ਘਰ ਡਿੱਗਣ ਕਾਰਨ ਬਜ਼ੁਰਗ ਦੰਪਤੀ ਦੀ ਮੌਤ, ਬੱਚਾ ਜ਼ਖ਼ਮੀ
ਪੰਜਾਬ ਅੰਦਰ ਜਿੱਥੇ ਇੱਕ ਪਾਸੇ ਹੜ੍ਹ ਦਾ ਕਹਿਰ ਹੈ, ਉੱਥੇ ਲਗਾਤਾਰ ਮੀਂਹ ਪੈਣ ਕਾਰਨ ਇਮਾਰਤਾਂ ਡਿੱਗਣ ਨਾਲ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਬੀਤੀ ਰਾਤ ਤਪਾ ਦੇ ਪਿੰਡ ਮੌੜ ਨਾਭਾ ਵਿਖੇ ਘਰ ਦੀ ਛੱਤ ਡਿੱਗਣ ਕਾਰਨ ਮਜ਼ਦੂਰ ਪਤੀ-ਪਤਨੀ ਦੀ ਮੌਤ ਹੋ ਗਈ, ਜਦਕਿ ਉਹਨਾਂ ਦਾ ਪੋਤਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਮ੍ਰਿਤਕ ਦੇ ਪੁੱਤਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਸਦੀ ਮਾਤਾ ਨਿੰਦਰ ਕੌਰ, ਪਿਤਾ ਕਰਨੈਲ ਸਿੰਘ ਅਤੇ 12 ਸਾਲਾ ਪੁੱਤਰ ਮਹਿਕ ਸਿੰਘ ਘਰ ਦੇ ਇੱਕ ਕਮਰੇ ਵਿੱਚ ਸੌਂ ਰਹੇ ਸਨ, ਜਦੋਂ ਅਚਾਨਕ ਕਮਰੇ ਦੀ ਛੱਤ ਉਨ੍ਹਾਂ ਉੱਤੇ ਡਿੱਗ ਪਈ। ਉਨ੍ਹਾਂ ਦੱਸਿਆ ਕਿ ਪਰਿਵਾਰ ਅਤੇ ਗੁਆਂਢੀਆਂ ਨੇ ਜ਼ਖਮੀਆਂ ਨੂੰ ਤੁਰੰਤ ਮਲਬੇ ਹੇਠਾਂ ਤੋਂ ਕੱਢਿਆ ਅਤੇ ਤਪਾ ਦੇ ਸਰਕਾਰੀ ਹਸਪਤਾਲ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਹਾਂ ਬਜ਼ੁਰਗਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦਕਿ ਉਸ ਦੇ ਪੁੱਤਰ ਦੇ ਸੱਟਾਂ ਲੱਗੀਆਂ ਹਨ, ਜਿਸਦਾ ਇਲਾਜ ਚੱਲ ਰਿਹਾ ਹੈ। ਉਸ ਨੇ ਕਿਹਾ ਕਿ ਪਰਿਵਾਰ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਹੈ ਅਤੇ ਹੁਣ ਉਨ੍ਹਾਂ ਦੇ ਸਿਰ ’ਤੇ ਛੱਤ ਵੀ ਨਹੀਂ ਰਹੀ। ਉਨ੍ਹਾਂ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।