ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਚੰਨਣਵਾਲ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਮਜ਼ਦੂਰ ਪਰਿਵਾਰ ਨਾਲ ਸਬੰਧਤ ਇਕ 26 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬੇਅੰਤ ਸਿੰਘ (26) ਵਾਸੀ ਚੰਨਣਵਾਲ ਵਜੋਂ ਹੋਈ ਹੈ।
ਮਿਰਤਕ ਨੌਜਵਾਨ ਬੇਅੰਤ ਦੇ ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿਛਲੇ ਸਮੇਂ ਤੋਂ ਚਿੱਟੇ ਨਸ਼ੇ ਦਾ ਆਦੀ ਸੀ। ਉਹਨਾਂ ਨੇ ਕਈ ਵਾਰ ਉਸਨੂੰ ਸਮਝਾਇਆ, ਪਰ ਉਹ ਗੁੱਸੇ ਵਿੱਚ ਆ ਕੇ ਪਰਿਵਾਰ ਨਾਲ ਝਗੜਾ ਕਰਦਾ ਸੀ। ਬੀਤੀ ਰਾਤ ਨਸ਼ੇ ਦੀ ਵੱਧ ਮਾਤਰਾ ਲੈਣ ਕਰਕੇ ਉਸਦੀ ਮੌਤ ਹੋ ਗਈ।
ਪਿੰਡ ਦੇ ਸਰਪੰਚ ਗੁਰਜੰਟ ਸਿੰਘ ਧਾਲੀਵਾਲ ਨੇ ਕਿਹਾ ਕਿ ਪਿੰਡਾਂ ਵਿੱਚ ਨਸ਼ਾ ਬੰਦ ਨਹੀਂ ਹੋ ਸਕਿਆ, ਜਿਸ ਲਈ ਪੁਲੀਸ ਨੂੰ ਹੋਰ ਸਖ਼ਤੀ ਕਰਨ ਦੀ ਲੋੜ ਹੈ। ਇਸ ਦੌਰਾਨ ਮ੍ਰਿਤਕ ਦੇਹ ਨੂੰ ਪਰਿਵਾਰ ਵਲੋਂ ਪੋਸਟਮਾਰਟਮ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਹੈ।
ਦੂਜੇ ਪਾਸੇ ਥਾਣਾ ਮਹਿਲ ਕਲਾਂ ਦੇ ਮੁਖੀ ਸ਼ੇਰਵਿੰਦਰ ਸਿੰਘ ਨੇ ਕਿਹਾ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।