ਗ਼ਦਰ ਲਹਿਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 110ਵੇਂ ਸ਼ਹੀਦੀ ਦਿਵਸ ਮੌਕੇ ਪਿੰਡ ਸਰਾਭਾ ’ਚ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਹੀਦਾਂ ਦੇ ਸੁਫਨਿਆਂ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਯਤਨਸ਼ੀਲ ਹੈ। ਮੁੱਖ ਮੰਤਰੀ ਨੇ ਸ਼ਹੀਦ ਸਰਾਭਾ ਦੇ ਜੱਦੀ ਪਿੰਡ ਨੂੰ ਚਾਰ ਮਾਰਗੀ ਸੜਕ ਯੋਜਨਾ ਨਾਲ ਜੋੜਨ ਲਈ 40 ਕਰੋੜ ਰੁਪਏ ਦੀ ਰਕਮ ਤੋਂ ਇਲਾਵਾ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਪੀਣ ਵਾਲੇ ਪਾਣੀ ਸਣੇ ਹੋਰ ਵਿਕਾਸ ਕਾਰਜਾਂ ਲਈ ਵੀ 5.84 ਕਰੋੜ ਰੁਪਏ ਹੋਰ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਕੁਰਬਾਨੀਆਂ ਸਦਕਾ ਹੀ ਦੇਸ਼ ਨੂੰ ਆਜ਼ਾਦੀ ਨਸੀਬ ਹੋਈ ਹੈ। ਉਨ੍ਹਾਂ ਆਜ਼ਾਦੀ ਬਚਾ ਕੇ ਰੱਖਣ ਲਈ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪਿੰਡਾਂ ਵਿੱਚ ਨਵੇਂ ਖੇਡ ਮੈਦਾਨ ਸਥਾਪਿਤ ਕਰਨ ਤੋਂ ਇਲਾਵਾ ਖਿਡਾਰੀਆਂ ਲਈ ਚੰਗੇ ਕੋਚ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਮੌਕੇ ਪਿੰਡ ਦੀ ਪੰਚਾਇਤ, ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਅਤੇ ਸ਼ਹੀਦ ਸਰਾਭਾ ਮੈਡੀਕਲ ਕਾਲਜ ਦੇ ਪ੍ਰਬੰਧਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਨਮਾਨ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਵਾਸੀਆਂ ਵੱਲੋਂ ਕੀਤੀਆਂ ਕੁਝ ਮੰਗਾਂ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਸ਼ਹੀਦ ਸਰਾਭਾ ਦੇ ਜਨਮ ਅਸਥਾਨ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਪਿੰਡ ਸਰਾਭਾ ਦੇ ਵਿਕਾਸ ਦੀ ਯੋਜਨਾਬੰਦੀ ਕਰਨ ਵੇਲੇ ਕਿਸੇ ਕਿਸਮ ਦੀ ਕੰਜੂਸੀ ਨਾ ਕਰਨ ਦੀ ਹਦਾਇਤ ਕਰਦਿਆਂ ਪਿੰਡ ਦੀ ਪੰਚਾਇਤ ਨੂੰ ਚੰਡੀਗੜ੍ਹ ਆਉਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਸਰਾਭਾ ਦੇ ਜੱਦੀ ਘਰ ਦੇ ਦਰਸ਼ਨ ਕਰਨ ਤੋਂ ਇਲਾਵਾ ਸ਼ਹੀਦੀ ਸਮਾਰਕ ਅਤੇ ਮੁੱਖ ਚੌਕ ਵਿੱਚ ਲੱਗੇ ਸ਼ਹੀਦ ਦੇ ਬੁੱਤ ਉੱਪਰ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਹਲਕਾ ਦਾਖਾ ਦੇ ਇੰਚਾਰਜ ਕੇ ਐੱਨ ਐੱਸ ਕੰਗ, ਡੀ ਆਈ ਜੀ ਸਤਿੰਦਰ ਸਿੰਘ, ਜ਼ਿਲ੍ਹਾ ਪੁਲੀਸ ਮੁਖੀ ਡਾ. ਅੰਕੁਰ ਗੁਪਤਾ, ਪਿੰਡ ਦੀ ਸਰਪੰਚ ਕਮਲਜੀਤ ਕੌਰ, ਸਪੋਰਟਸ ਕਲੱਬ ਦੇ ਚੇਅਰਮੈਨ ਚੇਅਰਮੈਨ ਰਾਜਵੀਰ ਸਿੰਘ ਗਰੇਵਾਲ, ਪ੍ਰਧਾਨ ਸੁਖਵਿੰਦਰ ਸਿੰਘ ਗਰੇਵਾਲ ਆਦਿ ਮੌਜੂਦ ਸਨ।

