ਸਰਬਜੀਤ ਸਿੰਘ ਭੱਟੀ
ਇਥੋਂ ਨੇੜਲੇ ਪਿੰਡ ਟਿਵਾਣਾ ਵਿੱਚ ਬੀਤੀ 18 ਨਵੰਬਰ ਨੂੰ ਗੁਆਂਢੀਆਂ ਨਾਲ ਹੋਏ ਝਗੜੇ ਮਗਰੋਂ ਕੁੱਟਮਾਰ ਦੌਰਾਨ ਜ਼ਖਮੀ 87 ਸਾਲਾ ਦਲਿਤ ਬਜ਼ੁਰਗ ਲੱਜਾ ਰਾਮ ਦੀ ਅੱਜ ਅੰਬਾਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਮਗਰੋਂ ਦਲਿਤਾਂ ਨੇ ਵੱਡੀ ਗਿਣਤੀ ਵਿੱਚ ਲਾਲੜੂ ਥਾਣੇ ਇਕੱਠੇ ਹੋ ਕੇ ਇਨਸਾਫ਼ ਦੀ ਮੰਗ ਕੀਤੀ। ਪੁਲੀਸ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ 18 ਨਵੰਬਰ ਨੂੰ ਲੱਜਾ ਰਾਮ ਅਤੇ ਉਸ ਦੇ ਪਰਿਵਾਰਕ ਮੈਂਬਰ ਖੇਤਾਂ ’ਚੋਂ ਪਸ਼ੂਆਂ ਲਈ ਚਾਰਾ ਲੈਣ ਗਏ ਸਨ। ਉੱਥੇ ਪਿੰਡ ਦੇ ਹੀ ਦੀਪਕ ਕੁਮਾਰ ਨਾਲ ਉਨ੍ਹਾਂ ਦੀ ਕਿਸੇ ਗੱਲੋਂ ਤਕਰਾਰ ਹੋ ਗਈ। ਇਸ ਦੌਰਾਨ ਹੋਈ ਕੁੱਟਮਾਰ ਵਿੱਚ ਦੀਪਕ ਕੁਮਾਰ ਨੇ ਬਜ਼ੁਰਗ ਲੱਜਾ ਰਾਮ ਦੇ ਹੱਥ ’ਤੇ ਜ਼ੋਰ ਨਾਲ ਦੰਦੀ ਵੱਢ ਦਿੱਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਪਹਿਲਾਂ ਸਿਵਲ ਹਸਪਤਾਲ ਡੇਰਾਬੱਸੀ ਅਤੇ ਬਾਅਦ ਵਿੱਚ ਅੰਬਾਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਅੱਜ ਉਸ ਨੇ ਦਮ ਤੋੜ ਦਿੱਤਾ। ਇਸ ਘਟਨਾ ਦੇ ਰੋਸ ਵਜੋਂ ਵੱਡੀ ਗਿਣਤੀ ਲੋਕਾਂ ਨੇ ਲਾਸ਼ ਥਾਣੇ ਅੱਗੇ ਰੱਖ ਕੇ ਇਨਸਾਫ ਦੀ ਮੰਗ ਕੀਤੀ। ਥਾਣਾ ਮੁਖੀ ਇੰਸਪੈਕਟਰ ਰਣਬੀਰ ਸਿੰਘ ਸੰਧੂ ਨੇ ਦੱਸਿਆ ਕਿ ਪੋਸਟਮਾਰਟਮ ਤਿੰਨ ਡਾਕਟਰਾਂ ਦੇ ਬੋਰਡ ਤੋਂ ਕਰਵਾਇਆ ਗਿਆ ਹੈ। ਲੱਜਾ ਰਾਮ ਦੇ ਪੁੱਤਰਾਂ ਰਾਕੇਸ਼ ਕੁਮਾਰ, ਸੁਰੇਸ਼ ਅਤੇ ਸੁਭਾਸ਼ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਦੀਪਕ ਕੁਮਾਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

