DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੱਖਿਆ ਕ੍ਰਾਂਤੀ: ਦੂਸ਼ਿਤ ਪਾਣੀ ਵਿੱਚੋਂ ਲੰਘ ਕੇ ਸਕੂਲ ਪੁੱਜਦੇ ਨੇ ਪਾੜ੍ਹੇ

ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰਾਹਗੀਰ ਅਤੇ ਬੱਚੇ ਪ੍ਰੇਸ਼ਾਨ; ਸਮੱਸਿਆ ਹੱਲ ਕਰਨ ਦੀ ਅਪੀਲ
  • fb
  • twitter
  • whatsapp
  • whatsapp
Advertisement

ਪਰਮਜੀਤ ਸਿੰਘ

ਫ਼ਾਜ਼ਿਲਕਾ, 13 ਜੁਲਾਈ

Advertisement

ਜ਼ਿਲ੍ਹੇ ਦੇ ਸਰਹੱਦੀ ਪਿੰਡ ਵੱਲ੍ਹੇ ਸ਼ਾਹ ਹਿਠਾੜ ਦੇ ਪਿੰਡ ਵਾਸੀਆਂ ਅਤੇ ਇੱਥੇ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸਕੂਲ ਦੇ ਸਾਹਮਣੇ ਖੜ੍ਹੇ ਹੋਏ ਸੀਵਰੇਜ ਦੇ ਦੂਸ਼ਿਤ ਪਾਣੀ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲ ਅਧਿਆਪਕ ਮੱਖਣ ਸਿੰਘ, ਪਿੰਡ ਵਾਸੀ ਰਾਮ ਸਿੰਘ, ਮੀਤੋ ਬਾਈ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਕੋਈ ਉੱਚਿਤ ਪ੍ਰਬੰਧ ਨਾ ਹੋਣ ਕਾਰਨ ਪਿਛਲੇ ਕਾਫੀ ਸਮੇਂ ਤੋਂ ਸੀਵਰੇਜ ਦਾ ਦੂਸ਼ਿਤ ਪਾਣੀ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਾਹਮਣੇ ਸੜਕ ’ਤੇ ਜਮ੍ਹਾਂ ਹੋ ਜਾਂਦਾ ਹੈ। ਇਸ ਨਾਲ ਜਿੱਥੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਦੂਜੇ ਪਾਸੇ ਬੱਚਿਆਂ ਨੂੰ ਸਕੂਲ ਪਹੁੰਚਣ ਲਈ ਕਾਫ਼ੀ ਜਦੋ ਜਹਿਦ ਕਰਨੀ ਪੈ ਰਹੀ ਹੈ। ਸਕੂਲ ਦੇ ਬੱਚੇ ਵਿੱਦਿਆ ਦੇ ਮੰਦਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਗੰਦਗੀ ਦਾ ਸਾਹਮਣਾ ਕਰਕੇ ਅੰਦਰ ਦਾਖਲ ਹੁੰਦੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਇਸ ਮੁੱਦੇ ’ਤੇ ਰਾਜਸੀ ਆਗੂਆਂ ਅਤੇ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਹੈ,ਪ੍ਰੰਤੂ ਇਸ ਮਸਲੇ ਨੂੰ ਅਜੇ ਤੱਕ ਹੱਲ ਨਹੀਂ ਕੀਤਾ ਗਿਆ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੇ ਨਾਂ ’ਤੇ ਕੰਧਾਂ ਤੇ ਰੋਗਨ ਕਰਕੇ ਚੰਗੀ ਵਿੱਦਿਆ ਦੇਣ ਦਾ ਦਾਅਵਾ ਕਰ ਰਹੀ ਹੈ, ਦੂਜੇ ਪਾਸੇ ਉਨ੍ਹਾਂ ਦੇ ਪਿੰਡ ਦੇ ਬੱਚੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਸਕੂਲ ਦੇ ਅਧਿਆਪਕ ਵੀ ਸਕੂਲ ਸਾਹਮਣੇ ਖੜ੍ਹੇ ਸੀਵਰੇਜ ਦੇ ਦੂਸ਼ਿਤ ਪਾਣੀ ਤੋਂ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਾਲ ਨਾਲ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਵੀ ਇਸ ਦੂਸ਼ਿਤ ਪਾਣੀ ਵਿੱਚੋਂ ਹੀ ਲੰਘ ਕੇ ਸਕੂਲ ਆਉਣਾ ਪੈਂਦਾ ਹੈ। ਕਦੇ ਕਦੇ ਤਾਂ ਸਕੂਲ ਆਉਣ ਜਾਣ ਦੌਰਾਨ ਕਈ ਬੱਚੇ ਇਸ ਦੂਸ਼ਿਤ ਪਾਣੀ ਵਿੱਚ ਡਿੱਗ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੇ ਕੱਪੜਿਆਂ ਦੇ ਨਾਲ-ਨਾਲ ਉਨ੍ਹਾਂ ਦੇ ਬੈਗ ਅਤੇ ਕਿਤਾਬਾਂ ਵੀ ਖਰਾਬ ਹੋ ਜਾਂਦੀਆਂ ਹਨ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਹਲਕੇ ਦੇ ਵਿਧਾਇਕ ਤੋਂ ਮੰਗ ਕਰਦਿਆਂ ਕਿਹਾ ਕਿ ਸਕੂਲ ਸਾਹਮਣੇ ਖੜ੍ਹੇ ਸੀਵਰੇਜ ਦੇ ਦੂਸ਼ਿਤ ਪਾਣੀ ਦੀ ਨਿਕਾਸੀ ਦਾ ਹੱਲ ਕੀਤਾ ਜਾਵੇ।

