ਜਗਤਾਰ ਸਿੰਘ ਲਾਂਬਾ
ਧੋਖਾਧੜੀ ਦਾ ਸ਼ਿਕਾਰ ਹੋਣ ਮਗਰੋਂ ਦੁਬਈ ਤੋਂ ਡਿਪੋਰਟ ਕੀਤੇ ਗਏ 8 ਨੌਜਵਾਨਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਆਪਣੇ ਖਰਚੇ ’ਤੇ ਘਰ ਪੁੱਜਦਾ ਕੀਤਾ ਹੈ। ਇਨ੍ਹਾਂ ਵਿਅਕਤੀਆਂ ਵਿੱਚ ਕਪੂਰਥਲਾ ਜ਼ਿਲ੍ਹੇ ਦੇ ਆਤਮਾ ਸਿੰਘ, ਜਲੰਧਰ ਜ਼ਿਲ੍ਹੇ ਨਾਲ ਸਬੰਧਤ ਵਿਜੈ ਕੁਮਾਰ, ਹਰਬੰਸ ਲਾਲ, ਗਗਨ ਕੁਮਾਰ, ਵਿਜੈ ਕੁਮਾਰ, ਗਗਨ ਕੁਮਾਰ ਪੁੱਤਰ ਬਿੰਦਰ, ਬੱਗਾ ਪ੍ਰਕਾਸ਼ ਤੇ ਅਜੈ ਕੁਮਾਰ ਸ਼ਾਮਲ ਹਨ। ਸ੍ਰੀ ਓਬਰਾਏ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਨਾਲ ਟੈਲੀਫੋਨ ’ਤੇ ਸੰਪਰਕ ਕਰ ਕੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਮਗਰੋਂ ਉਨ੍ਹਾਂ ਇਨ੍ਹਾਂ ਸਾਰਿਆਂ ਨੂੰ ਚੇਨੱਈ ਤੋਂ ਅੰਮ੍ਰਿਤਸਰ ਤੱਕ ਹਵਾਈ ਟਿਕਟਾਂ ਲੈ ਕੇ ਦੇਣ ਤੋਂ ਇਲਾਵਾ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੋਂ ਗੱਡੀ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਪੁੱਜਦਾ ਕੀਤਾ। ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਨੇ ਹਵਾਈ ਅੱਡੇ ’ਤੇ ਪਹੁੰਚੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਨੌਜਵਾਨਾਂ ਨੇ ਦੱਸਿਆ ਕਿ ਕੰਪਨੀ ਦੇ ਮਾਲਕ ਨੇ ਕੰਮ ਕਰਵਾਉਣ ਦੇ ਬਾਵਜੂਦ ਤਿੰਨ ਮਹੀਨਿਆਂ ਦੀ ਤਨਖ਼ਾਹ ਨਹੀਂ ਦਿੱਤੀ, ਸਗੋਂ ਸਾਡੇ ਕਮਰੇ ਦੀ ਲਾਈਟ ਤੱਕ ਬੰਦ ਕਰਵਾ ਕੇ ਪ੍ਰੇਸ਼ਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਦ ਉਹ ਆਪਣਾ ਹੱਕ ਲੈਣ ਲਈ ਉੱਥੋਂ ਦੀ ਲੇਬਰ ਕੋਰਟ ਗਏ ਤਾਂ ਉਨ੍ਹਾਂ ਨੂੰ ਪੁਲੀਸ ਕੋਲ ਭੇਜ ਦਿੱਤਾ ਗਿਆ, ਜਿਥੇ ਉਨ੍ਹਾਂ ਨੂੰ 11 ਦਿਨਾਂ ਲਈ ਜੇਲ੍ਹ ਭੇਜ ਕੇ, ਉਥੋਂ ਸਿੱਧਾ ਡਿਪੋਰਟ ਕਰ ਕੇ ਚੇਨੱਈ ਭੇਜ ਦਿੱਤਾ ਗਿਆ।