ਪੰਜਾਬ ਸਰਕਾਰ ਦੇ ‘ਮਿਸ਼ਨ ਚੜ੍ਹਦੀ ਕਲਾ’ ਲਈ ਨਿੱਤਰੇ ਦਾਨੀ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਸ਼ੁਰੂ ਕੀਤੇ ‘ਮਿਸ਼ਨ ਚੜ੍ਹਦੀ ਕਲਾ’ ’ਚ ਪੰਜ ਸੌ ਦਾਨੀਆਂ ਨੇ ਮੁੱਢਲੇ ਪੜਾਅ ’ਤੇ ਦਸਵੰਧ ਕੱਢਿਆ ਹੈ, ਜਿਨ੍ਹਾਂ ’ਚ ਬਹੁਤੇ ਪਰਵਾਸੀ ਭਾਰਤੀ ਹਨ। ‘ਆਪ’ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ‘ਰੰਗਲਾ ਪੰਜਾਬ ਵਿਕਾਸ ਫ਼ੰਡ’ ਵਿੱਚ ਇੱਕ ਕਰੋੜ ਰੁਪਏ ਦਾ ਦਾਨ ਕੀਤਾ ਹੈ। ਪ੍ਰਧਾਨ ਮੰਤਰੀ ਕੇਅਰਜ਼ ਫ਼ੰਡ ਦੀ ਤਰਜ਼ ’ਤੇ ਇਹ ਨਵਾਂ ਫ਼ੰਡ ਬਣਾਇਆ ਗਿਆ ਹੈ, ਜਿਸ ਦਾ ਮਕਸਦ ਪਰਵਾਸੀ ਭਾਰਤੀਆਂ, ਕਾਰਪੋਰੇਟਾਂ ਅਤੇ ਆਮ ਲੋਕਾਂ ਨੂੰ ਇਸ ਫ਼ੰਡ ’ਚ ਯੋਗਦਾਨ ਪਾਉਣ ਲਈ ਕਾਨੂੰਨੀ ਤੌਰ ’ਤੇ ਯੋਗ ਬਣਾਉਣਾ ਹੈ। ਇਨ੍ਹਾਂ ਫ਼ੰਡਾਂ ਦੀ ਵਰਤੋਂ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਹੋਣੀ ਹੈ। ਪੰਜਾਬ ਸਰਕਾਰ ਵੱਲੋਂ ‘ਰੰਗਲਾ ਪੰਜਾਬ ਸੁਸਾਇਟੀ’ ਬਣਾਈ ਗਈ ਹੈ ਜਿਸ ਦੇ ਕੰਮ ਕਾਜ ਦੀ ਨਿਗਰਾਨੀ ਲਈ ‘ਬੋਰਡ ਆਫ਼ ਗਵਰਨਰਜ਼’ ਨੇ ਕਰਨੀ ਹੈ। ਮੁੱਖ ਸਕੱਤਰ ਇਸ ਸੁਸਾਇਟੀ ਦੀ ਅਗਵਾਈ ਕਰਨਗੇ। ਇਸ ਸੁਸਾਇਟੀ ’ਚ ਸਵੈ ਇੱਛਾ ਨਾਲ ਲੋਕ ਦਾਨ ਕਰ ਸਕਣਗੇ ਅਤੇ ਸੁਸਾਇਟੀ ਨੂੰ ਬਜਟ ’ਚੋਂ ਕੋਈ ਸਹਾਇਤਾ ਰਾਸ਼ੀ ਨਹੀਂ ਮਿਲੇਗੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੋ ਲੋਕ ਵੀ ਦਾਨ ਕਰਨਗੇ, ਉਨ੍ਹਾਂ ਦੇ ਵੇਰਵੇ ਸਮੇਂ-ਸਮੇਂ ’ਤੇ ਸੁਸਾਇਟੀ ਵੈੱਬਸਾਈਟ ’ਤੇ ਨਸ਼ਰ ਕੀਤੇ ਜਾਣਗੇ। ‘ਰੰਗਲਾ ਪੰਜਾਬ ਸੁਸਾਇਟੀ’ ਜ਼ਰੀਏ ਪਰਵਾਸੀ ਭਾਰਤੀਆਂ ਅਤੇ ਕਾਰਪੋਰੇਟਾਂ ਲਈ ਰਾਹ ਖੋਲ੍ਹਿਆ ਗਿਆ ਹੈ। ਪਰਵਾਸੀ ਭਾਈਚਾਰਾ ਸੂਬੇ ਦੇ ਵਿਕਾਸ ਖ਼ਾਤਰ ਹੁਣ ਇਸ ਸੁਸਾਇਟੀ ਨੂੰ ਦਾਨ ਭੇਜ ਸਕੇਗਾ ਕਿਉਂਕਿ ਇਸ ਫ਼ੰਡ ਨੂੰ ‘ਵਿਦੇਸ਼ੀ ਕੰਟ੍ਰੀਬਿਊਸ਼ਨ ਰੈਗੂਲੇਸ਼ਨ ਐਕਟ’ ਤੋਂ ਛੋਟ ਹੋਵੇਗੀ। ਕਾਰਪੋਰੇਟ ਸੈਕਟਰ ਵੀ ‘ਸੀ.