ਅੱਠ ਪੰਚਾਇਤਾਂ ਵੱਲੋਂ ਵਿਧਾਇਕ ਖ਼ਿਲਾਫ਼ ਪ੍ਰਦਰਸ਼ਨ
ਰਾਜਿੰਦਰ ਵਰਮਾ
ਇੱਥੋਂ ਦੀਆਂ ਅੱਠ ਪੰਚਾਇਤਾਂ ਦੇ ਸਰਪੰਚਾਂ ਨੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ’ਤੇ ਪੰਚਾਇਤਾਂ ਨੂੰ ਬਣਦਾ ਮਾਣ ਸਤਿਕਾਰ ਨਾ ਦੇਣ ਅਤੇ ਸਰਕਾਰੇ ਦਰਬਾਰੇ ਸਰਪੰਚਾਂ ਦੀ ਪੁੱਛਗਿੱਛ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਕੀਤੀ। ਪਿੰਡ ਕੋਠੇ ਬਾਬਾ ਭਾਨ ਸਿੰਘ ਦੇ ਸਰਪੰਚ ਮਨਦੀਪ ਕੌਰ ਦੇ ਪਤੀ ਵਿੱਕੀ ਭਲਵਾਨ, ਕੋਠੇ ਝਾਂਹਿਆਂ ਵਾਲੀ ਦੇ ਸਰਪੰਚ ਗੁਰਜੰਟ ਸਿੰਘ ਜੈਦ, ਪੱਤੀ ਮੋਹਰ ਸਿੰਘ ਏ ਦੇ ਸਰਪੰਚ ਭੋਲਾ ਰਾਮ, ਕੋਠੇ ਬਾਬਾ ਮਲਕੀਤ ਦੇ ਸਰਪੰਚ ਪਰਮਜੀਤ ਕੌਰ ਦੇ ਪਤੀ ਗੁਰਦੀਪ ਸਿੰਘ, ਪੱਤੀ ਮੋਹਰ ਸਿੰਘ ਬੀ ਦੇ ਸਰਪੰਚ ਹਰਵਿੰਦਰ ਕੌਰ ਦੇ ਪਿਤਾ ਗੁਰਜੰਟ ਸਿੰਘ, ਕੋਠੇ ਖਿਉਣ ਸਿੰਘ ਦੇ ਸਰਪੰਚ ਸ਼ਿੰਦਰਪਾਲ ਕੌਰ ਦੇ ਪੁੱਤਰ ਬਲਵੀਰ ਸਿੰਘ ਕਲੇਰ, ਪੱਤੀ ਦੀਪ ਸਿੰਘ ਦੇ ਸਰਪੰਚ ਕੁਲਵਿੰਦਰ ਕੌਰ ਦੇ ਪਤੀ ਰਾਜਾ ਗਿੱਲ ਅਤੇ ਪੱਤੀ ਵੀਰ ਸਿੰਘ ਦੇ ਸਰਪੰਚ ਪਰਮਿੰਦਰ ਕੌਰ ਦੇ ਪਤੀ ਬਸੰਤ ਸਿੰਘ ਨੇ ਕਿਹਾ ਕਿ ਪੰਚਾਇਤਾਂ ਬਣੀਆਂ ਨੂੰ 10 ਮਹੀਨੇ ਬੀਤ ਚੁੱਕੇ ਹਨ ਪਰ ਸਰਕਾਰ ਵੱਲੋਂ ਹਾਲੇ ਤੱਕ ਉਨ੍ਹਾਂ ਦੇ ਪਿੰਡਾਂ ਨੂੰ ਕੋਈ ਗਰਾਂਟ ਨਹੀਂ ਦਿੱਤੀ ਗਈ, ਜਦੋਂ ਉਹ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਮਿਲਣ ਜਾਂਦੇ ਹਨ ਤਾਂ ਘੰਟਿਆਂ ਬੱਧੀ ਉਡੀਕ ਕਰਨ ਤੋਂ ਬਾਅਦ ਵੀ ਨਹੀਂ ਮਿਲਦੇ। ਉਹ ਕਹਿੰਦੇ ਹਨ ਇਹ ਛੋਟੇ ਪਿੰਡ ਹਨ ਤੇ ਪਿੰਡ ਦੀਆਂ ਵੋਟਾਂ ਘੱਟ ਹਨ। ਉਨ੍ਹਾਂ ਵਲੋਂ ਵੱਡੇ ਪਿੰਡਾਂ ਨੂੰ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਐਮਪੀ ਕੋਟੇ ਵਿਚੋਂ ਵੀ ਕੋਈ ਗਰਾਂਟ ਨਹੀਂ ਦਿੱਤੀ ਗਈ। ਸਰਪੰਚਾਂ ਨੇ ਰੋਸ ਜ਼ਾਹਰ ਕੀਤਾ ਕਿ ਸਰਕਾਰੇ ਦਰਬਾਰੇ ਉਨ੍ਹਾਂ ਨੂੰ ਕੰਮ ਕਰਵਾਉਣ ਬਦਲੇ ਜ਼ਲੀਲ ਹੋਣਾ ਪੈਂਦਾ ਹੈ ਤੇ ਥਾਣਿਆਂ ਵਿੱਚ ਕੰਮ ਕਰਵਾਉਣ ਬਦਲੇ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਲੋਕਤੰਤਰੀ ਢੰਗ ਨਾਲ ਚੁਣੀਆਂ ਪੰਚਾਇਤਾਂ ਨੂੰ ਮਾਣ ਸਤਿਕਾਰ ਦੇਣ ਦੀ ਬਜਾਏ ਦੋ ਤਿੰਨ ਵਿਅਕਤੀਆਂ ਦੇ ਕਹੇ ਅਨੁਸਾਰ ਚੱਲ ਰਹੇ ਹਨ। ਇਸ ਸਬੰਧੀ ਹਲਕਾ ਵਿਧਾਇਕ ਨਾਲ ਵਟਸਐਪ ’ਤੇ ਕਈ ਵਾਰ ਸੰਪਰਕ ਕੀਤਾ ਗਿਆ ਪਰ ਵਿਦੇਸ਼ ਵਿਚ ਹੋਣ ਕਰਕੇ ਉਨ੍ਹਾਂ ਸੰਦੇਸ਼ ਦਾ ਕੋਈ ਜਵਾਬ ਨਹੀਂ ਦਿੱਤਾ। ਇਸ ਮੌਕੇ ਸਾਬਕਾ ਸਰਪੰਚ ਕਰਮਜੀਤ ਸਿੰਘ ਕੰਮਾ, ਨਿਰਮਲ ਸਿੰਘ, ਜਗਮੋਹਨ ਸਿੰਘ, ਚਮਕੌਰ ਸਿੰਘ, ਰਮਨਦੀਪ ਸਿੰਘ, ਬਲੌਰ ਸਿੰਘ, ਨਿੱਕਾ ਸਿੰਘ, ਕਰਮਜੀਤ ਸਿੰਘ, ਰਾਜਿੰਦਰ ਸਿੰਘ, ਸੁਖਪਾਲ ਸਿੰਘ, ਬੰਟੀ ਸਿੰਘ ਸੇਖੋਂ, ਨਿੱਕਾ ਸਿੰਘ ਭੁੱਲਰ, ਲਵਪ੍ਰੀਤ ਸਿੰਘ ਭੁੱਲਰ ਆਦਿ ਹਾਜ਼ਰ ਸਨ।
ਹਰ ਹਫਤੇ ਸਰਪੰਚਾਂ ਨਾਲ ਮੀਟਿੰਗ ਹੁੰਦੀ ਹੈ: ਵਿਧਾਇਕ
ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਸਰਪੰਚਾਂ ਵੱਲੋਂ ਲਗਾਏ ਗਏ ਦੋਸ਼ ਬੇਬੁਨਿਆਦ ਹਨ ਕਿਉਂਕਿ ਉਨ੍ਹਾਂ ਦੀ ਹਰ ਹਫਤੇ ਸਰਪੰਚਾਂ ਨਾਲ ਮੀਟਿੰਗ ਹੁੰਦੀ ਹੈ ਅਤੇ ਉਨ੍ਹਾਂ ਨੇ ਪਹਿਲਾਂ ਕਦੇ ਅਜਿਹੀ ਸ਼ਿਕਾਇਤ ਨਹੀਂ ਕੀਤੀ। ਪੰਚਾਇਤਾਂ ਨਾਲ ਕੋਈ ਵਿਤਕਰੇਬਾਜ਼ੀ ਨਹੀਂ ਹੋ ਰਹੀ ਤੇ ਉਨ੍ਹਾਂ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ।