ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਸਤੰਬਰ
ਪੰਜਾਬ ਵਿੱਚ ਕਈ ਦਿਨਾਂ ਤੋਂ ਪੈ ਰਹੇ ਮੀਂਹ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਤਾਂ ਦਿਵਾ ਦਿੱਤੀ ਹੈ ਪਰ ਇਹ ਮੀਂਹ ਕਿਸਾਨਾਂ ਲਈ ਨੁਕਸਾਨਦਾਇਕ ਸਾਬਤ ਹੋ ਰਿਹਾ ਹੈ। ਸਤੰਬਰ ਮਹੀਨੇ ਦੇ ਅਖੀਰ ਵਿੱਚ ਪੈ ਰਹੇ ਭਾਰੀ ਮੀਂਹ ਤੇ ਤੇਜ਼ ਹਵਾਵਾਂ ਕਰਕੇ ਖੇਤਾਂ ’ਚ ਤਿਆਰ ਹੋਣ ਕੰਢੇ ਪਹੁੰਚ ਚੁੱਕੀ ਝੋਨੇ ਦੀ ਫਸਲ ਕਈ ਥਾਵਾਂ ’ਤੇ ਵਿਛ ਗਈ ਹੈ। ਇਸ ਮੀਂਹ ਕਰਕੇ ਜ਼ਿਆਦਾਤਰ ਥਾਵਾਂ ’ਤੇ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ ਜਿਸ ਕਰਕੇ ਝੋਨੇ ਦੀ ਵਾਢੀ ’ਚ ਦੇਰੀ ਹੋਵੇਗੀ। ਉਧਰ ਅੰਮ੍ਰਿਤਸਰ ਤੇ ਤਰਨ ਤਾਰਨ ਇਲਾਕੇ ਵਿੱਚ ਤਾਂ ਝੋਨੇ ਦੀ ਫ਼ਸਲ ਖਾਸੀ ਪ੍ਰਭਾਵਿਤ ਹੋਈ ਹੈ। ਮੌਸਮ ਵਿਗਿਆਨੀਆਂ ਅਨੁਸਾਰ ਸੂਬੇ ’ਚ 24 ਤੇ 25 ਸਤੰਬਰ ਨੂੰ ਕੁਝ ਥਾਵਾਂ ’ਤੇ ਮੀਂਹ ਪੈ ਸਕਦਾ ਹੈ।
ਸੂਬੇ ’ਚ ਰੁਕ-ਰੁਕ ਕੇ ਪੈ ਰਹੇ ਤੇਜ਼ ਮੀਂਹ ਕਰਕੇ ਮੁਕਤਸਰ ਇਲਾਕੇ ਵਿੱਚ ਨਰਮੇ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਵੀ ਸੂਬੇ ’ਚ ਸਬਜ਼ੀ ਦੀ ਫਸਲ ਵੀ ਪ੍ਰਭਾਵਿਤ ਹੋਈ ਹੈ। ਗੌਰਤਲਬ ਹੈ ਕਿ ਸਤੰਬਰ ਮਹੀਨੇ ਦੇ ਆਖਰੀ ਦਿਨਾਂ ਵਿੱਚ ਮੀਂਹ ਪੈਣ ਦਾ ਅਸਰ ਝੋਨੇ ਦੇ ਖਰੀਦ ਸੀਜ਼ਨ ’ਤੇ ਵੀ ਪੈ ਸਕਦਾ ਹੈ। ਪੰਜਾਬ ’ਚ ਝੋਨੇ ਦੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਵੇਗੀ ਪਰ ਇਨ੍ਹਾਂ ਦਿਨਾਂ ਵਿੱਚ ਮੀਂਹ ਪੈਣ ਕਰਕੇ ਸੂਬੇ ਦੇ ਜ਼ਿਆਦਾਤਰ ਖੇਤਰ ਵਿੱਚ ਝੋਨੇ ਦੀ ਵਾਢੀ ਵਿੱਚ ਦੋ-ਚਾਰ ਦਿਨਾਂ ਦੀ ਦੇਰੀ ਹੋ ਸਕਦੀ ਹੈ। ਝੋਨੇ ਦੀ ਵਾਢੀ ਵਿੱਚ ਦੇਰੀ ਹੋਣ ਕਰਕੇ ਮੰਡੀਆਂ ਵਿੱਚ ਵੀ ਝੋਨਾ ਤੈਅ ਸਮੇਂ ਤੋਂ ਦੇਰੀ ਨਾਲ ਪਹੁੰਚੇਗਾ। ਅੱਜ ਪੰਜਾਬ ਵਿੱਚ ਸਵੇਰ ਮੀਂਹ ਪਿਆ, ਜਿਸ ਤੋਂ ਬਾਅਦ ਤਿੱਖੀ ਧੁੱਪ ਨਿਕਲੀ। ਸਵੇਰ ਵੇਲੇ ਤੇਜ਼ ਮੀਂਹ ਤੇ ਹਵਾਵਾਂ ਚੱਲਣ ਕਰਕੇ ਦਿਨ ’ਚ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਇਸੇ ਕਰਕੇ ਸੂਬੇ ’ਚ ਬਿਜਲੀ ਦੀ ਮੰਗ ਵੀ ਘੱਟ ਗਈ ਹੈ। ਅੱਜ ਪੰਜਾਬ ’ਚ ਬਿਜਲੀ ਦੀ ਮੰਗ 9 ਤੋਂ 10 ਹਜ਼ਾਰ ਮੈਗਾਵਾਟ ਤੱਕ ਦਰਜ ਕੀਤੀ ਗਈ। ਜਾਣਕਾਰੀ ਅਨੁਸਾਰ ਅੱਜ ਸਵੇਰੇ 8.30 ਵਜੇ ਤੋਂ ਬਾਅਦ ਚੰਡੀਗੜ੍ਹ ਵਿੱਚ 11 ਐੱਮਐੱਮ, ਲੁਧਿਆਣਾ ’ਚ 2 ਐੱਮਐੱਮ, ਪਟਿਆਲਾ ’ਚ 4 ਐੱਮਐੱਮ, ਰੋਪੜ ’ਚ 17 ਐੱਮਐੱਮ, ਨਵਾਂ ਸ਼ਹਿਰ ’ਚ 9 ਐੱਮਐੱਮ, ਫਤਿਹਗੜ੍ਹ ਸਾਹਿਬ ’ਚ 3 ਐੱਮਐੱਮ ਮੀਂਹ ਪਿਆ।