ਸਾਈਬਰ ਠੱਗ ਗਰੋਹ ਦੇ ਦਰਜਨ ਮੈਂਬਰ ਗ੍ਰਿਫ਼ਤਾਰ
ਜੋਗਿੰਦਰ ਸਿੰਘ ਓਬਰਾਏ
ਪੁਲੀਸ ਜ਼ਿਲ੍ਹਾ ਖੰਨਾ ਨੇ ਅੱਜ ਸਾਈਬਰ ਠੱਗੀ ਮਾਰਨ ਵਾਲੇ ਗਰੋਹ ਦੇ 12 ਮੁਲਜ਼ਮਾਂ ਨੂੰ 14,35,410 ਰੁਪਏ ਸਣੇ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਡਾ.ਜੋਤੀ ਯਾਦਵ ਨੇ ਦੱਸਿਆ ਕਿ ਫਰਵਰੀ ਵਿੱਚ ਸੰਜੀਵ ਪਾਂਧੀ ਵਾਸੀ ਮਾਛੀਵਾੜਾ ਨਾਲ ਕਿਸੇ ਨੇ ਸਾਈਬਰ ਠੱਗੀ ਤਹਿਤ 3,72,84,999 ਦੋ ਵੱਖ-ਵੱਖ ਖਾਤਿਆਂ ਵਿੱਚੋਂ ਟਰਾਂਸਫਰ ਕਰਕੇ ਕਰਵਾਏ। ਸੰਜੀਵ ਪਾਂਧੀ ਨੇ ਮੁਲਜ਼ਮਾਂ ਵੱਲੋਂ ਬਣਾਈ ਜਾਅਲੀ ਬੋਸ ਟਰੇਡਿੰਗ ਕੰਪਨੀ ਵਿੱਚ ਕਰੀਬ 21.20 ਲੱਖ ਰੁਪਏ ਟਰਾਂਸਫਰ ਕਰਵਾਏ ਗਏ। ਮਗਰੋਂ ਕਾਰਵਾਈ ਕਰਦਿਆਂ ਐੱਸਪੀ (ਡੀ) ਪਵਨਜੀਤ, ਡੀਐੱਸਪੀ ਮੋਹਿਤ ਸਿੰਗਲਾ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਗੁਰਜੋਤ ਸਿੰਘ ਵਾਸੀ ਸਲਾਣਾ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ। ਫੇਰ ਪੜਤਾਲ ਤੋਂ ਪਤਾ ਲੱਗਿਆ ਕਿ ਬੈਂਕ ਅਧਿਕਾਰੀ ਸਮਕਸ਼ ਭੱਟ ਵਾਸੀ ਮੁਹਾਲੀ ਨੇ ਬੌਸ ਟਰੇਡਿੰਗ ਕੰਪਨੀ ਦਾ ਖਾਤਾ ਬਲਦੇਵ ਕ੍ਰਿਸ਼ਨ ਵਾਸੀ ਜ਼ੀਰਕਪੁਰ ਅਤੇ ਪਰਵਿੰਦਰ ਸਿੰਘ ਉਰਫ ਟੋਨੀ ਵਾਸੀ ਚੰਡੀਗੜ੍ਹ ਦੇ ਕਹਿਣ ’ਤੇ ਖੋਲ੍ਹਿਆ ਸੀ। ਪੁਲੀਸ ਨੇ ਪਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਇਲਾਵਾ ਤਫਤੀਸ਼ ਦੌਰਾਨ ਖਾਤਾਧਾਰਕ ਬੇਅੰਤ ਕੌਰ ਵਾਸੀ ਮੋਗਾ ਦੇ ਖਾਤੇ ਵਿੱਚ 4,92,500 ਟਰਾਂਸਫਰ ਕੀਤੇ ਗਏ ਸੀ ਜਿਸ ਦੀ ਪੁੱਛ ਪੜਤਾਲ ’ਤੇ ਪ੍ਰਭਜੋਤ ਸਿੰਘ, ਗੁਰਵਿੰਦਰ ਸਿੰਘ, ਅਮੋਲ ਸਿੰਘ ਅਤੇ ਸਵਿੰਦਰ ਸਿੰਘ ਨੂੰ 4,92,500 ਰੁਪਏ ਸਣੇ ਗ੍ਰਿਫ਼ਤਾਰ ਕੀਤਾ ਗਿਆ। ਸਵਿੰਦਰ ਸਿੰਘ ਦੀ ਪੜਤਾਲ ਤੋਂ ਸਾਹਿਲ ਵਾਸੀ ਲੁਧਿਆਣਾ ਦੀ ਬੈਂਕ ਡਿਟੇਲ ਤੋਂ ਅਨਮੋਲ ਚੌਹਾਨ ਅਤੇ ਪ੍ਰਿੰਸ ਵਾਸੀ ਲੁਧਿਆਣਾ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ। ਇਨ੍ਹਾਂ ਕੋਲੋਂ 4,43,000 ਰੁਪਏ ਦੀ ਬਰਾਮਦਗੀ ਹੋਈ।
ਇੱਕ ਹੋਰ ਠੱਗੀ ਬਾਰੇ ਐਸਐਸਪੀ ਨੇ ਦੱਸਿਆ ਕਿ ਮਾਛੀਵਾੜਾ ਵਾਸੀ ਮਹਿੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਨੇ ਡਰਾ ਕੇ ਉਸ ਕੋਲੋਂ 2,65,00,000 ਰੁਪਏ ਦੋ ਵੱਖ-ਵੱਖ ਖਾਤਿਆਂ ਰਾਹੀਂ ਟਰਾਸਫਰ ਕਰਵਾ ਲਏ। ਇਸੇ ਕੇਸ ਵਿੱਚ ਤਰਨਮੀਤ ਸਿੰਘ ਅਤੇ ਗੁਰਵੀਰ ਸਿੰਘ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ।