DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੱਖਿਆ ਕ੍ਰਾਂਤੀ: ਕਿਸਾਨ ਯੂਨੀਅਨ ਤੇ ਪਿੰਡ ਵਾਸੀ ਆਹਮੋ-ਸਾਹਮਣੇ

ਕਿਸਾਨ ਯੂਨੀਅਨ ਵੱਲੋਂ ਵਿਰੋਧ ਕਰਨ ’ਤੇ ਪਿੰਡ ਗੁਰਮ ਵਿੱਚ ਉਦਘਾਟਨ ਤੋਂ ਪਹਿਲਾਂ ਮਾਹੌਲ ਭਖਿਆ * ਵਿਧਾਇਕ ਨੇ ਪੁਲੀਸ ਸੁਰੱਖਿਆ ਹੇਠ ਸਕੂਲ ਦੀ ਚਾਰਦੀਵਾਰੀ ਦਾ ਕੀਤਾ ਉਦਘਾਟਨ

  • fb
  • twitter
  • whatsapp
  • whatsapp
featured-img featured-img
ਪਿੰਡ ਗੁਰਮ ਵਿੱਚ ਕਿਸਾਨ ਜਥੇਬੰਦੀ ਦੇ ਆਗੂ ਅਤੇ ਪਿੰਡ ਵਾਸੀ ਆਪਸ ਵਿੱਚ ਬਹਿਸਦੇ ਹੋਏ।
Advertisement

ਲਖਵੀਰ ਸਿੰਘ ਚੀਮਾ

ਮਹਿਲ ਕਲਾਂ, 28 ਅਪਰੈਲ

Advertisement

ਸੂਬਾ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਅੱਜ ਪਿੰਡ ਗੁਰਮ ਵਿੱਚ ਵਿਧਾਇਕ ਵੱਲੋਂ ਉਦਘਾਟਨ ਕਰਨ ਤੋਂ ਪਹਿਲਾਂ ਹੀ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ। ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਜਾਣਾ ਸੀ। ਇਸ ਦੀ ਭਿਣਕ ਪੈਣ ’ਤੇ ਬੀਕੇਯੂ ਏਕਤਾ (ਉਗਰਾਹਾਂ) ਨਾਲ ਸਬੰਧਤ ਕਿਸਾਨ ਵਿਰੋਧ ਲਈ ਸਕੂਲ ਨੇੜੇ ਇਕੱਠੇ ਹੋ ਗਏ ਪਰ ਪਿੰਡ ਦੀ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਅਤੇ ਹੋਰ ਪਿੰਡ ਵਾਸੀਆਂ ਵੱਲੋਂ ਕਿਸਾਨ ਆਗੂਆਂ ਨੂੰ ਅਜਿਹਾ ਨਾ ਕਰਨ ਦੀ ਗੱਲ ਆਖੀ ਗਈ।

Advertisement

ਉਧਰ, ਕਿਸਾਨ ਵਿਰੋਧ ਕਰਨ ’ਤੇ ਅੜੇ ਰਹੇ। ਕਿਸਾਨ ਆਗੂਆਂ ਦਾ ਤਰਕ ਸੀ ਕਿ ਉਹ ਵਿਧਾਇਕ ਨੂੰ ਕਿਸਾਨੀ ਅਤੇ ਹੋਰ ਮੁੱਦਿਆਂ ’ਤੇ ਸਵਾਲ ਕਰਨਾ ਚਾਹੁੰਦੇ ਹਨ। ਇਸ ਮਗਰੋਂ ਦੋਵੇਂ ਧਿਰਾਂ ਵਿੱਚ ਕਾਫ਼ੀ ਗਹਿਮਾ ਗਹਿਮੀ ਵੀ ਹੋਈ। ਇਸ ਦੌਰਾਨ ਕਿਸਾਨਾਂ ਵੱਲੋਂ ‘ਆਪ’ ਸਰਕਾਰ ਅਤੇ ਵਿਧਾਇਕ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪਿੰਡ ਵਾਸੀਆਂ ਵਿੱਚ ਵਧ ਰਹੇ ਆਪਸੀ ਵਿਵਾਦ ਨੂੰ ਰੋਕਣ ਲਈ ਕਿਸਾਨ ਜਥੇਬੰਦੀ ਨੇ ਆਪਣਾ ਪ੍ਰੋਗਰਾਮ ਟਾਲ ਦਿੱਤਾ। ਇਸ ਤੋਂ ਬਾਅਦ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਪੁਲੀਸ ਸੁਰੱਖਿਆ ਹੇਠ ਸਰਕਾਰੀ ਸਕੂਲ ਵਿੱਚ ਉਦਘਾਟਨ ਲਈ ਪਹੁੰਚ ਸਕੇ ਅਤੇ ਸਕੂਲ ਦੀ ਚਾਰਦੀਵਾਰੀ ਦਾ ਉਦਘਾਟਨ ਕੀਤਾ।

ਕਿਸਾਨ ਜਥੇਬੰਦੀ ਬੀਕੇਯੂ ਏਕਤਾ (ਉਗਰਾਹਾਂ) ਦੇ ਬਲਾਕ ਜਨਰਲ ਸਕੱਤਰ ਕੁਲਜੀਤ ਸਿੰਘ ਵਜੀਦਕੇ ਨੇ ਕਿਹਾ ਕਿ ਜਥੇਬੰਦੀ ਦੀ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਸਰਕਾਰ ਦੇ ਹਰ ਵਿਧਾਇਕ ਅਤੇ ਮੰਤਰੀ ਦਾ ਪਿੰਡਾਂ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ। ਉਧਰ, ਵਿਧਾਇਕ ਪੰਡੋਰੀ ਵੱਲੋਂ ਪਿੰਡ ਗੁਰਮ ਤੋਂ ਇਲਾਵਾ ਪਿੰਡ ਠੁੱਲ੍ਹੀਵਾਲ ਅਤੇ ਮਾਂਗੇਵਾਲ ਵਿੱਚ ਵੀ ਸਕੂਲਾਂ ਵਿੱਚ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਗਏ।

ਕਿਸਾਨਾਂ ਨੂੰ ਜਵਾਬ ਦੇਣ ’ਚ ਬੇਵੱਸ ਰਹੇ ਗੱਜਣਮਾਜਰਾ

ਪਿੰਡ ਮੋਰਾਂਵਾਲੀ ’ਚ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੂੰ ਸਵਾਲ ਕਰਦੇ ਹੋਏ ਕਿਸਾਨ।

ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਅੱਜ ਪਿੰਡ ਮੋਰਾਂਵਾਲੀ ਦੇ ਸਰਕਾਰੀ ਸਕੂਲ ਵਿੱਚ ਕਮਰੇ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੂੰ ਸਕੂਲ ਦੇ ਬਾਹਰ ਇੱਕਠੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਵੱਡੀ ਗਿਣਤੀ ਕਿਸਾਨਾਂ ਵੱਲੋਂ ਘੇਰ ਕੇ ਸਵਾਲ ਪੁੱਛੇ ਗਏ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਆਗੂ ਸਰਬਜੀਤ ਸਿੰਘ ਭੁਰਥਲਾ, ਰਵਿੰਦਰ ਸਿੰਘ ਕਾਸਮਪੁਰ, ਸੰਦੀਪ ਸਿੰਘ ਉਪੋਕੀ ਅਤੇ ਰਜਿੰਦਰ ਸਿੰਘ ਭੋਗੀਵਾਲ ਦੀ ਅਗਵਾਈ ਹੇਠ ਸਕੂਲ ਬਾਹਰ ਪਿੱਪਲ ਹੇਠਾਂ ਦਰੀਆਂ ਵਿਛਾ ਕੇ ਬੈਠੇ ਕਿਸਾਨ ਆਗੂਆਂ ਨੇ ਵਿਧਾਇਕ ਨੂੰ ਕਈ ਸਵਾਲ ਪੁੱਛੇ ਗਏ। ਕਿਸਾਨਾਂ ਦੇ ਸਵਾਲਾਂ ਅੱਗੇ ਬੇਵੱਸ ਨਜ਼ਰ ਆਏ ਵਿਧਾਇਕ ਗੱਜਣਮਾਜਰਾ ਨੇ ਕਿਸਾਨਾਂ ਨੂੰ ਸੰਤੁਸ਼ਟ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿਸਾਨ ਸਵਾਲਾਂ ਦੇ ਨਾਲ-ਨਾਲ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਕਿਸਾਨ ਆਗੂ ਰਵਿੰਦਰ ਸਿੰਘ ਕਾਸਮਪੁਰ ਮੁਤਾਬਕ ਅੱਜ ਵਿਧਾਇਕ ਨੂੰ ਘੇਰ ਕੇ ਸਵਾਲ ਪੁੱਛਣ ਲਈ ਕਿਸਾਨਾਂ ਦਾ ਕਾਫਲਾ ਪਿੰਡ ਭੁਰਥਲਾ ਅਤੇ ਲਸੋਈ ਵੀ ਪਹੁੰਚਿਆ ਪਰ ਵਿਧਾਇਕ ਕਿਸਾਨਾਂ ਦੇ ਪਹੁੰਚਣ ਤੋਂ ਪਹਿਲਾਂ ਅੱਗੇ ਨਿਕਲ ਜਾਂਦੇ ਰਹੇ। ਅਖੀਰ ਪਿੰਡ ਮੋਰਾਂਵਾਲੀ ’ਚ ਕਿਸਾਨਾਂ ਤੇ ਵਿਧਾਇਕ ਦਾ ਸਾਹਮਣਾ ਹੋ ਗਿਆ। ਕਿਸਾਨ ਆਗੂਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਦਾਅਵਾ ਕੀਤਾ ਕਿ ਪਿਛਲੇ ਦਿਨੀਂ ਹਲਕਾ ਅਮਰਗੜ੍ਹ ’ਚ ਕਣਕ ਨੂੰ ਅੱਗ ਲੱਗਣ ਦੀਆਂ ਦੋ ਘਟਨਾਵਾਂ ਦੇ ਪੀੜਤ ਕਿਸਾਨਾਂ ਦੀ ਉਨ੍ਹਾਂ ਨੇ ਆਪਣੀ ਜੇਬ ਵਿੱਚੋਂ ਵਿੱਤੀ ਮੱਦਦ ਕੀਤੀ ਹੈ। ਉਨ੍ਹਾਂ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਜਿਹੜੇ ਵੀ ਕਿਸਾਨਾਂ ਦਾ ਫਸਲੀ ਮੁਆਵਜ਼ਾ ਬਕਾਇਆ ਰਹਿੰਦਾ ਹੈ, ਉਨ੍ਹਾਂ ਦੀ ਸੂਚੀ ਬਣਾ ਕੇ ਦੇਣ ਤਾਂ ਉਹ ਮੁਆਵਜ਼ੇ ਲਈ ਭੁੱਖ ਹੜਤਾਲ ’ਤੇ ਬੈਠਣ ਨੂੰ ਵੀ ਤਿਆਰ ਹਨ।

ਹੀਰੇਵਾਲਾ ’ਚ ਵਿਧਾਇਕ ਸਿੰਗਲਾ ਨੂੰ ਕਿਸਾਨਾਂ ਨੇ ਪੁੱਛੇ ਸਵਾਲ

ਮਾਨਸਾ (ਜੋਗਿੰਦਰ ਸਿੰਘ ਮਾਨ): ‘ਆਪ’ ਦੇ ਮਾਨਸਾ ਤੋਂ ਵਿਧਾਇਕ ਡਾ. ਵਿਜੈ ਸਿੰਗਲਾ ਨੂੰ ਨੇੜੇ ਪਿੰਡ ਹੀਰੇਵਾਲਾ ਵਿੱਚ ਸਮਾਗਮ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਵੱਲੋਂ ਰੋਕ ਕੇ ਸਵਾਲ ਪੁੱਛੇ ਗਏ। ਵਿਧਾਇਕ ਪਿੰਡ ’ਚ ਸਰਕਾਰੀ ਮਿਡਲ ਸਕੂਲ ’ਚ ਚਾਰਦੀਵਾਰੀ ਦਾ ਉਦਘਾਟਨ ਕਰਨ ਪਹੁੰਚੇ ਸਨ। ਕਿਸਾਨ ਆਗੂ ਜਗਸੀਰ ਸਿੰਘ ਜਵਾਹਰਕੇ ਨੇ ਵਿਧਾਇਕ ਨੂੰ ਸਵਾਲ ਕਰਦਿਆਂ ਕਿਹਾ ਕਿ ਜਦੋਂ ਸਰਕਾਰ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਜਾਣ-ਆਉਣ ਨਹੀਂ ਦਿੰਦੀ ਤਾਂ ਉਨ੍ਹਾਂ ਨੂੰ ਉਹ ਪਿੰਡਾਂ ਵਿੱਚ ਕਿਵੇਂ ਵੜਨ ਦੇਣ। ਉਨ੍ਹਾਂ ਕਿਸਾਨਾਂ ਦੇ ਖਨੌਰੀ ਅਤੇ ਸ਼ੰਭੂ ਬਾਰਡਰ ’ਤੇ ਚੋਰੀ ਹੋਏ ਵਾਹਨਾਂ ਦਾ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਮੀਟਿੰਗ ਦੇ ਬਹਾਨੇ ਬੁਲਾ ਕੇ ਗ੍ਰਿਫ਼ਤਾਰ ਕਰਨ ਦੇ ਦੋਸ਼ ਲਾਏ। ਇਸੇ ਦੌਰਾਨ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਸਰਕਾਰ ਕੋਲ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਵੇਲੇ ਕੀਤੇ ਸਾਰੇ ਵਾਅਦੇ ਸਰਕਾਰ ਪੂਰੇ ਕਰ ਰਹੀ ਹੈ ਅਤੇ ਕਿਸਾਨਾਂ-ਮਜ਼ਦੂਰਾਂ ਨੂੰ ਕਣਕ ਦੀ ਖਰੀਦ ਵਿੱਚ ਕੋਈ ਵੀ ਦਿੱਕਤ ਨਹੀਂ ਆ ਰਹੀ।

Advertisement
×