ਡੀ ਆਈ ਜੀ ਕਾਂਡ: ਵਿਰੋਧੀ ਧਿਰਾਂ ਨੇ ‘ਆਪ’ ਸਰਕਾਰ ਘੇਰੀ
ਡੀ ਆਈ ਜੀ ਹਰਚਰਨ ਸਿੰਘ ਭੁੱਲਰ ਰਿਸ਼ਵਤ ਕਾਂਡ ਵਿੱਚ ਵਿਰੋਧੀ ਧਿਰਾਂ ਨੇ ‘ਆਪ’ ਸਰਕਾਰ ’ਤੇ ਉਂਗਲ ਚੁੱਕੀ ਹੈ। 21 ਸਾਲ ਪਹਿਲਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਤੱਤਕਾਲੀ ਚੇਅਰਮੈਨ ਰਵੀ ਸਿੱਧੂ ਦੇ ਲਾਕਰਾਂ ’ਚੋਂ ਮਿਲੇ ਨੋਟਾਂ ਨੇ ਭ੍ਰਿਸ਼ਟਾਚਾਰ ਦਾ ਨਵਾਂ ਅਧਿਆਇ...
ਡੀ ਆਈ ਜੀ ਹਰਚਰਨ ਸਿੰਘ ਭੁੱਲਰ ਰਿਸ਼ਵਤ ਕਾਂਡ ਵਿੱਚ ਵਿਰੋਧੀ ਧਿਰਾਂ ਨੇ ‘ਆਪ’ ਸਰਕਾਰ ’ਤੇ ਉਂਗਲ ਚੁੱਕੀ ਹੈ। 21 ਸਾਲ ਪਹਿਲਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਤੱਤਕਾਲੀ ਚੇਅਰਮੈਨ ਰਵੀ ਸਿੱਧੂ ਦੇ ਲਾਕਰਾਂ ’ਚੋਂ ਮਿਲੇ ਨੋਟਾਂ ਨੇ ਭ੍ਰਿਸ਼ਟਾਚਾਰ ਦਾ ਨਵਾਂ ਅਧਿਆਇ ਲਿਖਿਆ ਸੀ। ਹੁਣ ਭੁੱਲਰ ਦੇ ਘਰੋਂ ਮਿਲੀ 7 ਕਰੋੜ ਦੀ ਨਗਦੀ ਅਤੇ ਸੋਨੇ ਨੇ ਪੁਰਾਣੇ ਦਿਨਾਂ ਦਾ ਚੇਤਾ ਕਰਾ ਦਿੱਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੀ ਬੀ ਆਈ ਵੱਲੋਂ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਅਤੇ ਉਸ ਦੀ ਰਿਹਾਇਸ਼ ’ਚੋਂ ਕਰੋੜਾਂ ਦੀ ਨਗਦੀ ਦੀ ਬਰਾਮਦਗੀ, ‘ਆਪ’ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦੀ ਹੈ। ਵੜਿੰਗ ਨੇ ਕਿਹਾ ਕਿ ਇਹ ‘ਆਪ’ ਸਰਕਾਰ ਦੇ ਇਮਾਨਦਾਰੀ ਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇ ਦਾਅਵਿਆਂ ਦੀ ਹਵਾ ਕੱਢਦਾ ਹੈ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਹਰਚਰਨ ਸਿੰਘ ਭੁੱਲਰ ਕਿਸ ਦੇ ਕਹਿਣ ’ਤੇ ਨਾਜਾਇਜ਼ ਪੈਸਾ ਇਕੱਠਾ ਕਰ ਰਹੇ ਸਨ ਤੇ ਇਹ ਪੈਸਾ ਕਿਸ ਕੋਲ ਜਾ ਰਿਹਾ ਸੀ, ਇਸ ਦੀ ਜਾਂਚ ਕੀਤੀ ਜਾਵੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਤੋਂ ਲੁੱਟਿਆ ਜਾ ਰਿਹਾ ਪੈਸਾ ਕਿੱਧਰ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੀ ਚੁੱਪ ’ਤੇ ਵੀ ਸੁਆਲ ਖੜ੍ਹੇ ਕੀਤੇ।