ਦੁਰਾਲੀ ਦੀ ਪੰਚਾਇਤ ਵੱਲੋਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਮਤਾ ਪਾਸ
ਮੁਹਾਲੀ ਬਲਾਕ ਦੇ ਪਿੰਡ ਦੁਰਾਲੀ ਦੇ ਲੋਕਾਂ ਵੱਲੋਂ ਪਿੰਡ ਦੀ ਧਰਮਸ਼ਾਲਾ ਵਿੱਚ ਇਕੱਠ ਕਰ ਕੇ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ ਗਿਆ। ਪਿੰਡ ਵਾਸੀਆਂ ਨੇ ਹਸਤਾਖ਼ਰ ਕਰ ਕੇ ਅਤੇ ਹੱਥ ਖੜ੍ਹੇ ਕਰ ਕੇ ਐਲਾਨ ਕੀਤਾ ਕਿ ਉਹ ਪਿੰਡ ਦੀ ਜ਼ਮੀਨ ਜੋ ਮੁਹਾਲੀ ਦੇ 101 ਅਤੇ 103 ਸੈਕਟਰਾਂ ਵਿੱਚ ਪੈਂਦੀ ਹੈ, ਨੂੰ ਕਿਸੇ ਵੀ ਕੀਮਤ ’ਤੇ ਸਰਕਾਰ ਨੂੰ ਨਹੀਂ ਦੇਣਗੇ। ਪਿੰਡ ਦੇ ਸਰਪੰਚ ਮਲਕੀਤ ਸਿੰਘ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ, ਨੰਬਰਦਾਰ ਬਹਾਦਰ ਸਿੰਘ, ਰਾਜਿੰਦਰ ਸਿੰਘ, ਜਗਦੀਪ ਸਿੰਘ, ਹਰਨੇਕ ਸਿੰਘ, ਰਣਬੀਰ ਸਿੰਘ, ਗੁਰਮੀਤ ਸਿੰਘ, ਜਗਦੀਪ ਸਿੰਘ, ਹਰਵਿੰਦਰ ਸਿੰਘ(ਸਾਰੇ ਪੰਚ), ਸਤਨਾਮ ਸਿੰਘ, ਸਤਵਿੰਦਰ ਸਿੰਘ, ਭੁਪਿੰਦਰ ਸਿੰਘ, ਕਿਸਾਨ ਆਗੂ ਦਰਸ਼ਨ ਸਿੰਘ, ਬਲਬੀਰ ਸਿੰਘ, ਮੇਜਰ ਸਿੰਘ, ਗੁਰਪ੍ਰੀਤ ਸਿੰਘ ਲਾਲੀ ਨੇ ਦੱਸਿਆ ਇਸ ਇਕੱਠ ਵਿੱਚ ਜ਼ਮੀਨ ਦੇ ਮਾਲਕ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਫ਼ੈਸਲਾ ਕੀਤਾ ਕਿ ਪਿੰਡ ਦੇ ਕਿਸਾਨਾਂ ਕੋਲ ਸੀਮਤ ਜ਼ਮੀਨ ਹੈ। ਉਹ ਆਪਣੀ ਜ਼ਮੀਨਾਂ ਵਿੱਚ ਖੇਤੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰ ਕਰਦੇ ਹਨ। ਉਨ੍ਹਾਂ ਨੂੰ ਨਵੀਂ ਲੈਂਡ ਪੂਲਿੰਗ ਨੀਤੀ ’ਤੇ ਕਾਫੀ ਇਤਰਾਜ਼ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਜ਼ਮੀਨਾਂ ਸਰਕਾਰ ਨੂੰ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਗ੍ਰਾਮ ਸਭਾ ਦਾ ਮਤਾ ਅਗਲੇਰੀ ਕਾਰਵਾਈ ਲਈ ਗਮਾਡਾ ਅਤੇ ਉੱਚ ਅਧਿਕਾਰੀਆਂ ਨੂੰ ਵੀ ਭੇਜਿਆ ਜਾਵੇਗਾ।
ਕਈ ਹੋਰ ਪਿੰਡ ਵੀ ਨੀਤੀ ਦੇ ਵਿਰੋਧ ’ਚ ਨਿੱਤਰੇ
ਮੁਹਾਲੀ ਜ਼ਿਲ੍ਹੇ ਦੇ ਪਿੰਡ ਪਿੰਡ ਸਨੇਟਾ, ਪੱਤੋਂ, ਬੜੀ, ਕੁਰੜੀ, ਸਿਆਊ, ਕਿਸ਼ਨਪੁਰਾ ਆਦਿ ਦੇ ਕਿਸਾਨਾਂ ਨੇ ਦੱਸਿਆ ਕਿ ਉਹ ਆਪਣੀਆਂ ਜ਼ਮੀਨਾਂ ਲਈ ਲੈਂਡ ਪੂਲਿੰਗ ਨੀਤੀ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਇਸ ਵਿਚ ਬਹੁਤ ਖਾਮੀਆਂ ਹਨ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਪਹਿਲਾਂ ਮੁਹਾਲੀ ਵਿੱਚ ਆ ਚੁੱਕੇ ਪਿੰਡਾਂ ਨੂੰ ਗਮਾਡਾ ਵੱਲੋਂ ਕੋਈ ਬੁਨਿਆਦੀ ਸਹੂਲਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਕਤ ’ਚ ਨਾ ਕੋਈ ਸਿੱਧੀ ਸੜਕ, ਨਾ ਸੀਵਰੇਜ ਤੇ ਨਾ ਪਾਣੀ ਦੀ ਸਪਲਾਈ, ਨਾ ਸਾਂਝੇ ਕੰਮਾਂ ਲਈ ਥਾਂ ਤੇ ਨਾ ਹੀ ਕੋਈ ਪਾਰਕ ਆਦਿ ਦੀ ਸਹੂਲਤ ਹੈ। ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਜਬਰੀ ਜ਼ਮੀਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇਸ ਦਾ ਵਿਰੋਧ ਕਰਨਗੇ।