ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਸ਼ੇ ਨੇ ਲਈ ਨੌਜਵਾਨ ਦੀ ਜਾਨ

ਮਾਂ ਅਤੇ ਭਰਾ ਨੇ ਸਰਕਾਰ ’ਤੇ ਸੇਧੇ ਨਿਸ਼ਾਨੇ; ਦਸ ਦਿਨਾਂ ਵਿੱਚ ਦੂਜੀ ਮੌਤ; ਪੰਚਾਇਤ ਵੱਲੋਂ ਸਾਲ ਵਿੱਚ ਦਰਜਨ ਮੌਤਾਂ ਹੋਣ ਦਾ ਦਾਅਵਾ
ਮ੍ਰਿਤਕ (ਇਨਸੈੱਟ ਸੁਖਵਿੰਦਰ ਸਿੰਘ) ਦੀ ਮਾਂ ਕਰਮਜੀਤ ਕੌਰ ਅਤੇ ਭਰਾ ਬਲਜਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ।
Advertisement

ਸੰਤੋਖ ਗਿੱਲ

ਰਾਏਕੋਟ, 2 ਜੂਨ

Advertisement

ਚਾਰ ਦਿਨ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਇਤਿਹਾਸਕ ਪਿੰਡ ਤਲਵੰਡੀ ਰਾਏ ਦੇ ਨੌਜਵਾਨ ਸੁਖਵਿੰਦਰ ਸਿੰਘ (22) ਨੇ ਐਤਵਾਰ ਰਾਤ 8 ਵਜੇ ਦਮ ਤੋੜ ਦਿੱਤਾ। ਨਸ਼ੇ ਦੀ ਓਵਰਡੋਜ਼ ਨਾਲ ਮੌਤ ਦੇ ਮੂੰਹ ਜਾਣ ਵਾਲੇ ਸੁਖਵਿੰਦਰ ਸਿੰਘ ਦਾ ਅੱਜ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੀ ਮਾਂ ਕਰਮਜੀਤ ਕੌਰ ਅਤੇ ਭਰਾ ਬਲਜਿੰਦਰ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਦੇ ਥਾਪੜੇ ਨਾਲ ਉਨ੍ਹਾਂ ਦੇ ਪਿੰਡ ਵਿੱਚ ਨਸ਼ਾ ਖੁੱਲ੍ਹੇਆਮ ਵਿਕਦਾ ਹੈ। ਖੇਤਾਂ ਵਿੱਚ ਕੰਮ ਕਰਦਿਆਂ ਬਿਜਲੀ ਦਾ ਕਰੰਟ ਲੱਗ ਕੇ ਉਸ ਦੇ ਪਤੀ ਜਗਰੂਪ ਸਿੰਘ ਦੀ ਮੌਤ ਹੋਣ ਮਗਰੋਂ ਪਰਿਵਾਰ ਦੀ ਕਿਸੇ ਨੇ ਬਾਂਹ ਨਹੀਂ ਫੜੀ ਅਤੇ ਹੁਣ ਉਸ ਦਾ ਕਮਾਊ ਪੁੱਤ ਵੀ ਨਸ਼ੇ ਦੀ ਭੇਟ ਚੜ੍ਹ ਗਿਆ।

ਕਰਮਜੀਤ ਕੌਰ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੀਆਂ ਜ਼ਮਾਨਤਾਂ ਕਰਾਉਣ ਵਾਲੇ ਬਾਹਰ ਰਹਿ ਕੇ ਸ਼ਰ੍ਹੇਆਮ ਨਸ਼ਾ ਵੇਚਦੇ ਹਨ। ਸਰਪੰਚ ਕਰਮਜੀਤ ਕੌਰ ਦੇ ਪਤੀ ਇੰਦਰਜੀਤ ਸਿੰਘ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਜੱਸੀ, ਕਾਂਗਰਸੀ ਆਗੂ ਕਰਮਜੀਤ ਸਿੰਘ, ਸਾਬਕਾ ਪੰਚ ਜਤਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਕੋਮਲ ਨੇ ਕਿਹਾ ਕਿ 10 ਦਿਨਾਂ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇਹ ਦੂਜੀ ਮੌਤ ਹੈ ਅਤੇ ਸਾਲ ਵਿੱਚ 12 ਤੋਂ ਵੱਧ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 10 ਦਿਨ ਪਹਿਲਾਂ ਮੇਜਰ ਸਿੰਘ ਦੇ ਪੁੱਤਰ ਭੋਲੂ (21) ਦੀ ਨਸ਼ੇ ਕਾਰਨ ਮੌਤ ਹੋ ਗਈ ਸੀ। ਚਾਰ ਦਿਨ ਪਹਿਲਾਂ ਪਿੰਡ ਦੀ ਰਾਏਵਾਲਾ ਧਰਮਸ਼ਾਲਾ ਵਿੱਚ ਸੁਖਵਿੰਦਰ ਸਿੰਘ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਸੀ। ਸਰਪੰਚ ਕਰਮਜੀਤ ਕੌਰ ਅਤੇ ਉਸ ਦੇ ਪਤੀ ਇੰਦਰਜੀਤ ਸਿੰਘ ਨੇ ਕਿਹਾ ਕਿ ਸੁਖਵਿੰਦਰ ਕੋਲੋਂ ਸਰਿੰਜ, ਨਸ਼ੇ ਵਾਲਾ ਟੀਕਾ ਅਤੇ ਗੋਲੀਆਂ ਮਿਲੀਆਂ ਸਨ। ਪੰਚਾਇਤ ਨੇ ਪਰਿਵਾਰ ਦੀ ਸਹਾਇਤਾ ਨਾਲ ਸੁਖਵਿੰਦਰ ਨੂੰ ਪਹਿਲਾਂ ਰਾਏਕੋਟ, ਮਗਰੋਂ ਲੁਧਿਆਣਾ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਕੁਝ ਦਿਨ ਪਹਿਲਾਂ ਪਿੰਡ ਵਿੱਚ ਨਸ਼ਾ ਵਿਰੋਧੀ ਮੀਟਿੰਗ ਵਿੱਚ ਵੀ ਮੁੱਦਾ ਉੱਠਿਆ ਸੀ, ਪਰ ਵਿਧਾਇਕ ਹਾਕਮ ਸਿੰਘ ਠੇਕੇਦਾਰ ਸਰਕਾਰ ਦਾ ਗੁਣਗਾਨ ਕਰਨ ਮਗਰੋਂ ਚਲੇ ਗਏ। ਵਿਧਾਇਕ ਠੇਕੇਦਾਰ ਦੀ ਟੀਮ ਵੱਲੋਂ ਦਿੱਤੇ ਨੰਬਰਾਂ ’ਤੇ ਫ਼ੋਨ ਕਰਨ ਦੇ ਬਾਵਜੂਦ ਕੋਈ ਨਹੀਂ ਬਹੁੜਿਆ। ਪੁਲੀਸ ਅਧਿਕਾਰੀ ਨਸ਼ਾ ਰੋਕਣ ਦੀ ਥਾਂ ਉਨ੍ਹਾਂ ਨੂੰ ਮੂੰਹ ਬੰਦ ਰੱਖਣ ਲਈ ਧਮਕਾਉਂਦੇ ਹਨ।

ਡੀਐੱਸਪੀ ਰਾਏਕੋਟ ਹਰਜਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਵਿੱਚ ਉਨ੍ਹਾਂ ਦੇ ਖੇਤਰ ਵਿੱਚ ਨਸ਼ਾ ਤਸਕਰਾਂ ਵਿਰੁੱਧ 60 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਤਲਵੰਡੀ ਰਾਏ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ ਬਾਰੇ ਉਨ੍ਹਾਂ ਨਾਲ ਕਿਸੇ ਨੇ ਸੰਪਰਕ ਨਹੀਂ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਨਸ਼ੇ ਵਿਰੁੱਧ ਦਿਨ ਰਾਤ ਸਖ਼ਤੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਤਲਵੰਡੀ ਰਾਏ ਦੀ ਘਟਨਾ ਬਾਰੇ ਕਾਰਵਾਈ ਕੀਤੀ ਜਾਵੇਗੀ।

Advertisement