ਪਿੰਡ ਚੰਗੇਰਾ ਵਿੱਚ ਪੇਚਿਸ਼ ਫੈਲਣ ਕਾਰਨ ਬਜ਼ੁਰਗ ਦੀ ਮੌਤ
ਨਜ਼ਦੀਕੀ ਪਿੰਡ ਚੰਗੇਰਾ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਪੇਚਿਸ਼ ਫੈਲਿਆ ਹੋਇਆ ਹੈ। ਦਸਤ ਅਤੇ ਉਲਟੀਆਂ ਕਾਰਨ ਸਰਵਣ ਸਿੰਘ (65) ਦੀ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿੱਚ ਮੌਤ ਹੋ ਗਈ ਹੈ ਜਦਕਿ ਦੋ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਵਿੱਚੋਂ ਗੁਰਪਾਲ ਸਿੰਘ (66) ਨੀਲਮ ਹਸਪਤਾਲ ਦੇ ਆਈਸੀਯੂ ਵਿੱਚ ਜ਼ੇਰੇ ਇਲਾਜ ਹੈ। ਇਸ ਦੌਰਾਨ ਇੱਕ ਬੱਚੇ ਸਣੇ ਕਈ ਮਰੀਜ਼ਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ ਅਤੇ ਅੱਧੀ ਦਰਜਨ ਤੋਂ ਵੱਧ ਘਰਾਂ ਦੇ ਕਈ ਵਿਅਕਤੀ ਹਾਲੇ ਵੀ ਦਸਤ ਅਤੇ ਉਲਟੀਆਂ ਤੋਂ ਪੀੜਤ ਹਨ। ਮ੍ਰਿਤਕ ਦੇ ਪਰਿਵਾਰ ਦੇ ਸੱਤ ਮੈਂਬਰਾਂ ਸਣੇ ਪੰਜ ਦਰਜਨ ਪਿੰਡ ਵਾਸੀ ਹੁਣ ਠੀਕ ਹੋ ਚੁੱਕੇ ਹਨ।
ਅੱਜ ਪੱਤਰਕਾਰਾਂ ਵੱਲੋਂ ਸਿਹਤ ਵਿਭਾਗ ਤੇ ਪ੍ਰਸ਼ਾਸਨ ਨੂੰ ਸੂਚਿਤ ਕਰਨ ਮਗਰੋਂ ਬਾਅਦ ਦੁਪਹਿਰ ਸਿਹਤ ਵਿਭਾਗ ਦੀਆਂ ਟੀਮਾਂ ਪਿੰਡ ਪੁੱਜੀਆਂ ਅਤੇ ਘਰੋਂ-ਘਰੀਂ ਸਰਵੇਖਣ ਆਰੰਭ ਕੀਤਾ। ਐੱਸਡੀਐੱਮ ਰਾਜਪੁਰਾ ਅਭਿਸ਼ੇਕ ਗੁਪਤਾ ਨੇ ਵੀ ਪਿੰਡ ਦਾ ਦੌਰਾ ਕੀਤਾ ਅਤੇ ਟੈਂਕੀ ਦੇ ਪਾਣੀ ਦੀ ਸਪਲਾਈ ਬੰਦ ਕਰਕੇ ਸਮੁੱਚੇ ਪਾਣੀ ਦੇ ਸੈਂਪਲ ਲੈਣ ਅਤੇ ਟੈਂਕਰਾਂ ਰਾਹੀਂ ਪਿੰਡ ਵਾਸੀਆਂ ਨੂੰ ਪੀਣ ਲਈ ਪਾਣੀ ਮੁਹੱਈਆ ਕਰਾਉਣ ਦੀ ਤਾਕੀਦ ਕੀਤੀ। ਉਨ੍ਹਾਂ ਪਾਣੀ ਵਾਲੀਆਂ ਲਾਈਨਾਂ ਦੀ ਸਫ਼ਾਈ ਕਰਨ ਦੀ ਵੀ ਹਦਾਇਤ ਕੀਤੀ।
ਪਿੰਡ ਵਾਸੀਆਂ ਨੰਬਰਦਾਰ ਅਵਤਾਰ ਸਿੰਘ, ਤਲਵਿੰਦਰ ਸਿੰਘ, ਨਾਹਰ ਸਿੰਘ, ਰਣਜੀਤ ਸਿੰਘ, ਸੰਦੀਪ ਸ਼ੈਲੀ, ਬਲਵਿੰਦਰ ਕੌਰ, ਜਸਪ੍ਰੀਤ ਸਿੰਘ, ਸਲਿੰਦਰਜੀਤ ਕੌਰ ਤੇ ਤੇਜਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਪੰਦਰਾਂ ਦਿਨਾਂ ਤੋਂ ਜਲ ਸਪਲਾਈ ਵਿਭਾਗ ਵੱਲੋਂ ਪਿੰਡ ਨੂੰ ਨਹਿਰੀ ਪਾਣੀ ਨਾਲ ਜੋੜਨ ਲਈ ਪਾਈਪਲਾਈਨ ਪਾਈ ਜਾ ਰਹੀ ਹੈ। ਜ਼ਿਆਦਾ ਬਾਰਿਸ਼ ਹੋਣ ਕਾਰਨ ਪੁਰਾਣੀ ਪਾਈਪਲਾਈਨ ਨਾਲ ਇਸ ਨੂੰ ਜੋੜ ਕੇ ਅੱਧ ਵਿਚਾਲੇ ਛੱਡ ਦਿੱਤਾ ਗਿਆ ਤੇ ਫਿਰ ਕੰਮ ਦੀ ਉਡੀਕ ਵਿੱਚ ਖੱਡੇ ਖੁੱਲ੍ਹੇ ਛੱਡ ਦਿੱਤੇ ਗਏ। ਇਸ ਕਾਰਨ ਪਿੰਡ ਵਿੱਚ ਉਦੋਂ ਤੋਂ ਦੂਸ਼ਿਤ ਪਾਣੀ ਸਪਲਾਈ ਹੋ ਰਿਹਾ ਹੈ ਜਿਸ ਕਾਰਨ ਡਾਇਰੀਆ ਫੈਲਿਆ। ਉਨ੍ਹਾਂ ਦੋਸ਼ ਲਾਇਆ ਕਿ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੂਚਿਤ ਕਰਨ ਦੇ ਬਾਵਜੂਦ ਕਿਸੇ ਨੇ ਧਿਆਨ ਨਹੀਂ ਦਿੱਤਾ।
ਸਾਬਕਾ ਵਿਧਾਇਕ ਹਰਦਿਆਲ ਕੰਬੋਜ ਨੇ ਚੁੱਕੇ ਸਵਾਲ
ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਹੋਰਨਾਂ ਮਰੀਜ਼ਾਂ ਦਾ ਵੀ ਹਾਲ-ਚਾਲ ਪੁੱਛਿਆ। ਉਨ੍ਹਾਂ ਸਿਵਲ ਸਰਜਨ, ਐੱਸਡੀਐੱਮ, ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਕਰ ਕੇ ਤੁਰੰਤ ਪਿੰਡ ਦੇ ਪਾਣੀ ਦੀ ਸਪਲਾਈ ਠੀਕ ਕਰਾਉਣ ਅਤੇ ਲੋੜਵੰਦਾਂ ਦੇ ਇਲਾਜ ਲਈ ਆਖਿਆ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪਹਿਲਾਂ ਪਟਿਆਲਾ ਅਤੇ ਹੁਣ ਚੰਗੇਰਾ ਵਿੱਚ ਡਾਇਰੀਆ ਨਾਲ ਹੋਈਆਂ ਮੌਤਾਂ ਅਤੇ ਫੈਲੀ ਬਿਮਾਰੀ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।