ਢੀਂਡਸਾ ਤੇ ਝੂੰਦਾਂ ਧੜੇ ਅਕਾਲੀ ਦਲ ਦੀ ਭਰਤੀ ਕਮੇਟੀ ਨਾਲ ਇੱਕਸੁਰ
ਅਕਾਲ ਤਖ਼ਤ ਦੇ ਹੁਕਮਾਂ ’ਤੇ ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਹੇਠ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਕੀਤੀ ਗਈ ਭਰਤੀ ਮਗਰੋਂ ਅੱਜ ਜ਼ਿਲ੍ਹਾ ਅਤੇ ਸੂਬਾਈ ਡੈਲੀਗੇਟਾਂ ਦੀ ਚੋਣ ਮੌਕੇ ਢੀਂਡਸਾ ਅਤੇ ਝੂੰਦਾਂ ਧੜਿਆਂ ਦੇ ਸਾਰੇ ਅਕਾਲੀ ਆਗੂ ਪੂਰੀ ਤਰ੍ਹਾਂ ਇੱਕਸੁਰ ਨਜ਼ਰ ਆਏ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਭਰਤੀ ਕਮੇਟੀ ਦੇ ਮੈਂਬਰ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਦੋਵੇਂ ਵਿਧਾਨ ਸਭਾ ਹਲਕਿਆਂ ਮਾਲੇਰਕੋਟਲਾ ਅਤੇ ਅਮਰਗੜ੍ਹ ਦੇ ਕੁੱਲ 416 ਡੈਲੀਗੇਟਾਂ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ ਚੋਣ ਦੌਰਾਨ 9 ਸੂਬਾਈ ਅਤੇ 19 ਜ਼ਿਲ੍ਹਾ ਡੈਲੀਗੇਟ ਚੁਣੇ ਗਏ। ਐਡਵੋਕੇਟ ਝੂੰਦਾਂ ਮੁਤਾਬਕ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ 82 ਡੈਲੀਗੇਟਾਂ ’ਚੋਂ ਚੁਣੇ ਗਏ ਸੂਬਾਈ ਡੈਲੀਗੇਟਾਂ ਵਿੱਚ ਸਾਬਕਾ ਚੇਅਰਮੈਨ ਹਾਜ਼ੀ ਮੁਹੰਮਦ ਤੁਫੈਲ ਮਲਿਕ, ਸ਼ਫੀਕ ਚੌਹਾਨ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ ਵੈਦ ਨਰਿੰਦਰ ਸਿੰਘ, ਬੇਅੰਤ ਸਿੰਘ ਦਸੌਂਧਾ ਸਿੰਘ ਵਾਲਾ ਅਤੇ ਨਵੀਨ ਜਿੰਦਲ ਨੂੰ ਜ਼ਿਲ੍ਹਾ ਡੈਲੀਗੇਟ ਚੁਣਿਆ ਗਿਆ ਹੈ।
ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਇਜਲਾਸ ਵਿੱਚ ਹਲਕੇ ਦੇ ਕੁੱਲ 338 ’ਚੋਂ 292 ਡੈਲੀਗੇਟ ਹਾਜ਼ਰ ਹੋਏ।
11 ਅਗਸਤ ਨੂੰ ਹੋਵੇਗੀ ਪ੍ਰਧਾਨ ਦੀ ਚੋਣ
ਹਲਕਾ ਮਾਲੇਰਕੋਟਲਾ ਦੇ ਡੈਲੀਗੇਟ ਇਜਲਾਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਅਤੇ ਇਕਬਾਲ ਸਿੰਘ ਝੂੰਦਾਂ ਨੇ ਦੱਸਿਆ ਕਿ 30 ਜੁਲਾਈ ਤੱਕ ਪੰਜਾਬ ਭਰ ਵਿੱਚ ਡੈਲੀਗੇਟ ਇਜਲਾਸ ਮੁਕੰਮਲ ਕਰਕੇ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ 22 ਜੁਲਾਈ ਨੂੰ ਹਲਕਾ ਧੂਰੀ, ਸੁਨਾਮ ਅਤੇ ਸੰਗਰੂਰ ਜਦਕਿ 23 ਜੁਲਾਈ ਨੂੰ ਦਿੜ੍ਹਬਾ ਤੇ ਮੂਨਕ ਵਿੱਚ ਡੈਲੀਗੇਟ ਇਜਲਾਸ ਕੀਤੇ ਜਾਣਗੇ।