DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਢੇ ਚਾਰ ਮਹੀਨਿਆਂ ਬਾਅਦ ਅੱਠ ਹੜਤਾਲੀ ਅਫ਼ਸਰ ਬਹਾਲ

ਕਲਮਛੋੜ ਹੜਤਾਲ ਵੇਲੇ ਸਰਕਾਰ ਨੇ ਕੀਤੇ ਸਨ ਮੁਅੱਤਲ; ਮਹਿਲਾ ਅਫ਼ਸਰਾਂ ਦੇ ਘਰਾਂ ਨੇੜੇ ਤਬਾਦਲੇ
  • fb
  • twitter
  • whatsapp
  • whatsapp
Advertisement

ਮਹਿੰਦਰ ਸਿੰਘ ਰੱਤੀਆਂ

ਕਰੀਬ 5 ਮਹੀਨੇ ਪਹਿਲਾਂ ਵਿਜੀਲੈਂਸ ਬਿਊਰੋ ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਪੰਜਾਬ ਰੈਵੇਨਿਊ ਆਫ਼ੀਸਰਜ਼ ਐਸੋਸੀਏਸ਼ਨ ਨੇ ਸੰਘਰਸ਼ ਵਿੱਢਿਆ ਸੀ। ਅੰਦੋਲਨ ਦੌਰਾਨ ਮੁਅੱਤਲ ਕੀਤੇ ਗਏ ਮਾਲ ਅਫ਼ਸਰਾਂ ਦੀ ਸਾਢੇ ਚਾਰ ਮਹੀਨੇ ਬਾਅਦ ਬਹਾਲੀ ਹੋਈ ਹੈ। ਉਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਲ ਅਫ਼ਸਰਾਂ ਦੀ ਸਮੂਹਿਕ ਹੜਤਾਲ ਅਤੇ ਅਫ਼ਸਰਾਂ ਵੱਲੋਂ ਕੀਤੇ ਗਏ ਜ਼ਮੀਨੀ ਰਜਿਸਟਰੀਆਂ ਦੇ ਬਾਈਕਾਟ ਦਾ ਗੰਭੀਰ ਨੋਟਿਸ ਲਿਆ ਸੀ। ਮੁੱਖ ਮੰਤਰੀ ਨੇ ਇਸ ਵਰ੍ਹੇ 5 ਮਾਰਚ ਨੂੰ 14 ਮਾਲ ਅਫ਼ਸਰ ਮੁਅੱਤਲ ਕਰ ਦਿੱਤੇ ਸਨ। ਦੂਜੇ ਪਾਸੇ, ਮੁਅੱਤਲ ਮਾਲ ਅਫ਼ਸਰ ਇਹ ਦਾਅਵਾ ਕਰਦੇ ਰਹੇ ਕਿ ਉਹ ਤਾਂ ਡਿਊਟੀ ’ਤੇ ਹਾਜ਼ਰ ਹਨ।

