‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਸ਼੍ਰੋਮਣੀ ਅਕਾਲੀ ਦਲ ਲਈ ਤਰਨ ਤਾਰਨ ਦੀ ਜ਼ਿਮਨੀ ਚੋਣ ਦਾ ਨਤੀਜਾ ਠੰਢਾ ਬੁੱਲਾ ਬਣ ਕੇ ਆਇਆ ਹੈ। ਪੰਥਕ ਹਲਕਿਆਂ ’ਚੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਉੱਠ ਰਹੀਆਂ ਉਂਗਲਾਂ ਨੂੰ ਵੀ ਹੁਣ ਮੋੜਾ ਪੈਣ ਦੀ ਸੰਭਾਵਨਾ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਇਹ ਚੋਣ ਹਾਰ ਗਈ ਪ੍ਰੰਤੂ ਅਖੀਰ ਤੱਕ ਅਕਾਲੀ ਦਲ ਨੇ ਸੱਤਾਧਾਰੀ ਧਿਰ ਨੂੰ ਵਖ਼ਤ ਪਾਈ ਰੱਖਿਆ। ਦਲ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਨੂੰ ਤਰਨ ਤਾਰਨ ਦੀ ਐੱਸ ਐੱਸ ਪੀ ਰਵਜੋਤ ਕੌਰ ਗਰੇਵਾਲ ਨੂੰ ਮੁਅੱਤਲ ਕਰਨਾ ਪਿਆ।
ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਨੂੰ ਹਲਕੇ ’ਚ 30,540 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਦੇ ਨਿਸ਼ਾਨੇ ’ਤੇ ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਹੀ ਰਿਹਾ। ਪਹਿਲੀ ਵਾਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਸਮੇਂ ਦੌਰਾਨ ਹੋਈਆਂ ਜ਼ਿਮਨੀ ਚੋਣਾਂ ’ਚੋਂ ਕਿਸੇ ਚੋਣ ’ਚ ਦੂਜੇ ਨੰਬਰ ’ਤੇ ਰਿਹਾ ਹੋਵੇ। ਚੋਣ ਦਾ ਨਤੀਜਾ ਸ਼੍ਰੋਮਣੀ ਅਕਾਲੀ ਦਲ ਲਈ ਅਗਲੀਆਂ ਚੋਣਾਂ ਵਾਸਤੇ ਉਤਸ਼ਾਹ ਭਰਨ ਵਾਲਾ ਹੈ।
ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਗੈਂਗਸਟਰਵਾਦ ਦਾ ਮੁੱਦਾ ਸਿਆਸੀ ਸੇਕ ਲਾਉਂਦਾ ਰਿਹਾ ਪ੍ਰੰਤੂ ਹੜ੍ਹਾਂ ਦੌਰਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਿਭਾਈ ਭੂਮਿਕਾ ਨੂੰ ਵੀ ਇਸ ਹਲਕੇ ਦੇ ਲੋਕਾਂ ਨੇ ਹਾਂ ਪੱਖੀ ਰੂਪ ’ਚ ਵਿਚਾਰਿਆ ਹੈ। ਅਕਾਲੀ ਦਲ ਨੇ ਚੋਣ ਪ੍ਰਚਾਰ ਦੌਰਾਨ ਮਿਹਨਤ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਸਰਕਾਰ ਨਾਲ ਟੱਕਰ ਵੀ ਲਈ। ਵੱਡਾ ਝਟਕਾ ਸੁਖਬੀਰ ਬਾਦਲ ਦੇ ਵਿਰੋਧੀ ਧੜੇ ਨੂੰ ਲੱਗਿਆ ਹੈ ਅਤੇ ਇਹ ਚੋਣ ਸ੍ਰੀ ਬਾਦਲ ਨੂੰ ਮੁੜ ਨੇਤਾ ਦੇ ਤੌਰ ’ਤੇ ਸਥਾਪਤ ਕਰਨ ਲਈ ਭੂਮਿਕਾ ਨਿਭਾਅ ਸਕਦੀ ਹੈ।
