ਵਾਸ਼ਿੰਗਟਨ, 7 ਜੁਲਾਈ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਹਮਲਾਵਰ ਰੁਖ਼ ਅਖਤਿਆਰ ਕਰਦਿਆਂ ਬ੍ਰਿਕਸ ਦੀਆਂ ‘ਅਮਰੀਕਾ ਵਿਰੋਧੀ’ ਨੀਤੀਆਂ ਨਾਲ ਜੁੜਨ ਵਾਲੇ ਦੇਸ਼ਾਂ ’ਤੇ 10 ਫੀਸਦ ਵਾਧੂ ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ। ਬ੍ਰਾਜ਼ੀਲ ਵਿੱਚ ਬ੍ਰਿਕਸ ਸਿਖਰ ਸੰਮੇਲਨ ਵਿੱਚ ਵੱਖ-ਵੱਖ ਆਗੂਆਂ ਵੱਲੋਂ ਟਰੰਪ ਦਾ ਨਾਮ ਲਏ ਬਿਨਾਂ ਟੈਰਿਫ ਵਿੱਚ ਕੀਤੇ ਗਏ ਵਾਧੇ ਦੀ ਨਿਖੇਧੀ ਕੀਤੀ ਹੈ, ਜਿਸ ਤੋਂ ਬਾਅਦ ਟਰੰਪ ਦਾ ਇਹ ਤਾਜ਼ਾ ਬਿਆਨ ਆਇਆ ਹੈ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਸੋਸ਼ਲ ’ਤੇ ਕਿਹਾ, ‘ਬ੍ਰਿਕਸ ਦੀਆਂ ਅਮਰੀਕਾ ਵਿਰੋਧੀ ਨੀਤੀਆਂ ਨਾਲ ਜੁੜਨ ਵਾਲੇ ਹਰ ਦੇਸ਼ ’ਤੇ 10 ਫੀਸਦ ਵਾਧੂ ਟੈਰਿਫ ਲਾਇਆ ਜਾਵੇਗਾ। ਇਸ ਨੀਤੀ ਵਿਚ ਕੋਈ ਅਪਵਾਦ ਨਹੀਂ ਹੋਵੇਗਾ। ਕਿਰਪਾ ਕਰਕੇ ਇਸ ਮਾਮਲੇ ’ਤੇ ਧਿਆਨ ਦਿਓ।’ ਟਰੰਪ ਨੇ ਹਾਲਾਂਕਿ ਆਪਣੀ ਇਸ ਪੋਸਟ ਵਿਚ ‘ਅਮਰੀਕਾ ਵਿਰੋਧੀ ਨੀਤੀਆਂ’ ਦਾ ਸਪੱਸ਼ਟ ਰੂਪ ਵਿਚ ਜ਼ਿਕਰ ਨਹੀਂ ਕੀਤਾ ਅਤੇ ਨਾ ਹੀ ਦੱਸਿਆ ਕਿ ਉਹ ਕਿਹੜੀਆਂ ਨੀਤੀਆਂ ਨੂੰ ਇਸ ਵਰਗ ਵਿਚ ਮੰਨਦੇ ਹਨ। ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ) ਦੀ ਸਥਾਪਨਾ 2009 ਵਿਚ ਹੋਈ ਸੀ, ਜਿਸ ਦਾ ਮਕਸਦ ਆਲਮੀ ਬਹੁ-ਧਰੁਵੀਕਰਨ ਨੂੰ ਹੱਲਾਸ਼ੇਰੀ ਦੇਣਾ ਤੇ ਪੱਛਮੀ ਮੁਲਕਾਂ ਦੇ ਦਬਦਬੇ ਨੂੰ ਚੁਣੌਤੀ ਦੇਣਾ ਰਿਹਾ ਹੈ। ਪਿਛਲੇ ਸਾਲ ਮਿਸਰ, ਇਥੋਪੀਆ, ਇੰਡੋਨੇਸ਼ੀਆ, ਇਰਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਨੂੰ ਵੀ ਇਸ ਗਰੁੱਪ ਵਿੱਚ ਮੈਂਬਰਸ਼ਿਪ ਦਿੱਤੀ ਗਈ ਸੀ। ਬ੍ਰਿਕਸ ਦੇ ਇਸ ਵਿਸਥਾਰ ਨੂੰ ਅਮਰੀਕੀ ਨੀਤੀਆਂ ਲਈ ਰਣਨੀਤਕ ਚੁਣੌਤੀ ਵਜੋਂ ਦੇਖਿਆ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਵੱਲੋਂ ਇਹ ਐਲਾਨ ਬ੍ਰਿਕਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਟਰੰਪ ਨੇ ਵੱਖਰੀ ਪੋਸਟ ’ਚ ਕਿਹਾ ਕਿ ਅਮਰੀਕਾ ਸੋਮਵਾਰ ਤੋਂ ਵੱਖ-ਵੱਖ ਦੇਸ਼ਾਂ ਨੂੰ ਟੈਰਿਫਾਂ ਅਤੇ ਸੌਦਿਆਂ ਬਾਰੇ ‘ਪੱਤਰ’ ਭੇਜੇਗਾ। -ਪੀਟੀਆਈ
ਬ੍ਰਿਕਸ ਕਿਸੇ ਤੀਜੇ ਦੇਸ਼ ਨੂੰ ਨਿਸ਼ਾਨਾ ਨਹੀਂ ਬਣਾਉਂਦਾ: ਚੀਨ
ਪੇਈਚਿੰਗ: ਚੀਨ ਨੇ ਸੋਮਵਾਰ ਨੂੰ ਕਿਹਾ ਕਿ ਬ੍ਰਿਕਸ ਟਕਰਾਅ ਲਈ ਬਣਿਆ ਗਰੁੱਪ ਨਹੀਂ ਹੈ ਅਤੇ ਨਾ ਹੀ ਇਹ ਕਿਸੇ ਤੀਜੇ ਦੇਸ਼ ਨੂੰ ਨਿਸ਼ਾਨਾ ਬਣਾਉਂਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਬ੍ਰਿਕਸ ਦੀਆਂ ‘ਅਮਰੀਕਾ ਵਿਰੋਧੀ ਨੀਤੀਆਂ’ ਨਾਲ ਜੁੜਨ ਵਾਲੇ ਦੇਸ਼ਾਂ ’ਤੇ 10 ਫੀਸਦ ਵਾਧੂ ਟੈਰਿਫ ਲਾਉਣ ਦੀ ਦਿੱਤੀ ਗਈ ਧਮਕੀ ਮਗਰੋਂ ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਇਹ ਬਿਆਨ ਜਾਰੀ ਕੀਤਾ ਹੈ। ਮਾਓ ਨੇ ਕਿਹਾ ਕਿ ਬ੍ਰਿਕਸ ਉੱਭਰ ਰਹੇ ਬਾਜ਼ਾਰਾਂ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਸਹਿਯੋਗ ਲਈ ਅਹਿਮ ਪਲੇਟਫਾਰਮ ਹੈ। ਉਨ੍ਹਾਂ ਕਿਹਾ, ‘ਇਹ ਖੁੱਲ੍ਹੇਪਣ, ਸਮਾਵੇਸ਼ ਅਤੇ ਸਹਿਯੋਗ ਦੀ ਵਕਾਲਤ ਕਰਦਾ ਹੈ। ਇਹ ਗਰੁੱਪ ਟਕਰਾਅ ਲਈ ਨਹੀਂ ਬਣਿਆ ਅਤੇ ਨਾ ਹੀ ਕਿਸੇ ਦੇਸ਼ ਨੂੰ ਨਿਸ਼ਾਨਾ ਬਣਾਉਂਦਾ ਹੈ।’ ਟਰੰਪ ਵੱਲੋਂ ਟੈਰਿਫ ਵਿੱਚ ਵਾਧੇ ਦੀਆਂ ਦਿੱਤੀਆਂ ਗਈਆਂ ਧਮਕੀਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ, ‘ਵਪਾਰ ਯੁੱਧ ਅਤੇ ਟੈਰਿਫ ਯੁੱਧ ਵਿੱਚ ਕੋਈ ਜੇਤੂ ਨਹੀਂ ਹੁੰਦਾ।’ -ਪੀਟੀਆਈ
