DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੰਜ ਨਾ ਕਹੋ : ਚੋਣ ਨਿਸ਼ਾਨ ’ਚ ਕੀ ਰੱਖਿਆ!

ਚਰਨਜੀਤ ਭੁੱਲਰ ਚੰਡੀਗੜ੍ਹ, 21 ਅਪਰੈਲ ਚੋਣ ਨਿਸ਼ਾਨ ਦੀ ਚੋਣ ਵੀ ਉਮੀਦਵਾਰਾਂ ਨੂੰ ਠਿੱਠ ਕਰਦੀ ਹੈ। ਮੱਥਾ ਖਪਾਈ ਮਗਰੋਂ ਉਮੀਦਵਾਰ ਉਸ ਚੋਣ ਨਿਸ਼ਾਨ ਨੂੰ ਚੁਣਦੇ ਹਨ ਜਿਹੜਾ ਲੋਕਾਂ ਦੇ ਸਿੱਧਾ ਦਿਲੋਂ ਦਿਮਾਗ਼ ’ਚ ਉੱਤਰਦਾ ਹੋਵੇ। ਜਦੋਂ ਸਿਮਰਨਜੀਤ ਸਿੰਘ ਮਾਨ ਨੇ 1989...

  • fb
  • twitter
  • whatsapp
  • whatsapp
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 21 ਅਪਰੈਲ

Advertisement

ਚੋਣ ਨਿਸ਼ਾਨ ਦੀ ਚੋਣ ਵੀ ਉਮੀਦਵਾਰਾਂ ਨੂੰ ਠਿੱਠ ਕਰਦੀ ਹੈ। ਮੱਥਾ ਖਪਾਈ ਮਗਰੋਂ ਉਮੀਦਵਾਰ ਉਸ ਚੋਣ ਨਿਸ਼ਾਨ ਨੂੰ ਚੁਣਦੇ ਹਨ ਜਿਹੜਾ ਲੋਕਾਂ ਦੇ ਸਿੱਧਾ ਦਿਲੋਂ ਦਿਮਾਗ਼ ’ਚ ਉੱਤਰਦਾ ਹੋਵੇ। ਜਦੋਂ ਸਿਮਰਨਜੀਤ ਸਿੰਘ ਮਾਨ ਨੇ 1989 ਵਿੱਚ ਤਰਨ ਤਾਰਨ ਤੋਂ ਚੋਣ ਲੜੀ ਸੀ ਤਾਂ ਉਨ੍ਹਾਂ ਦਾ ਚੋਣ ਨਿਸ਼ਾਨ ‘ਸ਼ੇਰ’ ਸੀ ਜਦੋਂ ਕਿ ਬਠਿੰਡਾ ਤੋਂ ਉਦੋਂ ਸੁੱਚਾ ਸਿੰਘ ਮਲੋਆ ਦਾ ਚੋਣ ਨਿਸ਼ਾਨ ‘ਉੱਡਦਾ ਬਾਜ’ ਸੀ। ਉਨ੍ਹਾਂ ਦਿਨਾਂ ’ਚ ਇੱਕ ਲਹਿਰ ਸੀ ਜਿਸ ’ਚ ਰਵਾਇਤੀ ਧਿਰਾਂ ਨੂੰ ਵੱਡੀ ਹਾਰ ਮਿਲੀ ਸੀ। ਇਹ ਚੋਣ ਨਿਸ਼ਾਨ ਪ੍ਰਚਲਿਤ ਹੋਏ ਸਨ। 1994 ਵਿੱਚ ਅਕਾਲੀ ਦਲ (ਮਾਨ) ਨੂੰ ਚੋਣ ਨਿਸ਼ਾਨ ‘ਬਾਲਟੀ’ ਮਿਲਿਆ।