‘ਆਪ’ ਕਾਰਜਕਾਲ ਦੌਰਾਨ ਹੁਣ ਤੱਕ ਨੌਂ ਜ਼ਿਮਨੀ ਚੋਣਾਂ ਹੋਈਆਂ ਹਨ। ਹਾਲਾਤ ਇਹ ਸਨ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਚਾਰ ਚੋਣਾਂ ਦਾ ਤਾਂ ਬਾਈਕਾਟ ਹੀ ਕਰਨਾ ਪਿਆ ਜਦੋਂ ਕਿ ਜਲੰਧਰ ਪੱਛਮੀ ਦੀ ਚੋਣ ’ਚ ਬਸਪਾ ਉਮੀਦਵਾਰ ਦੀ ਹਮਾਇਤ ਕਰਨੀ ਪਈ। ਸੰਗਰੂਰ ਲੋਕ ਸਭਾ ਦੀ ਚੋਣ ’ਚ ਤਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲੋਂ ਵੀ ਪਛੜ ਗਿਆ ਸੀ ਅਤੇ ਪੰਜਵੇਂ ਨੰਬਰ ’ਤੇ ਆਇਆ ਸੀ। ਲੋਕ ਸਭਾ ਚੋਣਾਂ 2024 ’ਚ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ ਇੱਕ ਸੀਟ ਨਸੀਬ ਹੋਈ ਸੀ ਅਤੇ 10 ਸੀਟਾਂ ’ਤੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ।
ਲੁਧਿਆਣਾ ਪੱਛਮੀ ਦੀ ਚੋਣ ’ਚ ਅਕਾਲੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਮੌਜੂਦਾ ਸਰਕਾਰ ’ਚ ਹੋਈਆਂ ਚੋਣਾਂ ’ਚੋਂ ਤਰਨ ਤਾਰਨ ’ਚ ਸਭ ਤੋਂ ਵੱਧ 25.96 ਫ਼ੀਸਦੀ ਵੋਟਾਂ ਮਿਲੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਗਰਾਫ਼ ਪਹਿਲੀ ਵਾਰ ਉੱਭਰਿਆ ਹੈ। ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਇਸ ਚੋਣ ’ਚ ਕਾਰਗੁਜ਼ਾਰੀ ਦਿਖਾ ਕੇ ਸਿਆਸੀ ਠਿੱਬੀ ਲਾਉਣ ’ਚ ਕਾਮਯਾਬ ਰਹੇ ਹਨ ਜਦੋਂ ਕਿ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਇਸ ਗੱਲੋਂ ਧਰਵਾਸ ’ਚ ਹਨ ਕਿ ਉਹ ਅਸਿੱਧੇ ਤਰੀਕੇ ’ਤੇ ਸੁਖਬੀਰ ਸਿੰਘ ਬਾਦਲ ਦੀ ਜਿੱਤ ਦੇ ਰਾਹ ਰੋਕਣ ਵਿਚ ਸਫਲ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਦੂਜੇ ਨੰਬਰ ’ਤੇ ਰਹਿਣ ਕਰਕੇ ਹੁਣ ਭਾਜਪਾ ਨਾਲ ਸਬੰਧਾਂ ਦੀ ਨਵੀਂ ਇਬਾਰਤ ਲਿਖੀ ਜਾਵੇਗੀ। ਭਾਜਪਾ ਪਿਛਲੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ’ਤੇ ਭਾਰੂ ਪੈਂਦੀ ਨਜ਼ਰ ਆ ਰਹੀ ਸੀ ਅਤੇ ਇਸ ਚੋਣ ਦਾ ਨਤੀਜਾ ਭਾਜਪਾ ਨੂੰ ਛੋਟੇ ਭਰਾ ਵਾਲੀ ਭੂਮਿਕਾ ’ਚ ਰੱਖਣ ਲਈ ਸਹਾਈ ਹੋ ਸਕਦਾ ਹੈ।
ਸ਼੍ਰੋਮਣੀ ਅਕਾਲੀ ਦਾ ਵੋਟ ਸ਼ੇਅਰ (ਜ਼ਿਮਨੀ ਚੋਣਾਂ)
ਤਰਨਤਾਰਨ 25.96 ਫ਼ੀਸਦੀ
ਲੁਧਿਆਣਾ ਪੱਛਮੀ 9.10 ਫ਼ੀਸਦੀ
ਜਲੰਧਰ ਪੱਛਮੀ ਬਸਪਾ ਨੂੰ ਹਮਾਇਤ
ਡੇਰਾ ਬਾਬਾ ਨਾਨਕ ਬਾਈਕਾਟ
ਚੱਬੇਵਾਲ ਬਾਈਕਾਟ
ਬਰਨਾਲਾ ਬਾਈਕਾਟ
ਗਿੱਦੜਬਾਹਾ ਬਾਈਕਾਟ
ਸੰਗਰੂਰ ਲੋਕ ਸਭਾ 6.24 ਫ਼ੀਸਦੀ
ਜਲੰਧਰ ਲੋਕ ਸਭਾ 17.85 ਫ਼ੀਸਦੀ