ਜਪਾਨ ਅਤੇ ਦੱਖਣੀ ਕੋਰੀਆ ’ਤੇ 25-25 ਫ਼ੀਸਦ ਟੈਕਸ ਲਾਇਆ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਪਾਨ ਅਤੇ ਦੱਖਣੀ ਕੋਰੀਆ ਤੋਂ ਆਉਣ ਵਾਲੀਆਂ ਵਸਤਾਂ ’ਤੇ 25-25 ਫ਼ੀਸਦੀ ਟੈਕਸ ਲਗਾ ਦਿੱਤਾ ਹੈ। ਉਨ੍ਹਾਂ ਦੋਵੇਂ ਮੁਲਕਾਂ ਨਾਲ ਵਪਾਰਕ ਵਸਤਾਂ ਦੀਆਂ ਡਿਊਟੀਆਂ ’ਚ ਅਸਾਵੇਂਪਨ ਦਾ ਹਵਾਲਾ ਦਿੱਤਾ ਹੈ। ਟਰੁੱਥ ਸੋਸ਼ਲ ’ਤੇ ਪੱਤਰ ਜਾਰੀ ਕਰਦਿਆਂ ਟਰੰਪ ਨੇ ਦੱਸਿਆ ਕਿ ਇਹ ਟੈਕਸ ਪਹਿਲੀ ਅਗਸਤ ਤੋਂ ਲਾਗੂ ਹੋਣਗੇ। ਪੱਤਰਾਂ ’ਚ ਦੋਵੇਂ ਮੁਲਕਾਂ ਦੇ ਆਗੂਆਂ ਨੂੰ ਧਮਕੀ ਦਿੱਤੀ ਗਈ ਹੈ ਕਿ ਉਹ ਅਮਰੀਕੀ ਵਸਤਾਂ ’ਤੇ ਟੈਕਸ ਵਧਾਉਣ ਦੀ ਕੋਸ਼ਿਸ਼ ਨਾ ਕਰਨ, ਨਹੀਂ ਤਾਂ ਟਰੰਪ ਪ੍ਰਸ਼ਾਸਨ ਟੈਕਸ ਹੋਰ ਵਧਾ ਦੇਵੇਗਾ ਜਿਸ ਨਾਲ ਜਪਾਨ ਅਤੇ ਦੱਖਣੀ ਕੋਰੀਆ ਦੇ ਆਟੋ ਅਤੇ ਇਲੈਕਟ੍ਰਾਨਿਕਸ ਸੈਕਟਰ ਨੂੰ ਢਾਹ ਲੱਗ ਸਕਦੀ ਹੈ। ਟਰੰਪ ਨੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇਇ-ਮਯੁੰਗ ਨੂੰ ਲਿਖੇ ਪੱਤਰਾਂ ’ਚ ਕਿਹਾ ਕਿ ਜੇ ਉਨ੍ਹਾਂ ਅਮਰੀਕੀ ਵਸਤਾਂ ’ਤੇ ਟੈਕਸ ਵਧਾਉਣ ਦਾ ਫ਼ੈਸਲਾ ਲਿਆ ਤਾਂ ਉਹ ਵੀ 25-25 ਫ਼ੀਸਦੀ ਟੈਕਸ ਵਧਾਉਂਦੇ ਜਾਣਗੇ। ਟਰੰਪ ਪ੍ਰਸ਼ਾਸਨ ਬੁੱਧਵਾਰ ਦੀ ਸਮਾਂ-ਸੀਮਾ ਤੋਂ ਪਹਿਲਾਂ ਨਵੇਂ ਲੈਣ-ਦੇਣ ਕਰਨ ਲਈ ਵਪਾਰਕ ਭਾਈਵਾਲਾਂ ’ਤੇ ਦਬਾਅ ਵਧਾ ਰਿਹਾ ਹੈ। ਇਸ ਤਰ੍ਹਾਂ ਕਾਰੋਬਾਰਾਂ, ਖਪਤਕਾਰਾਂ ਅਤੇ ਅਮਰੀਕਾ ਦੇ ਵਪਾਰਕ ਭਾਈਵਾਲਾਂ ਵਿੱਚ ਬੇਯਕੀਨੀ ਹੋਰ ਵਧ ਗਈ ਹੈ। -ਏਪੀ