Advertisement

ਕੈਪਟਨ ਅਮਰਿੰਦਰ ਸਿੰਘ ਨੇ ਫਰਵਰੀ 2022 ’ਚ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾਈ ਤਾਂ ਉਨ੍ਹਾਂ ਨੂੰ ਚੋਣ ਨਿਸ਼ਾਨ ‘ਹਾਕੀ’ ਮਿਲਿਆ ਸੀ। ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ‘ਤੱਕੜੀ’ ਹੈ। ਕਈ ਅਕਾਲੀ ਆਗੂਆਂ ਨੇ ਇਸ ਦੀ ਤੁਲਨਾ ਬਾਬੇ ਨਾਨਕ ਦੀ ਤੱਕੜੀ ਨਾਲ ਕੀਤੀ ਜਿਸ ਤੋਂ ਵਿਵਾਦ ਵੀ ਛਿੜਿਆ। ਸਾਲ 2002 ਵਿੱਚ ਪੰਥਕ ਮੋਰਚਾ ਦੇ ਆਗੂਆਂ ਨੇ ਚੋਣ ਕਮਿਸ਼ਨ ਕੋਲ ਇਤਰਾਜ਼ ਖੜ੍ਹੇ ਕੀਤੇ ਸਨ ਅਤੇ ਤੱਕੜੀ ਨੂੰ ਨਿਆਂਇਕ ਪ੍ਰਣਾਲੀ ਦੇ ਨਿਸ਼ਾਨ ਦੀ ਕਾਪੀ ਦੱਸਿਆ ਸੀ। ਭਾਰਤੀ ਚੋਣ ਕਮਿਸ਼ਨ ਵੱਲੋਂ 193 ਫ਼ਰੀ ਚੋਣ ਨਿਸ਼ਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜੋ ਆਜ਼ਾਦ ਉਮੀਦਵਾਰ ਲੈ ਸਕਦੇ ਹਨ।

ਚੋਣ ਨਿਸ਼ਾਨ ’ਚ ਕੀ ਰੱਖਿਐ ? ਆਜ਼ਾਦ ਉਮੀਦਵਾਰਾਂ ਨੂੰ ਪੁੱਛ ਕੇ ਦੇਖੋ, ਇਹੋ ਆਖਣਗੇ ਕਿ ਚੋਣ ਨਿਸ਼ਾਨ ’ਤੇ ਹੀ ਤਾਂ ਸਾਰੀ ਕਹਾਣੀ ਟਿਕੀ ਹੈ। ਔਰਤ ਉਮੀਦਵਾਰਾਂ ਵੱਲੋਂ ਆਮ ਤੌਰ ’ਤੇ ਘਰੇਲੂ ਸਾਮਾਨ ਨੂੰ ਚੋਣ ਨਿਸ਼ਾਨ ਵਜੋਂ ਲਿਆ ਜਾਂਦਾ ਹੈ, ਜਿਵੇਂ ਪ੍ਰੈਸ਼ਰ ਕੁੱਕਰ, ਗੈਸ ਸਿਲੰਡਰ, ਮਿਕਸਰ ਆਦਿ। 1991 ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਪੰਛੀਆਂ ਅਤੇ ਜਾਨਵਰਾਂ ਨੂੰ ਚੋਣ ਨਿਸ਼ਾਨ ਦੀ ਸੂਚੀ ਵਿੱਚ ਰੱਖਿਆ ਸੀ ਜਿਵੇਂ ਕਬੂਤਰ, ਬਾਜ਼, ਘੋੜਾ, ਜ਼ੈਬਰਾ, ਬੱਕਰੀ ਆਦਿ। ਚੋਣ ਕਮਿਸ਼ਨ ਨੇ 5 ਮਾਰਚ 1991 ਨੂੰ ਇਨ੍ਹਾਂ ਨੂੰ ਸੂਚੀ ਵਿੱਚੋਂ ਹਟਾ ਦਿੱਤਾ।

ਤਾਮਿਲਨਾਡੂ ਵਿੱਚ ਜੈਲਲਿਤਾ ਦੀ ਪਾਰਟੀ ਦਾ ਚੋਣ ਨਿਸ਼ਾਨ ‘ਕੁੱਕੜ’ ਸੀ। ਉਮੀਦਵਾਰਾਂ ਨੇ ਵਾਹਨਾਂ ਉਪਰ ‘ਕੁੱਕੜ’ ਬੰਨ੍ਹੇ ਅਤੇ ਚੋਣ ਪ੍ਰਚਾਰ ਕੀਤਾ। ਰੋਜ਼ਾਨਾ ਸੈਂਕੜੇ ‘ਕੁੱਕੜ’ ਮਰ ਜਾਂਦੇ ਸਨ। ਚੋਣ ਕਮਿਸ਼ਨ ਨੂੰ ਜਦੋਂ ਇਹ ਖ਼ਬਰ ਮਿਲੀ ਤਾਂ ਇਹ ਹੁਕਮ ਕੀਤੇ ਗਏ ਕਿ ਕੋਈ ਵੀ ਉਮੀਦਵਾਰ ਪੰਛੀਆਂ ਜਾਂ ਜਾਨਵਰਾਂ ਦਾ ਚੋਣ ਪ੍ਰਚਾਰ ਲਈ ਲਾਈਵ ਪ੍ਰਦਰਸ਼ਨ ਨਹੀਂ ਕਰ ਸਕੇਗਾ। ਕੌਮੀ ਤੇ ਸੂਬਾਈ ਰਾਜਸੀ ਪਾਰਟੀਆਂ ਦੇ ਚੋਣ ਨਿਸ਼ਾਨ ਕੋਈ ਖ਼ਾਸ ਤਰਜਮਾਨੀ ਕਰਦੇ ਹਨ ਅਤੇ ਉਨ੍ਹਾਂ ਦੀ ਚੋਣ ਪਿੱਛੇ ਵੀ ਇਹੋ ਮਨੋਰਥ ਹੁੰਦਾ ਹੈ।

ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ‘ਝਾੜੂ ’ ਹੈ। ਪੰਜਾਬ ’ਚ ਜਦੋਂ 2022 ਦੀਆਂ ਚੋਣਾਂ ਸਨ ਤਾਂ ਉਦੋਂ ਚਾਰੇ ਪਾਸੇ ਸਮਾਜ ਦਾ ਗੰਦ ‘ਝਾੜੂ’ ਨਾਲ ਹੂੰਝਣ ਦੀ ਗੱਲ ਕੀਤੀ ਗਈ। ਜਦੋਂ ਪਾਰਟੀ ਨੂੰ ਕਿਤੇ ਹਾਰ ਮਿਲੀ ਤਾਂ ਵਿਰੋਧੀ ਆਖਦੇ ਕਿ ‘ਝਾੜੂ’ ਖਿੱਲਰ ਗਿਆ।

ਜਦੋਂ ਲੋਕ ਸਭਾ ਦੀ ਪਹਿਲੀ ਚੋਣ 1952 ਵਿੱਚ ਹੋਈ ਸੀ ਤਾਂ ਉਸ ਸਮੇਂ 18.33 ਫ਼ੀਸਦੀ ਸਾਖਰਤਾ ਦਰ ਸੀ। ਅਨਪੜ੍ਹ ਵੋਟਰਾਂ ਤੱਕ ਪਹੁੰਚ ਬਣਾਉਣ ਲਈ ਚੋਣ ਨਿਸ਼ਾਨ ਦੀ ਲੋੜ ਮਹਿਸੂਸ ਕੀਤੀ ਗਈ। ਪਹਿਲੇ ਚੋਣ ਕਮਿਸ਼ਨਰ ਸੁਕੁਮਾਰ ਸੇਨ ਨੇ 53 ਪਾਰਟੀਆਂ ਰਜਿਸਟਰਡ ਕੀਤੀਆਂ ਅਤੇ ਚੋਣ ਨਿਸ਼ਾਨ ਦਿੱਤੇ। ਕਾਂਗਰਸ ਪਾਰਟੀ ਦਾ 1952 ਤੋਂ 1969 ਤੱਕ ਚੋਣ ਨਿਸ਼ਾਨ ‘ਬਲਦਾਂ ਦੀ ਜੋੜੀ’ ਰਿਹਾ। 1969 ਵਿੱਚ ਕਾਂਗਰਸ ਵਿੱਚ ਫੁੱਟ ਪੈਣ ਮਗਰੋਂ ਕਾਮਰਾਜ ਦੀ ਅਗਵਾਈ ਵਾਲੀ ਕਾਂਗਰਸ ਨੂੰ ਚੋਣ ਨਿਸ਼ਾਨ ‘ਤਿਰੰਗੇ ਵਿੱਚ ਚਰਖਾ’ ਮਿਲ ਗਿਆ।

ਨਵੀਂ ਕਾਂਗਰਸ ਨੂੰ ‘ਗਊ ਵੱਛਾ’ ਚੋਣ ਨਿਸ਼ਾਨ ਮਿਲਿਆ। ਐਮਰਜੈਂਸੀ ਮਗਰੋਂ ਕਾਂਗਰਸ ਦਾ ਚੋਣ ਨਿਸ਼ਾਨ ‘ਪੰਜਾ’ ਹੋ ਗਿਆ। ਜਨ ਸੰਘ ਦਾ ਚੋਣ ਨਿਸ਼ਾਨ ਪਹਿਲਾਂ ‘ਦੀਵਾ’ ਸੀ ਅਤੇ ਜਦੋਂ ਜਨਤਾ ਪਾਰਟੀ ਵਿੱਚ ਰਲੇਵਾਂ ਹੋ ਗਿਆ ਤਾਂ ‘ਹਲਧਰ ਕਿਸਾਨ’ ਚੋਣ ਨਿਸ਼ਾਨ ਹੋ ਗਿਆ। 1980 ਵਿੱਚ ਭਾਰਤੀ ਜਨਤਾ ਪਾਰਟੀ ਦਾ ਚੋਣ ਨਿਸ਼ਾਨ ‘ਕਮਲ ਦਾ ਫੁੱਲ’ ਹੋ ਗਿਆ। ਸੀਪੀਆਈ ਦਾ ਚੋਣ ਨਿਸ਼ਾਨ ‘ਦਾਤੀ ਬੱਲੀ’ ਹੈ ਜਦੋਂਕਿ ਮਾਰਕਸਵਾਦੀ ਪਾਰਟੀ ਦਾ ਚੋਣ ਨਿਸ਼ਾਨ ‘ਦਾਤੀ ਹਥੌੜਾ’ ਹੈ। ਤੇਲਗੂ ਦੇਸਮ ਪਾਰਟੀ ਅਤੇ ਸਮਾਜਵਾਦੀ ਪਾਰਟੀ ਦਾ ਚੋਣ ਨਿਸ਼ਾਨ ‘ਸਾਈਕਲ’ ਹੈ।

