾਟ ਬਿਜਲੀ ਦੀ ਪੈਦਾਵਾਰ ਪੰਜਾਬ ’ਚੋਂ ਹੋਵੇਗੀ ਜਦੋਂਕਿ 10,300 ਮੈਗਾਵਾਟ ਦੇ ਪ੍ਰਬੰਧ ਬਾਹਰੋਂ ਕੀਤੇ ਜਾਣੇ ਹਨ। ਪਾਵਰਕੌਮ ਨੇ 2600-2700 ਮੈਗਾਵਾਟ ਬਿਜਲੀ ਬੈਂਕਿੰਗ ਜ਼ਰੀਏ ਲੈਣੀ ਹੈ ਜਦੋਂਕਿ ਮੌਕੇ ਦੀ ਮੰਗ ਅਨੁਸਾਰ ਬਿਜਲੀ ਐਕਸਚੇਂਜ ’ਚੋਂ ਪ੍ਰਾਪਤ ਕੀਤੀ ਜਾਣੀ ਹੈ।

ਮਾਹਿਰ ਆਖਦੇ ਹਨ ਕਿ ਆਮ ਤੌਰ ’ਤੇ ਸਾਲਾਨਾ ਬਿਜਲੀ ਦੀ ਮੰਗ 5 ਤੋਂ 7 ਫ਼ੀਸਦੀ ਤੱਕ ਵਧਣੀ ਜਾਇਜ਼ ਹੈ ਪਰ 10 ਫ਼ੀਸਦੀ ਤੋਂ ਜ਼ਿਆਦਾ ਵਧਣ ਦੇ ਸੰਕੇਤ ਵੱਖਰੇ ਹਨ। ਇਸ ਹਾਲਾਤ ’ਚ ਨਵੇਂ ਤਾਪ ਬਿਜਲੀ ਘਰ ਲਗਾਏ ਜਾਣ ਦੀ ਲੋੜ ਪਵੇਗੀ।

ਤਾਪ ਬਿਜਲੀ ਘਰਾਂ ’ਚ ਕੋਲੇ ਦੇ ਢੁੱਕਵੇਂ ਪ੍ਰਬੰਧ ਹੋਣ ਦਾ ਦਾਅਵਾ

ਪਾਵਰਕੌਮ ਦੇ ਅਧਿਕਾਰੀ ਆਖਦੇ ਹਨ ਕਿ ਤਾਪ ਬਿਜਲੀ ਘਰਾਂ ਵਿੱਚ ਕੋਲੇ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਗੋਇੰਦਵਾਲ ਤਾਪ ਬਿਜਲੀ ਘਰ ਵਿੱਚ 41 ਜਦੋਂਕਿ ਰੋਪੜ ਤਾਪ ਬਿਜਲੀ ਘਰ ’ਚ 39 ਦਿਨਾਂ ਦਾ ਕੋਲਾ ਭੰਡਾਰ ਪਿਆ ਹੈ। ਇਸੇ ਤਰ੍ਹਾਂ ਲਹਿਰਾ ਮੁਹੱਬਤ ਥਰਮਲ ਵਿੱਚ 27 ਦਿਨਾਂ ਦਾ, ਰਾਜਪੁਰਾ ਥਰਮਲ ’ਚ 22 ਦਿਨਾਂ ਅਤੇ ਤਲਵੰਡੀ ਸਾਬੋ ਪਾਵਰ ਪ੍ਰਾਜੈਕਟ ਕੋਲ 12 ਦਿਨਾਂ ਦਾ ਕੋਲਾ ਪਿਆ ਹੈ।

Advertisement
×