DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਢਾਬੀ ਮੋਰਚਾ: ਕਿਸਾਨਾਂ ਨੇ ਕੀਤੀ ਸਖ਼ਤ ਘੇਰਾਬੰਦੀ

ਕਿਸਾਨਾਂ ਨੇ ਮੁੱਖ ਪੰਡਾਲ ਦੁਆਲੇ ਟਰਾਲੀਆਂ ਖੜ੍ਹੀਆਂ ਕਰਕੇ ਪੱਤੀਆਂ ਨਾਲ ਕੀਤੀ ਵੈਲਡਿੰਗ
  • fb
  • twitter
  • whatsapp
  • whatsapp
featured-img featured-img
ਟਰਾਲੀਆਂ ਜੋੜ ਕੇ ਰੋਕਿਆ ਹੋਇਆ ਪੰਡਾਲ ਵੱਲ ਜਾਂਦਾ ਰਾਹ।
Advertisement

ਗੁਰਨਾਮ ਸਿੰਘ ਚੌਹਾਨ

ਪਾਤੜਾਂ, 15 ਦਸੰਬਰ

Advertisement

ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਲਈ ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 20ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਡੱਲੇਵਾਲ ਨਾਲ ਮਿਲ ਕੇ ਮਰਨ ਵਰਤ ਖ਼ਤਮ ਕਰਨ ਦੀ ਵਾਰ ਵਾਰ ਅਪੀਲ ਕੀਤੀ ਹੈ। ਮੈਡੀਕਲ ਟੀਮਾਂ ਵੱਲੋਂ ਡੱਲੇਵਾਲ ਦੀ ਸਿਹਤ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਪਰ ਉਨ੍ਹਾਂ ਦੀ ਹਾਲਤ ’ਚ ਨਿਘਾਰ ਆਉਂਦਾ ਜਾ ਰਿਹਾ ਹੈ। ਡੱਲੇਵਾਲ ਨੂੰ ਹਿਰਾਸਤ ਵਿੱਚ ਲੈਣ ਦੇ ਖ਼ਦਸ਼ੇ ਕਾਰਨ ਕਿਸਾਨਾਂ ਨੇ ਪੂਰੇ ਪੰਡਾਲ ਦੀ ਮੋਰਚਾਬੰਦੀ ਕੀਤੀ ਹੋਈ ਹੈ। ਪੂਰੇ ਪੰਡਾਲ ਦੁਆਲੇ ਟਰਾਲੀਆਂ ਖੜ੍ਹੀਆਂ ਕਰ ਕੇ ਲੋਹੇ ਦੀਆਂ ਪੱਤੀਆਂ ਨਾਲ ਵੈਲਡਿੰਗ ਕਰ ਦਿੱਤੀ ਗਈ ਹੈ ਤਾਂ ਜੋ ਪੁਲੀਸ ਪੰਡਾਲ ਤੱਕ ਨਾ ਪੁੱਜ ਸਕੇ। ਪੰਡਾਲ ਦੇ ਦੁਆਲੇ ਕਿਸਾਨਾਂ ਵੱਲੋਂ ਲਗਾਤਾਰ ਸਖ਼ਤ ਪਹਿਰਾ ਵੀ ਦਿੱਤਾ ਜਾ ਰਿਹਾ ਹੈ। ਉਂਜ ਸੁਪਰੀਮ ਕੋਰਟ ਦੇ ਦਖ਼ਲ ਮਗਰੋਂ ਪੰਜਾਬ ਪੁਲੀਸ ਵੀ ਮੁਸਤੈਦ ਹੋ ਗਈ ਹੈ ਅਤੇ ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ਦਾ ਸਿਹਤ ਅਮਲਾ ਵੀ ਬਾਰਡਰ ’ਤੇ ਤਾਇਨਾਤ ਹੈ। ਪੰਜਾਬ ਭਰ ’ਚੋਂ ਕਿਸਾਨਾਂ ਦੇ ਕਾਫਲੇ ਖਨੌਰੀ ਬਾਰਡਰ ਉੱਤੇ ਪੁੱਜਣੇ ਸ਼ੁਰੂ ਹੋ ਗਏ ਹਨ। ਲੋਕ ਪਰਿਵਾਰਾਂ ਸਮੇਤ ਅੰਦੋਲਨ ਵਾਲੀ ਥਾਂ ’ਤੇ ਪੁੱਜ ਰਹੇ ਹਨ। ਹਰਿਆਣਾ ਤੋਂ ਵੀ ਵੱਡੀ ਗਿਣਤੀ ਕਿਸਾਨ ਇਥੇ ਪੁੱਜ ਰਹੇ ਹਨ।

