ਸਿੱਖਿਆ ਕ੍ਰਾਂਤੀ: ਪੁਲੀਸ ਵੱਲੋਂ ਵਿਧਾਇਕ ਤੋਂ ਸਵਾਲ ਪੁੱਛਣ ਆਏ ਪ੍ਰਦਰਸ਼ਨਕਾਰੀਆਂ ਦੀ ਖਿੱਚ-ਧੂਹ
ਰੋਹਿਤ ਗੋਇਲ/ਸੀ. ਮਾਰਕੰਡਾ
ਤਪਾ ਮੰਡੀ, 23 ਅਪਰੈਲ
ਪਿੰਡ ਢਿੱਲਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਪੁੱਜੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਕਿਸਾਨਾਂ ਅਤੇ ਬੇਰੁਜ਼ਗਾਰਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵਿਧਾਇਕ ਨੂੰ ਸਵਾਲ ਕਰਨ ਪੁੱਜੇ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਨੇ ਖਿੱਚ-ਧੂਹ ਕੀਤੀ ਜਦਕਿ ਬਾਅਦ ਵਿੱਚ ਉਨ੍ਹਾਂ ਨੂੰ ਵਿਧਾਇਕ ਨਾਲ ਮਿਲਾਇਆ ਗਿਆ, ਜਿੱਥੇ ਉਨ੍ਹਾਂ ਨੇ ਸਕੂਲਾਂ ’ਚ ਅਧਿਆਪਕਾਂ ਦੀ ਘਾਟ ਦੇ ਮੁੱਦੇ ’ਤੇ ਵਿਧਾਇਕ ਨੂੰ ਤਿੱਖੇ ਸਵਾਲ ਕੀਤੇ।
ਬੀਕੇਯੂ ਸਿੱਧੂਪੁਰ ਦੇ ਹਾਕਮ ਸਿੰਘ ਨੇ ਖਨੌਰੀ ਮੋਰਚੇ ਤੋਂ ਕਿਸਾਨਾਂ ਦੀਆਂ ਟਰਾਲੀਆਂ ਸਣੇ ਕੀਮਤੀ ਸਮਾਨ ਚੋਰੀ ਹੋਣ, ਵਿਧਾਇਕ ਵੱਲੋਂ ਟਰਾਲੀਆਂ ਚੋਰੀ ਹੋਣ ਬਾਰੇ ਦਿੱਤੇ ਬਿਆਨ, ਸਪੀਕਰ ਕੁਲਤਾਰ ਸੰਧਵਾਂ ਵੱਲੋਂ ਕਿਸਾਨਾਂ ਨੂੰ ਵਿਹਲੜ ਆਖਣ ’ਤੇ ਵਿਧਾਇਕ ਉੱਗੋਕੇ ਨੂੰ ਤਿੱਖੇ ਸਵਾਲ ਕੀਤੇ। ਰਾਮ ਸਿੰਘ ਨੇ ਨਹਿਰੀ ਪਾਣੀ ਦੀ ਕਿੱਲਤ ਦਾ ਮੁੱਦਾ ਚੁੱਕਿਆ ਜਦਕਿ ਕਿਸਾਨ ਆਗੂ ਰੂਪ ਸਿੰਘ ਨੇ ਪੁਲੀਸ ਵੱਲੋਂ ਰੋਕੇ ਜਾਣ ’ਤੇ ਰੋਸ ਜਤਾਇਆ। ਬੀਕੇਯੂ ਰਾਜੇਵਾਲ ਦੇ ਆਗੂ ਗੋਰਾ ਸਿੰਘ ਢਿੱਲਵਾਂ ਨੇ ਸਰਕਾਰ ਵੱਲੋਂ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਚੇਤੇ ਕਰਵਾਇਆ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ 