ਹੜ੍ਹ ਪੀੜਤਾਂ ਨੂੰ ਜ਼ਮੀਨਾਂ ਦੀ ਪੱਕੀ ਮਾਲਕੀ ਤੇ ਸੁਰੱਖਿਅਤ ਸਥਾਨਾਂ ’ਤੇ ਰਿਹਾਇਸ਼ੀ ਜਗ੍ਹਾ ਦੇਣ ਦੇ ਯਤਨ ਕਰਾਂਗੇ: ਰਾਜਪਾਲ
ਗੁਲਾਬ ਚੰਦ ਕਟਾਰੀਆਂ ਨੇ ਫਿਰੋਜ਼ਪੁਰ ’ਚ ਹੜ੍ਹ ਪ੍ਰਭਾਵਿਤ ਖੇਤਰਾਂ ਅਤੇ ਰਾਹਤ ਕੈਂਪਾਂ ਦਾ ਕੀਤਾ ਦੌਰਾ
Advertisement
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜ਼ਮੀਨਾਂ ਦੀ ਪੱਕੀ ਮਾਲਕੀ ਕਰਕੇ ਗਿਰਦਾਵਰੀ ਰਾਹੀਂ ਫਸਲਾਂ ਦਾ ਮੁਆਵਜ਼ਾ ਦੇਣ ਅਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਰਕਾਰੀ ਸਕੀਮਾਂ ਦਾ ਲਾਭ ਦਵਾਉਣ ਸਬੰਧੀ ਮੰਗ ਬਿਲਕੁਲ ਜਾਇਜ਼ ਹੈ ਤੇ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿਚ ਲਿਆ ਕੇ ਪੱਕੇ ਤੌਰ ਤੇ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਪ੍ਰਗਟਾਵਾ ਅੱਜ ਫਿਰੋਜ਼ਪੁਰ ਦੇ ਪਿੰਡ ਬਾਰੇ ਕੇ ਸਕੂਲ ਵਿੱਚ ਹੜ੍ਹ ਪੀੜਤਾਂ ਲਈ ਬਣਾਏ ਗਏ ਰਾਹਤ ਕੇਂਦਰ ਵਿਚ ਹੜ੍ਹ ਪੀੜਤਾਂ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਕੋਲ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਰਣਬੀਰ ਸਿੰਘ ਭੁੱਲਰ, ਕਮਿਸ਼ਨਰ ਫਿਰੋਜਪੁਰ ਮੰਡਲ ਅਰੁਣ ਸ਼ੇਖੜੀ, ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਅਤੇ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਮੌਜੂਦ ਸਨ। ਇਸ ਤੋਂ ਪਹਿਲਾਂ ਰਾਜਪਾਲ ਨੇ ਹੁਸੈਨੀਵਾਲਾ ਸ਼ਹੀਦੀ ਸਮਾਰਕ ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ 250 ਤੋਂ ਵੱਧ ਹੜ੍ਹ ਪੀੜਤਾਂ ਨੂੰ ਬਾਰੇ ਕੇ ਸਕੂਲ ਵਿੱਚ ਬਣਾਏ ਰਾਹਤ ਕੇਂਦਰ ਵਿਚ ਸੁਰਖਿਅਤ ਰੱਖਿਆ ਗਿਆ ਹੈ। ਰਾਹਤ ਕੈਂਪ ਵਿੱਚ ਰਹਿ ਰਹੇ ਕਿਸਾਨਾਂ ਨੇ ਦੱਸਿਆ ਕਿ ਨੇ ਉਹ ਪਿਛਲੇ 70 ਸਾਲਾਂ ਤੋਂ ਆਪਣੇ ਬਜ਼ੁਰਗਾਂ ਨਾਲ ਖੇਤੀ ਕਰਦੇ ਆ ਰਹੇ ਹਨ। ਕਿਸਾਨਾਂ ਦੱਸਿਆ ਕਿ ਪਹਿਲਾਂ ਇਨ੍ਹਾਂ ਜ਼ਮੀਨਾਂ ਦੀ ਗਿਰਦਾਵਰੀ ਉਨ੍ਹਾਂ ਦੇ ਨਾਂਅ ’ਤੇ
ਸੀ ਪਰ ਸਰਕਾਰੀ ਰਿਕਾਰਡ ਵਿਚ ਹੁਣ ਇਹ ਗਿਰਦਾਵਰੀ ਨਾਂਅ ’ਤੇ ਨਾ ਹੋਣ ਕਰਕੇ ਕਿਸੇ ਵੀ ਸਰਕਾਰੀ ਸਕੀਮ ਦਾ ਲਾਭ ਇਨ੍ਹਾਂ ਨੂੰ ਨਹੀਂ ਮਿਲ ਰਿਹਾ। ਇਸ ਤੋਂ ਇਲਾਵਾ ਕਿਸਾਨਾਂ ਨੇ ਰਾਜਪਾਲ ਧਿਆਨ ਵਿੱਚ ਇਹ ਵੀ ਲਿਆਂਦਾ ਹੈ ਕਿ ਹਰ ਸਾਲ ਹੜ੍ਹਾਂ ਦੀ ਮਾਰ ਤਾਂ ਇਨ੍ਹਾਂ ਨੂੰ ਚੱਲਣੀ ਹੀ ਪੈਂਦੀ ਹੈ ਅਤੇ ਜੰਗ ਦਾ ਮਾਹੌਲ ਬਣਦਾ ’ਤੇ ਵੀ ਆਪਣਾ ਘਰ ਛੱਡ ਕੇ ਸੁਰੱਖਿਅਤ ਸਥਾਨਾਂ ’ਤੇ ਜਾਣਾ ਪੈਂਦਾ ਹੈ। ਰਾਜਪਾਲ ਨੇ ਕਿਹਾ ਕਿ ਕਿਸਾਨਾਂ ਅਤੇ ਆਮ ਲੋਕਾਂ ਨੂੰ ਦੋਹਰੀ ਮਾਰ ਚੱਲਣੀ ਪੈਂਦੀ ਹੈ, ਇਸ ਲਈ ਉਨ੍ਹਾਂ ਦੀਆਂ ਸਮੱਸਿਆ ਦਾ ਸਥਾਈ ਹੱਲ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਸਮੱਸਿਆਵਾਂ ਮੁੱਖ ਮੰਤਰੀ ਨਾਲ ਵਿਸ਼ੇਸ ਤੌਰ ’ਤੇ ਮੁਲਾਕਾਤ ਕਰਕੇ ਉਨ੍ਹਾਂ ਦੇ ਧਿਆਨ ਦੇ ਵਿੱਚ ਲਿਆ ਕੇ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਰਡਰ ਦੇ ਨਾਲ ਖੇਤੀ ਵਾਲੀਆਂ ਜ਼ਮੀਨਾਂ ਤੇ ਤਾਂ ਇਹ ਖੇਤੀ ਕਰ ਹੀ ਰਹੇ ਹਨ ਪਰ ਰਹਿਣ ਦੇ ਲਈ ਇਨ੍ਹਾਂ ਨੂੰ ਸੁਰਖਿਅਤ ਸਥਾਨਾਂ ਤੇ ਮਾਲਿਕਾਨਾ ਹੱਕ ਦੇ ਕੇ ਜਗ੍ਹਾ ਦਿੱਤੀ ਜਾ ਸਕਦੀ ਹੈ ਤਾਂ ਜੋ ਇਨ੍ਹਾਂ ਨੂੰ ਹੜ੍ਹ ਅਤੇ ਜੰਗ ਵਰਗੇ ਹਲਾਤਾਂ ਵਿਚ ਆਪਣਾ ਘਰ ਨਾ ਛੱਡਣਾ ਪਵੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੇ ਨਾਲ ਗੱਲਬਾਤ ਕਰ ਕੇ ਇਸ ਦਾ ਹੱਲ ਕੱਢਿਆ ਜਾਵੇਗਾ ਤਾਂ ਜੋ ਇਨ੍ਹਾਂ ਨੂੰ ਕੋਈ ਰਾਹਤ ਮਿਲ ਸਕੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਹੈੱਡਵਰਕਸ ਦਾ ਦੌਰਾ ਕਰਕੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਅਤੇ ਰੀਟਰੀਟ ਸਰੈਮਨੀ ਵੱਲ ਜਾਂਦੀ ਸੜਕ ਜੋ ਕਿ ਜ਼ਿਆਦਾ ਪਾਣੀ ਆਉਣ ਦੇ ਕਾਰਨ ਟੁੱਟ ਗਈ ਸੀ ਦਾ ਜਾਇਜ਼ਾ ਲਿਆ ਅਤੇ ਇਸ ਨੂੰ ਜਲਦੀ ਬਣਾਉਣ ਸਬੰਧੀ ਬੀਐੱਸਐੱਫ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ।
Advertisement
Advertisement
×