ਇੱਥੋਂ ਦੇ ਜ਼ਿਲ੍ਹਾ ਪ੍ਰਸ਼ਾਸਨ ਤੇ ਦਿਹਾਤੀ ਪੁਲੀਸ ਵੱਲੋਂ ਹਲਕਾ ਰਾਜਾਸਾਂਸੀ ਦੇ ਪਿੰਡ ਭੱਗੂਪੁਰ ਵਿੱਚ ਨਸ਼ਾ ਤਸਕਰ ਮਲੂਕ ਸਿੰਘ ਦਾ ਘਰ ਢਾਹ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮਲੂਕ ਸਿੰਘ ਅਤੇ ਉਸ ਦੇ ਪੁੱਤਰ ਸਤਬੀਰ ਸਿੰਘ ਤੇ ਰਣਜੀਤ ਸਿੰਘ ਲੰਮੇ ਸਮੇਂ ਤੋਂ ਕਥਿਤ ਨਸ਼ਿਆਂ ਦਾ ਕਾਰੋਬਾਰ ਕਰ ਰਹੇ ਹਨ। ਇਨ੍ਹਾਂ ਖ਼ਿਲਾਫ਼ ਹੁਣ ਤੱਕ ਐੱਨ ਡੀ ਪੀ ਐੱਸ ਦੇ 24 ਕੇਸ ਦਰਜ ਹਨ। ਐੱਸ ਪੀ ਆਦਿੱਤਿਆ ਵਾਰੀਅਰ ਨੇ ਦੱਸਿਆ ਕਿ ਇਹ ਪਰਿਵਾਰ ਪਿੰਡ ਦੇ ਛੱਪੜ ਦੀ ਜ਼ਮੀਨ ’ਤੇ ਗ਼ੈਰ-ਕਾਨੂੰਨੀ ਤੌਰ ’ਤੇ ਮਕਾਨ ਬਣਾ ਕੇ ਰਹਿ ਰਿਹਾ ਸੀ। ਪਿੰਡ ਵਾਸੀਆਂ ਨੇ ਬੀ ਡੀ ਪੀ ਓ ਦਫ਼ਤਰ ਨੂੰ ਲਿਖਤੀ ਸ਼ਿਕਾਇਤ ਕੀਤੀ, ਜਿਸ ਉਪਰੰਤ ਬੀ ਡੀ ਪੀ ਓ ਨੇ ਰਿਪੋਰਟ ਤਿਆਰ ਕਰ ਕੇ ਪੁਲੀਸ ਪ੍ਰਸ਼ਾਸਨ ਨੂੰ ਭੇਜੀ ਅਤੇ ਇਹ ਉਸਾਰੀ ਢਾਹੁਣ ਦੀ ਮੰਗ ਕੀਤੀ। ਅੱਜ ਬੀ ਡੀ ਪੀ ਓ ਦਫ਼ਤਰ ਨੇ ਪੁਲੀਸ ਟੀਮ ਨਾਲ ਉਸਾਰੀ ਨੂੰ ਢਾਹ ਕੇ ਜ਼ਮੀਨ ਦਾ ਕਬਜ਼ਾ ਪੰਚਾਇਤ ਦੇ ਹਵਾਲੇ ਕੀਤਾ। ਪੁਲੀਸ ਅਧਿਕਾਰੀ ਅਨੁਸਾਰ ਮਲੂਕ ਸਿੰਘ ਤੇ ਉਸ ਦੇ ਪੁੱਤਰ ਇਸ ਸਮੇਂ ਫਰਾਰ ਹਨ, ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਜਾਰੀ ਹਨ। ਕਰੀਬ ਅੱਠ ਸਾਲਾਂ ਤੋਂ ਇਹ ਪਰਿਵਾਰ ਨਸ਼ਿਆਂ ਦੇ ਕਾਰੋਬਾਰ ਨਾਲ ਗੈਰ-ਕਾਨੂੰਨੀ ਕਮਾਈ ਕਰ ਰਿਹਾ ਸੀ। ਪੁਲੀਸ ਅਧਿਕਾਰੀ ਨੇ ਕਿਹਾ ਨਸ਼ੇ ਦਾ ਕਾਰੋਬਾਰ ਕਰ ਕੇ ਕਾਲੀ ਕਮਾਈ ਨਾਲ ਬਣਾਈ ਜਾਇਦਾਦ ਨੂੰ ਰਹਿਣ ਨਹੀਂ ਦਿੱਤਾ ਜਾਵੇਗਾ। ਪਿੰਡ ਵਾਸੀਆਂ ਨੇ ਪੁਲੀਸ ਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਕਾਰਵਾਈ ਕਾਰਨ ਪਿੰਡ ’ਚ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ।
+
Advertisement
Advertisement
Advertisement
Advertisement
×