ਬਰਸਾਤੀ ਪਾਣੀ ਦੇ ਨਿਕਾਸ ਤੋਂ ਹੋਏ ਝਗੜੇ ਕਾਰਨ ਬਜ਼ੁਰਗ ਔਰਤ ਬੰਤ ਕੌਰ ਦੀ ਮੌਤ ਹੋ ਗਈ। ਸਿਟੀ ਪੁਲੀਸ ਦੇ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪੁੱਤਰ ਜਸਵੀਰ ਸਿੰਘ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਕੱਲ੍ਹ ਭਾਰੀ ਬਰਸਾਤ ਕਾਰਨ ਉਨ੍ਹਾਂ ਦੇ ਘਰ ਦੇ ਨੇੜੇ ਰਹਿੰਦੇ ਛੋਟਾ ਸਿੰਘ, ਉਸ ਦੇ ਪੁੱਤਰ ਗੋਗੀ ਅਤੇ ਬਿੱਕਰ ਨੇ ਸੀਵਰੇਜ ਦੀ ਹੌਦੀ ਨੂੰ ਮਿੱਟੀ ਨਾਲ ਬੰਦ ਕਰ ਦਿੱਤਾ। ਇਹ ਦੇਖ ਕੇ ਉਨ੍ਹਾਂ ਨੇ ਵੀ ਆਪਣੇ ਘਰ ਨੂੰ ਪਾਣੀ ਤੋਂ ਬਚਾਉਣ ਲਈ ਕੰਧ ਨਾਲ ਮਿੱਟੀ ਲਗਾ ਦਿੱਤੀ। ਇਸ ਕਾਰਨ ਉਸ ਦੇ ਚਾਚੇ ਛੋਟਾ ਸਿੰਘ ਤੇ ਚਚੇਰੇ ਭਰਾਵਾਂ ਨਾਲ ਉਸ ਦੀ ਤਕਰਾਰ ਹੋ ਗਈ। ਉਸ ਦੀ ਮਾਤਾ ਬੰਤ ਕੌਰ ਜਦੋਂ ਉਨ੍ਹਾਂ ਨੂੰ ਛੁਡਾਉਣ ਆਈ ਤਾਂ ਉਹ ਗਲੀ ਵਿੱਚ ਡਿੱਗ ਗਈ। ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਧਿਕਾਰੀ ਅਨੁਸਾਰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।