ਚੋਣ ਨਿਸ਼ਾਨ ਕਈ ਵਾਰ ਏਨੇ ਭਾਰੂ ਪੈ ਜਾਂਦੇ ਹਨ ਕਿ ਪਾਰਟੀ ਦੀ ਥਾਂ ਚੋਣ ਨਿਸ਼ਾਨ ਹੀ ਲੋਕ ਚੇਤਿਆਂ ਦਾ ਹਿੱਸਾ ਬਣ ਜਾਂਦੇ ਹਨ। ਬਸਪਾ ਦਾ ਚੋਣ ਨਿਸ਼ਾਨ ‘ਹਾਥੀ’ ਹੈ। ਚੋਣ ਨਿਸ਼ਾਨ ਨੂੰ ਲੈ ਕੇ ਸ਼ਿਵ ਸੈਨਾ ਦੇ ਧੜਿਆਂ ਵਿੱਚ ਕਿੰਨਾ ਵਿਵਾਦ ਚੱਲਿਆ। ਪੰਜਾਬ ਵਿੱਚ ਆਜ਼ਾਦ ਉਮੀਦਵਾਰ ਧਾਰਮਿਕ ਨਜ਼ਰੀਏ ਤੋਂ ‘ਤੀਰ ਕਮਾਨ’ ਚੋਣ ਨਿਸ਼ਾਨ ਵੀ ਅਕਸਰ ਲੈਂਦੇ ਰਹੇ ਹਨ। ਚੋਣ ਨਿਸ਼ਾਨਾਂ ਤੋਂ ਹੀ ਅੱਗੇ ਨਾਅਰੇ ਉਪਜਦੇ ਹਨ। ਚੋਣ ਪਿੜ ’ਚ ਚੋਣ ਨਿਸ਼ਾਨ ਦਾ ਮਹੱਤਵ ਬਹੁਤ ਵੱਡਾ ਹੁੰਦਾ ਹੈ ਜਿਸ ਵਾਸਤੇ ਕਈ ਵਾਰੀ ਮਾਰੋ ਮਾਰੀ ਵੀ ਹੁੰਦੀ ਹੈ। ਹਰ ਕੋਈ ਉਮੀਦਵਾਰ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਆਪਣੀ ਪਸੰਦ ਦੇ ਚੋਣ ਨਿਸ਼ਾਨ ਦੀ ਆਸ ਕਰਦਾ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਕਈ ਸਿਆਸੀ ਪਾਰਟੀਆਂ ਜਦੋਂ ਦੋ ਫਾੜ ਹੋਈਆਂ ਹਨ ਤਾਂ ਇਨ੍ਹਾਂ ’ਚ ਚੋਣ ਨਿਸ਼ਾਨ ਨੂੰ ਲੈ ਕੇ ਵੀ ਝਗੜਾ ਹੁੰਦਾ ਦੇਖਿਆ ਗਿਆ ਹੈ। ਦੋਫਾੜ ਹੋਈਆਂ ਸਿਆਸੀ ਪਾਰਟੀਆਂ ਆਪਣੇ ਆਪ ਨੂੰ ਟਕਸਾਲੀ ਕਹਿ ਕੇ ਪਾਰਟੀ ਦੇ ਚੋਣ ਨਿਸ਼ਾਨ ਨੂੰ ਆਪਣਾ ਦੱਸਣ ਦਾ ਦਾਅਵਾ ਕਰਦੀਆਂ ਰਹੀਆਂ ਹਨ।

Advertisement
×