ਡੀਟੀਐੱਫ ਦਾ ਵਫ਼ਦ ਮੰਗਾਂ ਬਾਰੇ ਡਾਇਰੈਕਟਰ ਨੂੰ ਮਿਲਿਆ
ਕਰਮਜੀਤ ਸਿੰਘ ਚਿੱਲਾ
ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਦੇ ਸੂਬਾਈ ਆਗੂਆਂ ਦੇ ਵਫ਼ਦ ਨੇ ਅੱਜ ਪ੍ਰਾਇਮਰੀ ਵਿਭਾਗ ਨਾਲ ਸਬੰਧਤ ਵੱਖ-ਵੱਖ ਅਧਿਆਪਕ ਮੰਗਾਂ ਸਬੰਧੀ ਡਾਇਰੈਕਟਰ ਸਕੂਲ ਐਜੂਕੇਸ਼ਨ (ਐਲੀਮੈਂਟਰੀ) ਨਾਲ ਇੱਥੇ ਦਫ਼ਤਰ ਵਿੱਚ ਮੁਲਾਕਾਤ ਕੀਤੀ।
ਡੀਟੀਐੱਫ਼ ਦੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਮੀਤ ਪ੍ਰਧਾਨ ਜਗਪਾਲ ਬੰਗੀ ਦੀ ਅਗਵਾਈ ਹੇਠ ਡੀਐੱਸਈ ਹਰਕੀਰਤ ਕੌਰ ਚਾਨੇ ਨੂੰ ਮਿਲੇ ਵਫ਼ਦ ਨਾਲ ਉਨ੍ਹਾਂ ਨਾਲ ਅਧਿਆਪਕਾਂ ਦੇ ਵੱਖ-ਵੱਖ ਮਾਮਲੇ ਵਿਚਾਰੇ ਅਤੇ ਮੰਗ ਪੱਤਰ ਵੀ ਦਿੱਤਾ। ਮੀਟਿੰਗ ਵਿੱਚ ਰੀਕਾਸਟ ਮੈਰਿਟ ਸੂਚੀਆਂ ਵਿੱਚੋਂ ਬਾਹਰ ਕੀਤੇ 6635 ਈਟੀਟੀ ਭਰਤੀ ਦੇ 106 ਅਧਿਆਪਕਾਂ ਨੂੰ ਜਾਰੀ ਕੀਤੇ ਗਏ ਸ਼ੋਅ ਕਾਜ਼ ਨੋਟਿਸ ਰੱਦ ਕਰਕੇ ਹੁਣ ਤੱਕ ਦੀ ਨੌਕਰੀ ਅਤੇ ਭਵਿੱਖ ਪੂਰਨ ਸੁਰੱਖਿਅਤ ਕੀਤੇ ਜਾਣ ਦੀ ਮੰਗ ਕੀਤੀ ਗਈ। ਇਸੇ ਤਰ੍ਹਾਂ 180 ਈਟੀਟੀ ਅਧਿਆਪਕਾਂ ਦੇ ਮੁੱਢਲੀ ਭਰਤੀ ਈਟੀਟੀ 4500 ਤਹਿਤ ਸਾਰੇ ਲਾਭ ਬਹਾਲ ਕਰਨ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੰਜਾਬ ਤਨਖਾਹ ਸਕੇਲ ਬਹਾਲ ਕਰਨ ਦੇ ਸਰਵ ਉੱਚ ਅਦਾਲਤ ਦੇ ਫੈਸਲੇ ਨੂੰ ਸਮੂਹ ਈਟੀਟੀ 6635, 5894 ਅਤੇ 2364 ਲਈ ਜਨਰਲਾਈਜ਼ ਕੀਤੇ ਜਾਣ, ਜੱਗਾ ਸਿੰਘ ਬਨਾਮ ਸਟੇਟ ਆਫ਼ ਪੰਜਾਬ ਕੇਸ ਵਿੱਚ ਪੰਜਾਬ ਤਨਖਾਹ ਸਕੇਲ ਬਹਾਲੀ ਬਾਰੇ ਛੇ ਮਹੀਨੇ ਪਹਿਲਾਂ ਆਏ ਫੈਸਲੇ ਸਮੇਂ ਅਜਿਹੇ ਬਾਕੀ ਕੇਸਾਂ ਦੇ ਸਪੀਕਿੰਗ ਆਰਡਰ ਜਾਰੀ ਕੀਤੇ ਜਾਣ, ਈਟੀਟੀ ਤੋਂ ਮਾਸਟਰ ਕਾਡਰ ਦੀ ਕਈ ਸਾਲਾਂ ਤੋਂ ਲਟਕੀ ਤਰੱਕੀ ਬਿਨਾਂ ਦੇਰੀ ਨੇਪਰੇ ਚਾੜ੍ਹੀ ਜਾਵੇ ਅਤੇ ਸਾਰੇ ਐਸੋਸੀਏਟ ਟੀਚਰਜ਼ ਨੂੰ ਸੀਐੱਸਆਰ ਦੇ ਤਹਿਤ ਰੈਗੂਲਰ ਕਰਨ ਅਤੇ ਹੋਰ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਗਈ।
ਅਧਿਆਪਕ ਆਗੂਆਂ ਨੇ ਦੱਸਿਆ ਕਿ ਡੀਐੱਸਈ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਅਧਿਆਪਕਾਂ ਦੀਆਂ ਮੰਗਾਂ ਦੀ ਫ਼ਾਈਲ ਪਹਿਲਾਂ ਹੀ ਵਿੱਤ ਵਿਭਾਗ ਕੋਲ ਭੇਜੀ ਹੋਈ ਹੈ ਤੇ ਰਹਿੰਦੀਆਂ ਮੰਗਾਂ ਬਾਰੇ ਜਲਦੀ ਹੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ ਅਤੇ ਤਰੱਕੀਆਂ ਦਾ ਕੰਮ ਜਲਦੀ ਨੇਪਰੇ ਚਾੜ੍ਹਿਆ ਜਾਵੇਗਾ।