ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਦਾ ਸੂਬਾ ਪੱਧਰੀ ਵਫ਼ਦ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਦੀ ਅਗਵਾਈ ਹੇਠ ਡਾਇਰੈਕਟਰ ਸੈਕੰਡਰੀ ਸਿੱਖਿਆ ਗੁਰਿੰਦਰ ਸਿੰਘ ਸੋਢੀ ਨੂੰ ਮਿਲਿਆ। ਵਫ਼ਦ ਵੱਲੋਂ ਬਦਲੀਆਂ ਅਤੇ ਤਰੱਕੀਆਂ ਸਣੇ ਅਧਿਆਪਕ ਦੀਆਂ ਮੁਸ਼ਕਲਾਂ ਦੇ ਹੱਲ ਲਈ ਚਰਚਾ ਕੀਤੀ ਗਈ।
ਫਰੰਟ ਦੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ ਅਧਿਕਾਰੀ ਨਾਲ ਚੱਲੀ ਮੀਟਿੰਗ ਵਿੱਚ ਵਿਭਾਗੀ ਮਸਲਿਆਂ ’ਤੇ ਚਰਚਾ ਹੋਈ। ਸਿੱਖਿਆ ਅਧਿਕਾਰੀ ਵੱਲੋਂ ਅਗਸਤ ਤੇ ਸਤੰਬਰ-2024 ਦੌਰਾਨ ਹੋਈਆਂ ਤਰੱਕੀਆਂ ਵਿੱਚ ਦੂਰ-ਦੁਰਾਡੇ ਸਟੇਸ਼ਨਾਂ ’ਤੇ ਭੇਜੇ ਅਧਿਆਪਕਾਂ ਨੂੰ ਬਦਲੀਆਂ ਦਾ ਵਿਸ਼ੇਸ਼ ਮੌਕਾ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ। ਮਾਸਟਰ ਕਾਡਰ ਤੋਂ ਬਤੌਰ ਲੈਕਚਰਾਰ ਪਦਉਨਤ ਹੋਏ ਨੋਸ਼ਨਲ ਤੌਰ ’ਤੇ ਹਾਜ਼ਰ ਹੋਣ ਵਾਲੇ ਅਧਿਆਪਕਾਂ ਨੂੰ ਹਾਜ਼ਰ ਹੋਣ ਦੀ ਮਿਤੀ ਤੋਂ ਹੀ ਪਦਉਨਤੀ ਦੀ ਤਨਖ਼ਾਹ ਦਿੱਤੀ ਜਾਵੇਗੀ, ਬਦਲੀਆਂ ਦਾ ਕੰਮ ਮੁਕੰਮਲ ਹੋਣ ’ਤੇ ਖਾਲੀ ਪੋਸਟਾਂ ’ਤੇ ਹਾਜ਼ਰ ਕਰਵਾਇਆ ਜਾਵੇਗਾ, ਬਦਲੀਆਂ ਸਬੰਧੀ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰ ਕੇ ਮੈਰਿਟ ਅੰਕ ਜਾਰੀ ਕਰਨ ਦਾ ਵਿਸ਼ਵਾਸ਼ ਦਿਵਾਇਆ ਗਿਆ। ਉਨ੍ਹਾਂ ਦੱਸਿਆ ਕਿ ਅਧਿਕਾਰੀ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਲਗਪਗ 5 ਹਜ਼ਾਰ ਈਟੀਟੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ 15 ਦਿਨਾਂ ਦੇ ਵਿੱਚ-ਵਿੱਚ ਕੀਤੀਆਂ ਜਾਣਗੀਆਂ। ਐੱਚਟੀਸੀਐੱਚਟੀ ਸੀਐਂਡਵੀ ਕਾਡਰ ਸਣੇ ਨਾਨ-ਟੀਚਿੰਗ ਅਮਲੇ ਦੀਆਂ ਤਰੱਕੀਆਂ ਸਬੰਧੀ ਕੇਸ ਜਲਦ ਮੰਗੇ ਜਾਣਗੇ। ਲੈਕਚਰਾਰ, ਮੁੱਖ ਅਧਿਆਪਕ ਤੋਂ ਪ੍ਰਿੰਸੀਪਲ ਅਤੇ ਬੀਪੀਈਓ ਤੋਂ ਮੁੱਖ ਅਧਿਆਪਕ ਦੀਆਂ ਤਰੱਕੀਆਂ ਨਵੇਂ ਨਿਯਮਾਂ ਮੁਤਾਬਕ ਹੋਣਗੀਆਂ ਆਦਿ। ਫਰੰਟ ਆਗੂ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਪੰਜ ਅਧਿਆਪਕ ਆਗੂਆਂ ਖ਼ਿਲਾਫ਼ ਦਰਜ ਐੱਫਆਈਆਰ ਰੱਦ ਹੋਣ ਉਪਰੰਤ ਦੋਸ਼ ਸੂਚੀ ਰੱਦ ਕਰਨ ਦਾ ਪੱਤਰ ਜਾਰੀ ਕੀਤੇ ਜਾਣ ਦਾ ਵੀ ਭਰੋਸਾ ਮਿਲਿਆ। ਸੂਬਾਈ ਆਗੂਆਂ ਸੁਖਵਿੰਦਰ ਸੁੱਖੀ, ਦਲਜੀਤ ਸਮਰਾਲਾ ਅਤੇ ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ ਨੇ ਹੋਰ ਮੰਗਾਂ ਚੁੱਕੀਆਂ। ਅਧਿਕਾਰੀ ਵੱਲੋਂ ਅਧਿਆਪਕ ਮਸਲਿਆਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ।