ਡਿਜੀਟਲ ਅਰੈਸਟ: ਦੋ ਅੰਤਰਰਾਜੀ ਗਰੋਹਾਂ ਦਾ ਪਰਦਾਫ਼ਾਸ਼
ਮੁਹਾਲੀ ਦੀ ਸਾਈਬਰ ਕ੍ਰਾਈਮ ਪੁਲੀਸ ਨੇ ਤਾਮਿਲਨਾਡੂ, ਕਰਨਾਟਕਾ ਅਤੇ ਗੁਜਰਾਤ ਸਣੇ ਕਈ ਰਾਜਾਂ ਵਿੱਚ ਸਾਂਝੇ ਤੌਰ ’ਤੇ ਛਾਪੇ ਮਾਰ ਕੇ ਡਿਜੀਟਲ ਅਰੈਸਟ ਕਰ ਕੇ ਠੱਗੀ ਮਾਰਨ ਵਿੱਚ ਸ਼ਾਮਲ ਦੋ ਗਰੋਹਾਂ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਤਹਿਤ ਪੁਲੀਸ ਨੇ ਗਰੋਹ ਦੇ ਦਸ ਮੈਂਬਰਾਂ ਦੀ ਪਛਾਣ ਕਰ ਕੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਬਾਕੀਆਂ ਦੀ ਭਾਲ ਜਾਰੀ ਹੈ।
ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਦੋ ਗਰੋਹ ਦੇਸ਼ ਭਰ ਵਿੱਚ ਕਈ ਸੂਬਿਆਂ ਵਿੱਚ ਦਰਜਨਾਂ ਲੋਕਾਂ ਨਾਲ ਠੱਗੀ ਮਾਰ ਚੁੱਕੇ ਹਨ ਅਤੇ ਰਾਸ਼ਟਰੀ ਪੱਧਰ ’ਤੇ ਲਗਭਗ 92 ਕਰੋੜ ਰੁਪਏ ਦੀ ਰਕਮ ਹੜੱਪ ਚੁੱਕੇ ਹਨ। ਗ੍ਰਿਫ਼ਤਾਰ ਕੀਤੇ ਗਏ ਛੇ ਮੁਲਜ਼ਮ ਤਾਮਿਲਨਾਡੂ, ਕਰਨਾਟਕਾ ਅਤੇ ਗੁਜਰਾਤ ਦੇ ਵਸਨੀਕ ਹਨ, ਜਿਨ੍ਹਾਂ ਵਿੱਚੋਂ 2 ਦੋਸ਼ੀ ਪਹਿਲਾਂ ਹੀ ਜੇਲ੍ਹ
ਵਿੱਚ ਹਨ। ਜਿਨ੍ਹਾਂ ਖਿਲਾਫ਼ ਵੱਖ-ਵੱਖ ਮਾਮਲੇ ਦਰਜ ਹਨ।
ਕੁੱਲ 310 ਬੈਂਕ ਖਾਤੇ ਬੰਦ ਕਰਵਾਏ
ਪੁਲੀਸ ਨੇ ਦੱਸਿਆ ਕਿ ਗ੍ਰਿਫ਼ਤਾਰ ਛੇ ਵਿਅਕਤੀਆਂ ਪਾਸੋਂ ਮੁਹਾਲੀ ਦੇ ਪੀੜਤਾਂ ਨਾਲ ਹੋਈ ਲਗਭਗ 3 ਕਰੋੜ ਰੁਪਏ ਦੀ ਠੱਗੀ ਟਰੇਸ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੂਰੇ ਭਾਰਤ ਵਿੱਚ ਇਸ ਗਰੋਹ ਨੇ ਲਗਭਗ 92 ਕਰੋੜ ਦੀ ਠੱਗੀ ਮਾਰੀ ਹੈ, ਜਿਸ ਦੀ ਅਗਲੇਰੀ ਕਰਵਾਈ ਵਜੋਂ 310 ਬੈਂਕ ਖਾਤੇ ਬੰਦ ਕਰਵਾਏ ਗਏ ਹਨ। ਇਸ ਤੋਂ ਇਲਾਵਾ ਤਫ਼ਤੀਸ਼ ਦੌਰਾਨ ਉਕਤ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਬੰਗਲੁਰੂ ਵਿੱਚ 12.50 ਕਰੋੜ ਰੁਪਏ ਦੀ ਠੱਗੀ ਵਾਲੇ ਡਿਜੀਟਲ ਅਰੈਸਟ ਨਾਲ ਸਬੰਧਤ ਕੇਸ ਦਰਜ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।
ਕਈ ਵੱਡੇ ਮਾਮਲਿਆਂ ’ਚ ਕੀਤੀ ਕਾਰਵਾਈ
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਾਈਬਰ ਕ੍ਰਾਈਮ ਪੁਲੀਸ ਵੱਲੋਂ ਪਿਛਲੇ ਚਾਰ ਮਹੀਨਿਆਂ ਦੌਰਾਨ ਵੱਡੀਆਂ ਸਫ਼ਲਤਾਵਾਂ ਹਾਸਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 6 ਗ਼ੈਰ-ਕਾਨੂੰਨੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕਰਦੇ ਹੋਏ 41 ਕਥਿਤ ਦੋਸ਼ੀ, ਜਿਨ੍ਹਾਂ ਵਿੱਚ ਸੱਤ ਵਿਦੇਸ਼ੀ ਨਾਗਰਿਕ ਵੀ ਹਨ, ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਗਰੋਹਾਂ ਪਾਸੋਂ 30 ਲੈਪਟਾਪ, 159 ਮੋਬਾਈਲ ਫੋਨ, 169 ਸਿਮ ਕਾਰਡ, 127 ਬੈਂਕ ਏਟੀਐੱਮ ਕਾਰਡ ਅਤੇ 158 ਬੈਂਕ ਖਾਤੇ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਹਨੀ ਟ੍ਰੈਪ ਮਾਮਲੇ ’ਚ 3 ਦੋਸ਼ੀ ਗ੍ਰਿਫ਼ਤਾਰ ਹੋਏ, ਜਿਨ੍ਹਾਂ ਪਾਸੋਂ ਮਹੱਤਵਪੂਰਨ ਡਿਜੀਟਲ ਸਬੂਤ ਬਰਾਮਦ ਹੋਏ। ਇਸੇ ਤਰ੍ਹਾਂ ਨਕਲੀ ਭਰਤੀ ਠੱਗੀ ਵਿੱਚ ਰੇਲਵੇ ਵਿਭਾਗ ਵਿੱਚ ਨੌਕਰੀ ਦੇ ਝਾਂਸੇ ਹੇਠ ਲਗਭਗ 25 ਪੀੜਤਾਂ ਨਾਲ ਠੱਗੀ ਕਰਨ ਵਾਲਾ ਮੁੱਖ ਕਥਿਤ ਦੋਸ਼ੀ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਮਾਮਲਿਆਂ ਵਿੱਚ 4 ਕਰੋੜ 12 ਲੱਖ ਦੇ ਕਰੀਬ ਰੁਪਏ ਪੀੜਤਾਂ ਨੂੰ ਵਾਪਸ ਕਰਵਾਏ ਗਏ।