ਐੱਸ.ਆਰ.’ ਫ਼ੰਡਾਂ ਵਜੋਂ ਇਸ ’ਚ ਆਪਣਾ ਯੋਗਦਾਨ ਪਾ ਸਕਣਗੇ। ਦੱਸਣਯੋਗ ਹੈ ਕਿ ਪੰਜਾਬ ’ਚ ਪਹਿਲਾਂ ਹੀ ‘ਮੁੱਖ ਮੰਤਰੀ ਰਾਹਤ ਫ਼ੰਡ’ ਵੀ ਹਨ, ਜਿਸ ’ਚ ਹੁਣ ਤੱਕ 48 ਕਰੋੜ ਦਾ ਵਿੱਤੀ ਯੋਗਦਾਨ ਪ੍ਰਾਪਤ ਹੋ ਚੁੱਕਾ ਹੈ। ਕੁਝ ਕਾਨੂੰਨੀ ਅੜਿੱਕੇ ਹੋਣ ਕਾਰਨ ਪਰਵਾਸੀ ਭਾਰਤੀ ਅਤੇ ਕਾਰਪੋਰੇਟ ਸੈਕਟਰ ‘ਮੁੱਖ ਮੰਤਰੀ ਰਾਹਤ ਫ਼ੰਡ’ ’ਚ ਵਿੱਤੀ ਯੋਗਦਾਨ ਪਾਉਣ ਤੋਂ ਝਿਜਕਦੇ ਹਨ। ਹਾਲ ਹੀ ’ਚ ਆਏ ਹੜ੍ਹਾਂ ਨੇ ਪੰਜਾਬ ਦਾ ਹਰ ਖੇਤਰ ਵਿੱਚ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਹੈ, ਇਸ ਹਾਲਾਤ ’ਚ ਦੇਖਣਾ ਹੋਵੇਗਾ ਕਿ ‘ਰੰਗਲਾ ਪੰਜਾਬ ਸੁਸਾਇਟੀ’ ਨੂੰ ਦਾਨ ਵਜੋਂ ਕਿੰਨੇ ਕੁ ਫ਼ੰਡ ਇਕੱਠੇ ਹੁੰਦੇ ਹਨ।
ਕੇਜਰੀਵਾਲ ਤੇ ਮਾਨ ਵੱਲੋਂ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣ ਦੀ ਅਪੀਲ
‘ਮਿਸ਼ਨ ਚੜ੍ਹਦੀ ਕਲਾ’ ਬਾਰੇ ਅੱਜ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ ਹੈ। ਇਹ ਮੀਟਿੰਗ ਵੀਡੀਓ ਕਾਨਫ਼ਰੰਸਿੰਗ ਰਾਹੀਂ ਕੀਤੀ ਗਈ ਹੈ। ਇਸ ਦੌਰਾਨ ਕੇਜਰੀਵਾਲ ਅਤੇ ਮਾਨ ਨੇ ‘ਆਪ’ ਵਰਕਰਾਂ ਅਤੇ ਆਗੂਆਂ ਨੂੰ ਇਸ ਔਖੀ ਘੜੀ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਨ ਅਤੇ ਖੁੱਲ੍ਹੇ ਦਿਲ ਨਾਲ ਵੱਧ ਤੋਂ ਵੱਧ ਦਾਨ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਐੱਨ.ਆਰ.ਆਈ. ਅਤੇ ਪੰਜਾਬੀਆਂ ਨੂੰ ਵੀ ਪੰਜਾਬ ਨੂੰ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਇਕੱਠਾ ਕੀਤਾ ਪੈਸਾ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਖਰਚ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਮਿਸ਼ਨ ਦੀ ਸਫ਼ਲਤਾ ਲਈ ਪਾਰਟੀ ਦੇ ਹਰ ਮੈਂਬਰ ਦਾ ਸਹਿਯੋਗ ਬਹੁਤ ਜ਼ਰੂਰੀ ਹੈ।