ਮੁਹਾਲੀ ਜ਼ਿਲ੍ਹੇ ’ਚ ਸ਼ਾਮਲ ਪਟਿਆਲਾ ਦੇ ਅੱਠ ਪਿੰਡ ਬਨੂੜ ਸਬ-ਤਹਿਸੀਲ ਨਾਲ ਜੁੜੇ
ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਪਟਿਆਲਾ ਜ਼ਿਲ੍ਹੇ ਦੇ ਅੱਠ ਪਿੰਡ ਮੁਹਾਲੀ ਵਿੱਚ ਸ਼ਾਮਲ ਕੀਤੇ ਗਏ ਸਨ। ਹੁਣ ਇਨ੍ਹਾਂ ਪਿੰਡਾਂ ਮਾਣਕਪੁਰ, ਖੇੜਾ ਗੱਜੂ, ਲੇਹਲਾਂ, ਗੁਰਦਿੱਤਪੁਰਾ (ਨੱਤਿਆਂ), ਹਦਾਇਤਪੁਰਾ, ਉੱਚਾ ਖੇੜਾ, ਊਰਨਾ ਅਤੇ ਚੰਗੇਰਾ ਨੂੰ ਮੁਹਾਲੀ ਜ਼ਿਲ੍ਹੇ ਦੀ ਬਨੂੜ ਤਹਿਸੀਲ ਨਾਲ ਜੋੜਿਆ ਗਿਆ ਹੈ। ਹੁਣ ਇਨ੍ਹਾਂ ਪਿੰਡਾਂ ਦੇ ਸਾਰੇ ਕੰਮ ਬਨੂੜ ਸਬ-ਤਹਿਸੀਲ ਵਿੱਚ ਹੀ ਹੋਣਗੇ ਅਤੇ ਇਨ੍ਹਾਂ ਪਿੰਡਾਂ ਦੇ ਸਰਕਾਰੀ ਸਕੂਲ, ਆਂਗਣਵਾੜੀਆਂ, ਪੰਚਾਇਤਾਂ ਅਤੇ ਹੋਰ ਸਰਕਾਰੀ ਅਦਾਰੇ ਮੁਹਾਲੀ ਜ਼ਿਲ੍ਹੇ ਨਾਲ ਜੁੜ ਜਾਣਗੇ। ਇਨ੍ਹਾਂ ਪਿੰਡਾਂ ਦੇ ਮਾਲ ਵਿਭਾਗ ਨਾਲ ਸਬੰਧਤ ਰਜਿਸਟਰੀਆਂ ਸਮੇਤ ਸਾਰੇ ਕੰਮ-ਕਾਜ ਰਾਜਪੁਰਾ ਸਬ-ਡਿਵੀਜ਼ਨ ਦੀ ਥਾਂ ਬਨੂੜ ਸਬ-ਤਹਿਸੀਲ ਵਿੱਚ ਹੋਣਗੇ। ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ, ਵਧੀਕ ਡਿਪਟੀ ਕਮਿਸ਼ਨਰ ਅਤੇ ਐੱਸਡੀਐੱਮ ਨੂੰ ਲਿਖਤੀ ਪੱਤਰ ਭੇਜ ਕੇ ਜਾਣੂ ਕਰਵਾਇਆ ਗਿਆ ਹੈ।
ਉਨ੍ਹਾਂ ਪੱਤਰ ਵਿੱਚ ਲਿਖਿਆ ਕਿ ਪੰਜਾਬ ਸਰਕਾਰ ਦੇ ਫ਼ੈਸਲੇ ਤਹਿਤ ਇਨ੍ਹਾਂ ਪਿੰਡਾਂ ਨੂੰ ਪਟਿਆਲਾ ਜ਼ਿਲ੍ਹੇ ਵਿੱਚੋਂ ਕੱਢ ਕੇ ਮੁਹਾਲੀ ਜ਼ਿਲ੍ਹੇ ਨਾਲ ਜੋੜਿਆ ਜਾ ਚੁੱਕਾ ਹੈ। ਇਸ ਸਬੰਧੀ ਪੰਜਾਬ ਸਰਕਾਰ ਨੋਟੀਫਿਕੇਸ਼ਨ ਵੀ ਜਾਰੀ ਕਰ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਰਾਜਪੁਰਾ ਦੇ ਉੱਚ ਅਧਿਕਾਰੀਆਂ ਨੂੰ ਵੀ ਇਸ ਸਬੰਧੀ ਜਾਣੂ ਕਰਵਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਪਿੰਡਾਂ ਦੇ ਸਾਰੇ ਕੰਮ ਹਾਲੇ ਪਟਿਆਲਾ ਜ਼ਿਲ੍ਹੇ ਨਾਲ ਹੀ ਚੱਲ ਰਹੇ ਸਨ। ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਨੋਟਿਸ ਜਾਰੀ ਕਰਨ ਮਗਰੋਂ ਮੁਹਾਲੀ ਸਬ-ਡਿਵੀਜ਼ਨ ਅਤੇ ਸਬ-ਤਹਿਸੀਲ ਬਨੂੜ ਵਿੱਚ ਸ਼ਾਮਲ ਹੋਏ ਇਨ੍ਹਾਂ ਪਿੰਡਾਂ ਦੇ ਸਾਰੇ ਕੰਮ ਹੁਣ ਮੁਹਾਲੀ ਜ਼ਿਲ੍ਹੇ ਵਿੱਚ ਹੀ ਹੋਣਗੇ।