ਇੱਥੋਂ ਨੇੜਲੇ ਪਿੰਡ ਸੰਗਤਪੁਰਾ ਵਿੱਚ ਅੱਜ ਸਵੇਰੇ ਮੀਂਹ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ। ਇਸ ਕਾਰਨ ਇੱਕ ਬਿਰਧ ਔਰਤ ਦੀ ਮੌਤ ਹੋ ਗਈ ਅਤੇ ਉਸ ਦੀ ਧੀ ਜ਼ਖ਼ਮੀ ਹੋ ਗਈ। ਜ਼ਿਕਰਯੋਗ ਹੈ ਕਿ ਬਿਰਧ ਔਰਤ ਆਪਣੀ ਧੀ ਦੇ ਘਰ ਆਈ ਹੋਈ ਸੀ।
ਜਾਣਕਾਰੀ ਅਨੁਸਾਰ ਸਵੇਰ ਕਰੀਬ 4 ਵਜੇ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਸੁਖਪਾਲ ਸਿੰਘ ਪੁੱਤਰ ਸੌਣ ਸਿੰਘ ਦੇ ਘਰ ਦੀ ਛੱਤ ਡਿੱਗ ਗਈ। ਇਸ ਦੌਰਾਨ ਸੁਖਪਾਲ ਸਿੰਘ ਦੀ ਸੱਸ ਕਰਮਜੀਤ ਕੌਰ (60) ਦੀ ਮੌਤ ਹੋ ਗਈ। ਇਸ ਮੌਕੇ ਸੁਖਪਾਲ ਸਿੰਘ ਦੀ ਪਤਨੀ ਮਨਦੀਪ ਕੌਰ ਜ਼ਖ਼ਮੀ ਹੋ ਗਈ।
ਉਸ ਨੂੰ ਸਿਵਲ ਹਸਪਤਾਲ ਲਹਿਰਾਗਾਗਾ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਸੰਗਰੂਰ ਭੇਜ ਦਿੱਤਾ ਗਿਆ। ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਪੈ ਰਹੀ ਭਾਰੀ ਬਾਰਸ਼ ਕਾਰਨ ਪਿੰਡ ਦੇ ਕਾਫ਼ੀ ਘਰਾਂ ਦਾ ਨੁਕਸਾਨ ਹੋਇਆ ਹੈ।
ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ; ਇੱਕ ਹਲਾਕ, ਦੋ ਜ਼ਖ਼ਮੀ
ਕਾਲਾਂਵਾਲੀ (ਪੱਤਰ ਪ੍ਰੇਰਕ): ਖੇਤਰ ਦੇ ਪਿੰਡ ਰੋਹੀੜਾਂਵਾਲੀ ਵਿੱਚ ਮੀਂਹ ਕਾਰਨ ਘਰ ਦੀ ਛੱਤ ਡਿੱਗ ਗਈ। ਇਸ ਕਾਰਨ ਇੱਕ ਲੜਕੀ ਦੀ ਮੌਤ ਹੋ ਗਈ ਜਦੋਂਕਿ ਉਸ ਦੀ ਮਾਂ ਅਤੇ ਭੈਣ ਜ਼ਖਮੀ ਹੋ ਗਈਆਂ। ਬੀਤੀ ਰਾਤ ਬਲਵੰਤ ਸਿੰਘ ਦੀ ਪਤਨੀ ਗੁੱਡੀ ਦੇਵੀ ਆਪਣੀਆਂ ਦੋ ਧੀਆਂ ਸਰਲਾ ਅਤੇ ਕੌਸ਼ੱਲਿਆ ਨਾਲ ਕਮਰੇ ਵਿੱਚ ਸੌਂ ਰਹੀ ਸੀ। ਰਾਤ ਲਗਪਗ 11.30 ਵਜੇ ਕਮਰੇ ਦੀ ਛੱਤ ਅਚਾਨਕ ਡਿੱਗ ਗਈ। ਇਸ ਹਾਦਸੇ ਵਿੱਚ ਗੁੱਡੀ ਦੇਵੀ ਅਤੇ ਉਸ ਦੀਆਂ ਦੋ ਧੀਆਂ ਮਲਬੇ ਹੇਠ ਦੱਬੀਆਂ ਗਈਆਂ। ਇਸ ਦੌਰਾਨ ਗੁੱਡੀ ਦੇਵੀ ਦੀ ਵੱਡੀ ਧੀ ਸਰਲਾ ਦੇਵੀ (40) ਦੀ ਮੌਤ ਹੋ ਗਈ। ਗੁੱਡੀ ਦੇਵੀ ਅਤੇ ਉਸ ਦੀ ਧੀ ਕੌਸ਼ੱਲਿਆ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮ੍ਰਿਤਕਾ ਸਰਲਾ ਦੇਵੀ ਅਪਾਹਜ ਸੀ।