ਪੰਚਾਇਤੀ ਜ਼ਮੀਨ ’ਚ ਬਣਿਆ ਨਸ਼ਾ ਤਸਕਰ ਦਾ ਘਰ ਢਾਹਿਆ
ਸਰਬਜੀਤ ਸਿੰਘ ਭੰਗੂ/ਮਾਨਵਜੋਤ ਭਿੰਡਰ
ਪਟਿਆਲਾ/ਡਕਾਲਾ, 1 ਜੂਨ
‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਟਿਆਲਾ ਪੁਲੀਸ ਨੇ ਅੱਜ ਪਿੰਡ ਸ਼ੇਰਮਾਜਰਾ ਦੇ ਇੱਕ ਨਸ਼ਾ ਤਸਕਰ ਦਾ ਮਕਾਨ ਪੀਲਾ ਪੰਜਾ ਚਲਵਾ ਕੇ ਢਾਹ ਦਿੱਤਾ ਗਿਆ। ਪਟਿਆਲਾ ਦੇ ਬੀਡੀਪੀਓ ਮੁਤਾਬਕ ਇਹ ਘਰ ਪੰਚਾਇਤੀ ਜ਼ਮੀਨ ਵਿਚਲੇ ਖਸਰਾ ਨੰਬਰ 127 ’ਤੇ ਅਣ-ਅਧਿਕਾਰਤ ਤੌਰ ’ਤੇ ਬਣਾਇਆ ਹੋਇਆ ਸੀ। ਇਸ ਮੁਹਿੰਮ ਦੀ ਅਗਵਾਈ ਕਰਦਿਆਂ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਹ ਮਕਾਨ ਸ਼ੇਰਮਾਜਰਾ ਵਾਸੀ ਰਾਜਿੰਦਰ ਸਿੰਘ ਰਾਠਾ ਦਾ ਸੀ ਜਿਸ ਖਿਲਾਫ਼ ਨਸ਼ਾ ਤਸਕਰੀ ਦੇ ਕਈ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਸ਼ੇਰਮਾਜਰਾ ਦੀ ਪੰਚਾਇਤ ਨੇ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਉਣ ਲਈ ਮਤਾ ਪਾਇਆ ਹੋਇਆ ਸੀ ਤੇ ਬੀਡੀਪੀਓ ਪਟਿਆਲਾ ਵੱਲੋਂ ਇਹ ਕਬਜ਼ਾ ਛੁਡਵਾਉਣ ਲਈ ਪੁਲੀਸ ਮਦਦ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨਸ਼ਾ ਤਸਕਰਾਂ ਨੂੰ ਸਖ਼ਤ ਸੁਨੇਹਾ ਦੇ ਰਹੀ ਹੈ ਕਿ ਉਹ ਨਸ਼ਿਆਂ ਦੇ ਕਾਰੋਬਾਰ ਨੂੰ ਛੱਡ ਦੇਣ ਜਾਂ ਫਿਰ ਪੰਜਾਬ ਛੱਡ ਜਾਣ। ਉਨ੍ਹਾਂ ਦੱਸਿਆ ਕਿ ਪਿੰਡ ਸ਼ੇਰਮਾਜਰਾ ’ਚ ਨਸ਼ਾ ਤਸਕਰਾਂ ਖ਼ਿਲਾਫ਼ 10 ਕੇਸ ਦਰਜ ਕੀਤੇ ਗਏ ਸਨ ਅਤੇ ਹੁਣ ਇੱਥੇ ਕਿਸੇ ਵੀ ਨਸ਼ਾ ਤਸਕਰ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ।