ਕੁਲਦੀਪ ਸਿੰਘ
ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਨੇ ਅੱਜ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿੱਚ ਕਵੀ ਸ਼ਮੀਲ ਦੀ ਕਾਵਿ-ਕਿਤਾਬ ‘ਤੇਗ’ ਉੱਤੇ ਚਰਚਾ ਕਰਵਾਈ। ਸਮਾਗਮ ਦੇ ਸ਼ੁਰੂ ’ਚ ਆਲੋਚਕ ਡਾ. ਯੋਗਰਾਜ ਅੰਗਰੀਸ਼ ਨੇ ਕਿਤਾਬ ਨਾਲ ਜਾਣ-ਪਛਾਣ ਕਰਾਉਂਦਿਆਂ ਕਿਹਾ ਕਿ ‘ਤੇਗ’ ਨਾਲ ਸ਼ਮੀਲ ਦੀ ਕਵੀ ਵਜੋਂ ਵੱਖਰੀ ਪਛਾਣ ਸਥਾਪਿਤ ਹੋਈ ਹੈ।
ਕਵੀ ਸ਼ਮੀਲ ਨੇ ਕਿਹਾ ਕਿ ਇਹ ਕਿਤਾਬ ਸੰਤ ਸਿਪਾਹੀ ਦਾ ਕਨਸੈਪਟ ਹੈ, ਇਹ ਕਵਿਤਾ ਉਸ ਦੇ ਅਹਿਸਾਸ ਹਨ। ਇਸ ਉਪਰੰਤ ਪੰਜਾਬ ਯੂਨੀਵਰਸਿਟੀ ਤੋਂ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਕਵਿਤਾ ਦੇ ਆਧਾਰ ’ਤੇ ਗੱਲ ਕਰਦਿਆਂ ਕਿਹਾ ਕਿ ‘ਤੇਗ’ ਇੱਕ ਰੂਪਕ ਹੈ, ਇਹ ਕੋਈ ਪ੍ਰਤੀਕ, ਚਿੰਨ੍ਹ ਨਹੀਂ। ਇਸ ਸਾਰੀ ਕਵਿਤਾ ਵਿੱਚ ਰੂਪਕ ਵੱਡੀ ਭੂਮਿਕਾ ਅਦਾ ਕਰਦਾ ਹੈ। ਪ੍ਰਧਾਨਗੀ ਮੰਡਲ ਵਿੱਚੋਂ ਬੋਲਦਿਆਂ ਡਾ. ਤੇਜਵੰਤ ਗਿੱਲ ਨੇ ਕਿਹਾ ਕਿ ਇਹ ਕਵਿਤਾ ਮੀਲ ਪੱਥਰ ਹੈ, ਇਸ ਵਿੱਚ ਸ਼ਮੀਲ ਦਾ ਆਪਣਾ ਕਮਾਇਆ ਨਜ਼ਰੀਆ ਹੈ। ਆਲੋਚਕ ਤੇ ਚਿੰਤਕ ਅਮਰਜੀਤ ਗਰੇਵਾਲ ਨੇ ਕੁਝ ਕਵਿਤਾਵਾਂ ਨੂੰ ਆਧਾਰ ਬਣਾ ਕੇ ਕਿਹਾ ਕਿ ਜੰਗ ਖ਼ਿਲਾਫ਼ ਜੰਗ ਕਰ ਕੇ ਜੰਗ ਖ਼ਤਮ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸਾਡੀ ਨੈਤਿਕਤਾ ਹੀ ਕੰਮ ਆਵੇਗੀ। ਉਨ੍ਹਾਂ ਭਵਿੱਖ ’ਚ ਕਵਿਤਾ ਦੇ ਮਹੱਤਵ ਬਾਰੇ ਵੀ ਗੱਲ ਕੀਤੀ। ਸਮਾਗਮ ਦੌਰਾਨ ਪ੍ਰਧਾਨਗੀ ਭਾਸ਼ਣ ਦਿੰਦਿਆਂ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਤੇ ਕਵੀ ਸਵਰਨਜੀਤ ਸਵੀ ਨੇ ਚਰਚਾ ਨੂੰ ਮਹੱਤਵਪੂਰਨ ਦੱਸਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਸ਼ਮੀਲ ਨੂੰ ਜਾਣਦੇ ਹਨ, ਉਹ ਇੱਕ ਵਿਚਾਰ ਨੂੰ ਫੜਦਾ ਹੈ ਅਤੇ ਕਵਿਤਾ ਲਿਖਦਾ ਹੈ।
ਪੰਜਾਬ ਨਾਟਕ ਤੇ ਸੰਗੀਤ ਅਕਾਦਮੀ ਦੇ ਪ੍ਰਧਾਨ ਅਸ਼ਵਨੀ ਚੈਟਲੇ ਨੇ ਸ਼ਮੀਲ ਨਾਲ ਕੁਝ ਨਿੱਜੀ ਸਾਂਝਾਂ ਦਾ ਜ਼ਿਕਰ ਕੀਤਾ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦਾ ਸੰਚਾਲਨ ਕਵੀ ਅਤੇ ਵਾਰਤਕਕਾਰ ਜਗਦੀਪ ਸਿੱਧੂ ਨੇ ਕੀਤਾ।

