ਚੋਣਾਂ ’ਚ ਹੇਰਾਫੇਰੀ ਲੋਕਰਾਜ ਲਈ ਵੱਡਾ ਖ਼ਤਰਾ: ਬਲਬੀਰ ਸਿੰਘ
ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਨਾਭਾ ਦੌਰੇ ਦੌਰਾਨ ਐੱਸ ਆਈ ਆਰ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਦੇਸ਼ ਵਿੱਚ ਚੋਣਾਂ ਹੁਣ ਕਿਸੇ ਪਾਰਟੀ ਦਾ ਮਸਲਾ ਨਹੀਂ। ਇਹ ਮਸਲਾ ਲੋਕਰਾਜ ਬਰਕਰਾਰ ਰਹਿਣ ਦਾ ਹੈ। ਉਨ੍ਹਾਂ ਕਿਹਾ ਕਿ ਜਿਸ...
ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਨਾਭਾ ਦੌਰੇ ਦੌਰਾਨ ਐੱਸ ਆਈ ਆਰ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਦੇਸ਼ ਵਿੱਚ ਚੋਣਾਂ ਹੁਣ ਕਿਸੇ ਪਾਰਟੀ ਦਾ ਮਸਲਾ ਨਹੀਂ। ਇਹ ਮਸਲਾ ਲੋਕਰਾਜ ਬਰਕਰਾਰ ਰਹਿਣ ਦਾ ਹੈ।
ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਹਰਿਆਣਾ, ਮਹਾਰਾਸ਼ਟਰ ਅਤੇ ਚੰਡੀਗੜ੍ਹ ਵਿੱਚ ਹੋਇਆ ਇਹ ਸਪੱਸ਼ਟ ਦੱਸਦਾ ਹੈ ਕਿਸ ਤਰ੍ਹਾਂ ਚੋਣਾਂ ਵਿੱਚ ਹੇਰਾਫੇਰੀ ਜਾਰੀ ਹੈ।
ਉਨ੍ਹਾਂ ਕਿਹਾ ਕਿ ਜੇ ਇਸੇ ਤਰੀਕੇ ਚੋਣਾਂ ਵਿੱਚ ਹੇਰਾਫੇਰੀ ਜਾਰੀ ਰਹੇਗੀ ਤਾਂ ਲੋਕਰਾਜ ਹੀ ਨਹੀਂ ਬਚਣਾ। ਇਸ ਲਈ ਸਿਰਫ਼ ਸਿਆਸੀ ਪਾਰਟੀਆਂ ਨਹੀਂ, ਬਲਕਿ ਹਰ ਖਿੱਤੇ ਦੇ ਲੋਕਾਂ ਨੂੰ ਆਵਾਜ਼ ਚੁੱਕਣੀ ਪਵੇਗੀ ਕਿਉਂਕਿ ਲੋਕਰਾਜ ਬਚਣਾ ਚਾਹੀਦਾ ਹੈ, ਪਾਰਟੀਆਂ ਤਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ।
ਉਨ੍ਹਾਂ ਕਿਹਾ ਕਿ ਐੱਸ ਆਈ ਆਰ ਬਾਰੇ ਉਹ ਪੰਜਾਬ ਵਿੱਚ ਪੂਰੀ ਤਰ੍ਹਾਂ ਚੌਕਸ ਹਨ ਅਤੇ ਆਪਣੇ ਬੰਦਿਆਂ ਨੂੰ ਸਿਖਲਾਈ ਵੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਰੇ ਕਾਨੂੰਨੀ ਅਧਿਕਾਰਾਂ ਦੀ ਵੀ ਵਰਤੋਂ ਕਰਨਗੇ ਅਤੇ ਹਰ ਸਥਿਤੀ ਲੋਕਾਂ ਦੇ ਅੱਗੇ ਰੱਖੀ ਜਾਵੇਗੀ। ਹਰ ਲੋਕਤੰਤਰੀ ਤਰੀਕੇ ਨਾਲ ਇਸ ਦਾ ਸਾਹਮਣਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਮੌਕੇ ਸੂਬੇ ਦੇ ਸਿਹਤ ਮੰਤਰੀ ਵਜੋਂ ਡਾ. ਬਲਬੀਰ ਨੇ ਡਾਕਟਰਾਂ ਦੀ ਘਾਟ ਬਾਰੇ ਦੱਸਿਆ ਕਿ ਉਨ੍ਹਾਂ 1000 ਡਾਕਟਰ ਭਰਤੀ ਕੀਤੇ ਸਨ। ਇਨ੍ਹਾਂ ਵਿੱਚੋਂ 472 ਨੇ ਜੁਆਇਨ ਕੀਤਾ। ਉਨ੍ਹਾਂ ਕਿਹਾ ਕਿ ਨਿੱਜੀ ਖੇਤਰ ਦੀਆਂ ਤਨਖ਼ਾਹਾਂ ਅੱਗੇ ਡਾਕਟਰ ਨੂੰ ਸਰਕਾਰੀ ਸੇਵਾਵਾਂ ’ਚ ਰੱਖ ਪਾਉਣਾ ਮੁਸ਼ਕਿਲ ਹੋ ਰਿਹਾ ਹੈ। ਡਾਕਟਰ 20 ਲੱਖ ਰੁਪਏ ਦੇ ਬਾਂਡ ਦੀ ਥਾਂ 21 ਲੱਖ ਦੇ ਕੇ ਵੀ ਜਾਣ ਨੂੰ ਤਿਆਰ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।