Advertisement

ਉਨ੍ਹਾਂ ਨੇ ਸਿਰਫ਼ ਜ਼ਮੀਨੀ ਰਜਿਸਟਰੀਆਂ ਦਾ ਕੰਮ ਹੀ ਰੋਕਿਆ ਸੀ ਬਾਕੀ ਸਾਰਾ ਕੰਮ ਉਹ ਕਰ ਰਹੇ ਸਨ। ਸੂਬਾ ਸਰਕਾਰ ਨੇ ਸਮੂਹ ਰੈਵੇਨਿਊ ਅਫ਼ਸਰਾਂ ਨੂੰ ਸ਼ਾਮ 5 ਵਜੇ ਤੱਕ ਡਿਊਟੀ ’ਤੇ ਪਰਤਣ ਦੀ ਹਦਾਇਤ ਕੀਤੀ ਸੀ। ਅਫ਼ਸਰਾਂ ਵੱਲੋਂ ਦਫ਼ਤਰ ’ਚ ਨਾ ਮੁੜਨ ’ਤੇ ਡਿਪਟੀ ਕਮਿਸ਼ਨਰਾਂ ਤੋਂ ਰਿਪੋਰਟ ਹਾਸਲ ਕਰ ਕੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇੰਨਾ ਹੀ ਨਹੀਂ, 58 ਤਹਿਸੀਲਦਾਰਾਂ ਅਤੇ 177 ਨਾਇਬ ਤਹਿਸੀਲਦਾਰਾਂ ਦੇ ਸੂਬੇ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤਬਾਦਲੇ ਕਰ ਦਿੱਤੇ। ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਸਰਕਾਰ ਨੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਦੂਰ-ਦਰਾਡੇ ਬਦਲੀ ਕੀਤੀ ਹੋਵੇ। ਹੁਣ ਸੂਬਾ ਸਰਕਾਰ ਕੁਝ ਮਹਿਲਾ ਮਾਲ ਅਫ਼ਸਰਾਂ ਉੱਤੇ ਮਿਹਰਬਾਨ ਹੋਈ ਹੈ। ਬਹਾਲ ਕੀਤੇ ਗਏ ਹੜਤਾਲੀ ਨਾਇਬ ਤਹਿਸੀਲਦਾਰਾਂ ਦੇ ਨਾਲ ਮਹਿਲਾ ਮਾਲ ਅਫ਼ਸਰਾਂ ਦੇ ਤਬਾਦਲੇ ਵੀ ਉਨ੍ਹਾਂ ਦੇ ਘਰਾਂ ਨੇੜੇ ਕਰ ਦਿੱਤੇ ਹਨ। ਪੰਜਾਬ ਸਰਕਾਰ ਮਾਲ ਪੁਨਰਵਾਸ ਤੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੱਲੋਂ ਜਾਰੀ ਹੁਕਮਾਂ ਵਿੱਚ ਮੋਗਾ ਜ਼ਿਲ੍ਹੇ ਦੀ ਧਰਮਕੋਟ ਤੋਂ ਮੁਅੱਤਲ ਰਮੇਸ਼ ਢੀਂਗਰਾ ਨੂੰ ਦਸੂਹਾ ਅਤੇ ਬਹਾਲੀ ਉਪਰੰਤ ਅਮਰਪ੍ਰੀਤ ਸਿੰਘ ਨੂੰ ਖਨੌਰੀ, ਹਮੀਸ਼ ਕੁਮਾਰ ਨੂੰ ਲੌਂਗੋਵਾਲ, ਰਣਜੀਤ ਸਿੰਘ ਖਹਿਰਾ ਨੂੰ ਵਿਜੀਲੈਂਸ ਬਿਊਰੋ, ਬਲਵਿੰਦਰ ਸਿੰਘ ਨੂੰ ਲੋਹੀਆਂ, ਸੁਖਵਿੰਦਰ ਸਿੰਘ ਨੂੰ ਮਾਲੇਰਕੋਟਲਾ, ਜਗਤਾਰ ਸਿੰਘ ਨੂੰ ਦੂਧਨਸਾਧਾਂ ਅਤੇ ਭੀਮ ਸੈਨ ਨੂੰ ਐੱਸਆਰਓ-2 ਹੁਸ਼ਿਆਰਪੁਰ ਲਾਇਆ ਗਿਆ ਹੈ। ਜਿਨ੍ਹਾਂ ਅੱਠ ਨਾਇਬ ਤਹਿਸੀਲਦਾਰਾਂ ਦੀਆਂ ਤਾਇਨਾਤੀਆਂ ਗਈਆਂ ਹਨ ਉਨ੍ਹਾਂ ਵਿੱਚ, ਚਰਨਜੀਤ ਕੌਰ ਨੂੰ ਮਾਲੇਰਕੋਟਲਾ ਤੋਂ ਬਰੀਵਾਲਾ, ਰਣਜੀਤ ਕੌਰ ਨੂੰ ਘਨੌਰ ਤੋਂ ਬਰਨਾਲਾ, ਅਕਵਿੰਦਰ ਕੌਰ ਨੂੰ ਬਲਾਚੌਰ ਤੋਂ ਹਰੀਕੇ, ਗੁਰਪ੍ਰੀਤ ਕੌਰ ਨੂੰ ਮੋਰਿੰਡਾ ਤੋਂ ਜੋਗਾ, ਜਸਵਿੰਦਰ ਕੌਰ ਨੂੰ ਦੋਦਾ, ਮਨਵੀਰ ਕੌਰ ਨੂੰ ਮੁਕਤਸਰ, ਗੁਰਦੀਪ ਸਿੰਘ ਨੂੰ ਲੰਬੀ ਅਤੇ ਰਘਬੀਰ ਸਿੰਘ ਦੀ ਮਲੌਦ ਤਾਇਨਾਤੀ ਕੀਤੀ ਗਈ ਹੈ। ਤਿੰਨ ਤਹਿਸੀਲਦਾਰਾਂ ਰੌਬਨਜੀਤ ਕੌਰ ਨੂੰ ਮੁਹਾਲੀ ਤੋਂ ਪੱਟੀ, ਰਮਨਦੀਪ ਕੌਰ ਨੂੰ ਰਾਮਪੁਰਾ ਫੂਲ ਤੋਂ ਖਮਾਣੋਂ ਅਤੇ ਤਨਵੀਰ ਕੌਰ ਨੂੰ ਖੰਨਾ ਤੋਂ ਪੰਜਾਬ ਵਿਜੀਲੈਂਸ ਬਿਊਰੋ ਆਫ਼ ਇਨਵੈਸਟਮੈਂਟ ਪ੍ਰੋਮੇਸ਼ਨ ਆਸਾਮੀ ਉੱਤੇ ਤਾਇਨਾਤੀ ਲਈ ਹੁਕਮ ਜਾਰੀ ਕੀਤੇ ਗਏ ਹਨ।

Advertisement
×