ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 2 ਜੁਲਾਈ
ਮੰਡੀ ਗੋਬਿੰਦਗੜ੍ਹ ਪੁਲੀਸ ਨੇ ਨਵ-ਜੰਮੇ ਬੱਚੇ ਨੂੰ ਵੇਚਣ ਦੇ ਦੋਸ਼ ਹੇਠ ਆਸ਼ਾ ਵਰਕਰ ਸਣੇ 8 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜ਼ਿਲ੍ਹਾ ਪੁਲੀਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਦੀਪ ਹਸਪਤਾਲ ਮੰਡੀ ਗੋਬਿੰਦਗੜ੍ਹ ’ਚ 23 ਜੂਨ ਨੂੰ ਇਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ। ਬੱਚੇ ਦੇ ਪਿਤਾ ਨੇ ਆਸ਼ਾ ਵਰਕਰ ਕਮਲੇਸ਼ ਕੌਰ, ਉਸ ਦੇ ਪਤੀ ਭੀਮ ਸਿੰਘ, ਦਾਈ ਚਰਨ ਕੌਰ ਅਤੇ ਅਮਨਦੀਪ ਕੌਰ ਉਰਫ਼ ਅੰਮ੍ਰਿਤਾ ਵਾਸੀ ਜਲੰਧਰ ਨਾਲ ਮਿਲ ਕੇ ਬੱਚੇ ਨੂੰ ਅੱਗੇ ਵੇਚਣ ਲਈ ਸੌਦੇਬਾਜ਼ੀ ਕੀਤੀ। ਦਾਈ ਚਰਨ ਕੌਰ, ਕਮਲੇਸ਼ ਕੌਰ ਅਤੇ ਅਮਨਦੀਪ ਕੌਰ ਨੇ ਬੱਚੇ ਨੂੰ 4 ਲੱਖ ਰੁਪਏ ’ਚ ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨੂੰ ਵੇਚ ਦਿੱਤਾ।
ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਬੱਚੇ ਖਰੀਦਣ ਅਤੇ ਵੇਚਣ ਦਾ ਧੰਦਾ ਕਰਦੇ ਹਨ, ਜਿਨ੍ਹਾਂ ਖ਼ਿਲਾਫ਼ ਪੁਲੀਸ ਨੇ 27 ਜੂਨ ਨੂੰ ਥਾਣਾ ਗੋਬਿੰਦਗੜ੍ਹ ਵਿੱਚ ਕੇਸ ਦਰਜ ਕੀਤਾ। ਇਸ ਮਗਰੋਂ ਡੀਐੱਸਪੀ ਅਮਲੋਹ ਗੁਰਦੀਪ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਦੀ ਟੀਮ ਵਲੋਂ ਉਸੇ ਦਿਨ ਤਲਜਿੰਦਰ ਸਿੰਘ, ਕਮਲੇਸ਼ ਕੌਰ, ਭੀਮ ਸਿੰਘ, ਦਾਈ ਚਰਨ ਕੌਰ ਅਤੇ ਅਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਕੇ 4 ਲੱਖ ਰੁਪਏ ਬਰਾਮਦ ਕੀਤੇ ਗਏ। ਪੁੱਛ-ਪੜਤਾਲ ’ਚ ਮੁਲਜ਼ਮਾਂ ਨੇ ਦੱਸਿਆ ਕਿ ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਬੱਚੇ ਨੂੰ ਕੋਲਕਾਤਾ ਲੈ ਕੇ ਚਲੇ ਗਏ ਹਨ। ਪੁਲੀਸ ਟੀਮ ਵੱਲੋਂ 29 ਜੂਨ ਨੂੰ ਕੋਲਕਾਤਾ ਤੋਂ ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨੂੰ ਕਾਬੂ ਕਰਨ ਮਗਰੋਂ ਇਕ ਹੋਰ ਮੁਲਜ਼ਮ ਪ੍ਰਸ਼ਾਂਤ ਪਰਾਸ਼ਰ ਨੂੰ ਕੇਸ ਵਿੱਚ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਬੱਚੇ ਨੂੰ ਬਰਾਮਦ ਕਰਕੇ ਮੁਲਜ਼ਮਾਂ ਨੂੰ ਕੋਲਕਾਤਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਰੁਪਿੰਦਰ ਕੌਰ, ਬੇਅੰਤ ਸਿੰਘ ਅਤੇ ਪ੍ਰਸ਼ਾਂਤ ਪਰਾਸ਼ਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਮੰਡੀ ਗੋਬਿੰਦਗੜ੍ਹ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਮਾਮਲੇ ਵਿੱਚ ਅਗਲੀ ਜਾਂਚ ਕੀਤੀ ਜਾ ਰਹੀ ਹੈ।