ਮਹਿੰਦਰ ਸਿੰਘ ਰੱਤੀਆਂ
ਇਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸਮੀਖਿਆ ਕੀਤੀ ਅਤੇ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ’ਚ ਡਿਪਟੀ ਕਮਿਸ਼ਨਰ ਸਾਗਰ ਸੇਤੀਆ, ਜ਼ਿਲ੍ਹਾ ਪੁਲੀਸ ਮੁਖੀ ਅਜੈ ਗਾਂਧੀ, ਐੱਸ ਡੀ ਐੱਮ, ਡੀ ਐੱਸ ਪੀ ਅਤੇ ਥਾਣਾ ਮੁਖੀਆਂ ਤੋਂ ਇਲਾਵਾ ਨਸ਼ਾ ਵਿਰੋਧੀ ਕਮੇਟੀਆਂ ਆਗੂ ਮੌਜੂਦ ਸਨ।
ਕੁਲਤਾਰ ਸੰਧਵਾਂ ਨੇ ਮੁਹਿੰਮ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਤੱਕ ਮੁਹਿੰਮ ਜਾਰੀ ਰਹੇਗੀ। ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣ ਲਈ ਲੋਕਾਂ ਦਾ ਸਾਥ ਜ਼ਰੂਰੀ ਹੈ। ਇਸ ਮੁਹਿੰਮ ਸਦਕਾ ਨਸ਼ਾ ਤਸਕਰ ਘਰ ਛੱਡ ਕੇ ਦੂਜੇ ਰਾਜਾਂ ਵਿੱਚ ਭੱਜਣ ਲਈ ਮਜਬੂਰ ਹਨ ਅਤੇ ਘਰ ਢਾਹੁਣ ਜਿਹੀ ਕਾਰਵਾਈ ਕਾਰਨ ਇਨ੍ਹਾਂ ਦੇ ਨੈੱਟਵਰਕ ਨੂੰ ਕਰਾਰਾ ਝਟਕਾ ਲੱਗਿਆ ਹੈ। ਉਨ੍ਹਾਂ ਮੋਗਾ ਵਿੱਚ ਰੈੱਡ ਕਰਾਸ ਦੀ ਮਦਦ ਨਾਲ ਚੱਲ ਰਹੇ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਨੂੰ ਮਾਡਲ ਡੀ-ਐਡੀਕਸ਼ਨ ਸੈਂਟਰ ਕਰਾਰ ਦਿੰਦੇ ਹੋਏ ਡੀ ਸੀ ਸਾਗਰ ਸੇਤੀਆ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਨਸ਼ਾ ਛੁਡਾਊ ਕੇਂਦਰ ਮਰੀਜ਼ਾਂ ਦੇ ਇਲਾਜ ਮਗਰੋਂ ਉਨ੍ਹਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਨਾ ਚੰਗਾ ਉਦਮ ਹੈ। ਨਸ਼ਾ ਰੋਕੂ ਕਮੇਟੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਸਿੱਧਾ ਪੁਲੀਸ ਤੇ ਪ੍ਰਸ਼ਾਸਨ ਨਾਲ ਜੋੜਿਆ ਗਿਆ ਹੈ ਤਾਂ ਜੋ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਸਰਕਾਰ ’ਤੇ ਚੁੱਕੇ ਜਾ ਰਹੇ ਸਵਾਲਾਂ ਬਾਰੇ ਕਿਹਾ ਕਿ ਉਹ ਗੰਭੀਰ ਮਸਲੇ ਧਿਆਨ ਵਿੱਚ ਲਿਆਉਣ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਨ।
ਇਸ ਮੌਕੇ ਮੇਅਰ ਬਲਜੀਤ ਸਿੰਘ ਚਾਨੀ, ਮੁੱਖ ਮੰਤਰੀ ਫੀਲਡ ਅਫ਼ਸਰ ਗਗਨਦੀਪ ਸਿੰਘ, ਐੱਸ ਡੀ ਐੱਮ ਸਾਰੰਗਪ੍ਰੀਤ ਸਿੰਘ ਔਜਲਾ, ਬੇਅੰਤ ਸਿੰਘ ਸਿੱਧੂ ਤੇ ਸਵਾਤੀ ਟਿਵਾਣਾ ਹਾਜ਼ਰ ਸਨ।