ਛੇਤੀ ਹੋ ਜਾਵੇਗਾ ਸਮੱਸਿਆ ਦਾ ਹੱਲ: ਵਿਧਾਇਕ

ਜਦੋਂ ਇਸ ਸਬੰਧੀ ਫਾਜ਼ਿਲਕਾ ਹਲਕਾ ਦੇ ਵਿਧਾਇਕ ਨਰਿੰਦਰ ਪਾਲ ਸਵਨਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਪਿੰਡ ਦੀ ਪੰਚਾਇਤ ਨੇ ਫੰਡ ਮੰਗਿਆ ਸੀ ਅਤੇ ਉਨ੍ਹਾਂ ਨੂੰ ਕਰੀਬ 15 ਲੱਖ ਫੰਡ ਜਾਰੀ ਕਰਵਾ ਦਿੱਤਾ ਗਿਆ ਹੈ। ਪਿੰਡ ਦੇ ਛੱਪੜ ਦੇ ਪਾਣੀ ਦੀ ਨਿਕਾਸੀ ਲਈ ਪਾਈਪਲਾਈਨ ਪੈ ਚੁੱਕੀ ਹੈ। ਸਿਰਫ ਪਿੰਡ ਦੇ ਪਾਣੀ ਦੀ ਸਪਲਾਈ ਬਾਹਰ ਕੱਢਣੀ ਬਾਕੀ ਹੈ। ਇਸ ਸਮੱਸਿਆ ਦਾ ਜਲਦ ਹੱਲ ਹੋ ਜਾਵੇਗਾ। ਇਸ ਮੁੱਦੇ ਨੂੰ ਚੁੱਕਣ ਵਾਲੇ ਬਲਾਕ ਸਮਿਤੀ ਮੈਂਬਰ ਸ਼ੁਬੇਗ ਝੰਗੜਭੈਣੀ, ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਕੁਲਦੀਪ ਬਖੂ ਸ਼ਾਹ ਅਤੇ ਗੁਰਦਿਆਲ ਢਾਬਾਂ ਨੇ ਕਿਹਾ ਕਿ ਜੇ ਮਸਲੇ ਦਾ ਤੁਰੰਤ ਹੱਲ ਨਾ ਹੋਇਅ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।

Advertisement
×