37 ਮਹੀਨਿਆਂ ’ਚ ਸਿੱਖਿਆ ਅਤੇ ਸਿਹਤ ਵਿਭਾਗ ਪੋਸਟਾਂ ਨਾ ਕੱਢਣ ’ਤੇ ਜਵਾਬ ਮੰਗਿਆ। ਉਨ੍ਹਾਂ ਨੇ ਮਾਸਟਰ ਕੇਡਰ ਅਤੇ ਲੈਕਚਰਾਰ ਦੇ ਸਾਰੇ ਵਿਸ਼ਿਆਂ ਦੀਆਂ ਆਸਾਮੀਆਂ ਕੱਢਣ, ਉਮਰ ਹੱਦ ਛੋਟ ਦੇਣ, ਮਾਸਟਰ ਕੇਡਰ ਦੀ ਬੇਤੁਕੀ 55 ਪ੍ਰਤੀਸ਼ਤ ਅੰਕਾਂ ਦੀ ਸ਼ਰਤ ਰੱਦ ਕਰਨ ਤੇ ਸਹਾਇਕ ਪ੍ਰੋਫ਼ੈਸਰਾਂ ਦੀਆਂ 645 ਦਾ ਇਸ਼ਤਿਹਾਰ ਜਾਰੀ ਕਰਨ ਦੀ ਗੱਲ ਰੱਖੀ। ਆਗੂਆਂ ਨੇ ਕਿਹਾ ਕਿ ਸਰਕਾਰ ਸਿੱਖਿਆ ਖ਼ੇਤਰ ’ਚ ਕ੍ਰਾਂਤੀ ਦੀ ਗੱਲ ਕਰ ਰਹੀ ਹੈ ਪਰ ਅਧਿਆਪਕਾਂ ਬਗ਼ੈਰ ਕ੍ਰਾਂਤੀ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸਕੂਲ ਵਿੱਚ ਆਰਟਸ ਦੇ ਸਾਰੇ 5 ਲੈਕਚਰਾਰ, ਵੋਕੇਸ਼ਨਲ ਦੀਆਂ 6 ’ਚੋਂ 4, ਆਰਟ ਐਂਡ ਕਰਾਫ਼ਟ ਅਧਿਆਪਕ, ਡੀਪੀਈ ਅਧਿਆਪਕ, ਐੱਸਐੱਲਏ, ਵਰਕਸ਼ਾਪ ਅਟੈਂਡੈਂਟ, ਲਾਇਬ੍ਰੇਰੀਅਨ, ਲਾਇਬ੍ਰੇਰੀ ਰਿਸਟੋਰਰ ਤੇ ਚਪੜਾਸੀ ਦੀਆਂ ਆਸਾਮੀਆਂ ਖ਼ਾਲੀ ਹਨ। ਉਨ੍ਹਾਂ ਨੇ ਵਿਧਾਇਕ ਨੂੰ ‘ਆਪ’ ਵੱਲੋਂ ਚੋਣਾਂ ਮੌਕੇ ਕੀਤੇ ਵਾਅਦੇ ਵੀ ਚੇਤੇ ਕਰਵਾਏ ਪਰ ਹਲਕਾ ਵਿਧਾਇਕ ਉਕਤ ਸਵਾਲਾਂ ਦਾ ਕੋਈ ਜਵਾਬ ਨਾ ਦੇ ਸਕੇ।
ਵਿਧਾਇਕ ਲਾਭ ਉਗੋਕੇ ਨੇ ਕਿਹਾ ਕਿ ਟਰਾਲੀਆਂ ਚੋਰੀ ਹੋਣ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਪਿੰਡ ਵਿੱਚ ਸੁਵਿਧਾ ਕੇਂਦਰ ਮੁੜ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਢਿੱਲਵਾਂ ਨਾਭਾ ਦੇ ਸਰਕਾਰੀ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਸਿੱਖਿਆ ਕ੍ਰਾਂਤੀ ਦਾ ਗੁਣਗਾਨ ਕੀਤਾ।