ਜ਼ਿਕਰਯੋਗ ਹੈ ਕਿ ਮੁੱਖ ਪੰਡਾਲ ਤੱਕ ਪੁੱਜਣ ਲਈ ਰਾਹ ਨੂੰ ਅਜਿਹਾ ਰੂਪ ਦਿੱਤਾ ਗਿਆ ਹੈ ਕਿ ਆਉਣ ਵਾਲਾ ਹਰ ਵਿਅਕਤੀ ਨਿਗਰਾਨ ਦੀ ਅੱਖ ਤੋਂ ਬਚ ਕੇ ਨਹੀਂ ਜਾ ਸਕਦਾ ਹੈ। ਬਠਿੰਡਾ ਜ਼ਿਲ੍ਹੇ ਦੇ ਕਸਬਾ ਭਗਤਾ ਭਾਈਕਾ ਤੋਂ ਅੱਜ ਬੀਬੀ ਸੰਦੀਪ ਕੌਰ ਖਾਲਸਾ ਦੀ ਅਗਵਾਈ ਹੇਠ ਜਥਾ ਅੰਦੋਲਨ ’ਚ ਸ਼ਾਮਲ ਹੋਇਆ। ਇਸੇ ਤਰ੍ਹਾਂ ਸਾਬਕਾ ਸੈਨਿਕਾਂ ਦਾ ਇੱਕ ਜਥਾ ਮਾਰਚ ਕਰਦਾ ਹੋਇਆ ਮੁੱਖ ਪੰਡਾਲ ਤੱਕ ਪੁੱਜਿਆ। ਪੰਜਾਬ ਦੇ ਕਰੀਬ ਹਰ ਜ਼ਿਲ੍ਹੇ ਤੋਂ ਕਿਸਾਨ ਅਤੇ ਆਮ ਪਰਿਵਾਰ ਇੱਥੇ ਪੁੱਜੇ ਹਨ। ਪਟਿਆਲਾ ਜ਼ਿਲ੍ਹੇ ਦੇ ਪਿੰਡ ਸਨੌਰ ਤੋਂ ਆਏ ਕੁਲਦੀਪ ਸਿੰਘ ਨੇ ਆਖਿਆ ਕਿ ਡੱਲੇਵਾਲ ਦਾ ਸੰਘਰਸ਼ ਸ਼ਾਹ ਮੁਹੰਮਦ ਵੱਲੋਂ ਲਿਖੀਆਂ ਗਈਆਂ ਸਤਰਾਂ ‘ਜੰਗ ਹਿੰਦ-ਪੰਜਾਬ ਦਾ ਹੋਣ ਲੱਗਾ’ ਦਾ ਅਜੋਕਾ ਰੂਪ ਹੈ ਜਿਸ ਦੌਰਾਨ ਆਮ ਲੋਕਾਂ ਦਾ ਇਸ ਸੰਘਰਸ਼ ਨੂੰ ਸਮਰਥਨ ਦੇਣਾ ਪੰਜਾਬ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਹੁਕਮਰਾਨਾਂ ਦਾ ਕਿਸਾਨੀ ਸੰਘਰਸ਼ ਦਾ ਵਿਰੋਧ ਕਰਨਾ ਹਿੰਦ ਦੀ ਪ੍ਰਤੀਨਿਧਤਾ ਕਰਦਾ ਹੈ।

ਪਾਤੜਾਂ ਦੇ ਵਸਨੀਕ ਮਹਿਤਾਬ ਸਿੰਘ ਨੇ ਆਖਿਆ ਕਿ ਉਹ ਸਿੱਧੇ ਤੌਰ ’ਤੇ ਕਿਸਾਨੀ ਨਾਲ ਨਹੀਂ ਜੁੜਿਆ ਹੋਇਆ ਪਰ ਉਹ ਲੰਗਰ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਮੁਹਾਲੀ ਤੋਂ ਪੁੱਜੇ ਦੋ ਸਰਕਾਰੀ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਕਿਹਾ ਕਿ ਭਾਵੇਂ ਉਹ ਵੀ ਕਿਰਸਾਨੀ ਨਾਲ ਸਿੱਧੇ ਤੌਰ ’ਤੇ ਸਬੰਧਤ ਨਹੀਂ ਹਨ ਪਰ ਉਨ੍ਹਾਂ ਦਾ ਸੰਘਰਸ਼ ਮੌਕੇ ਪੁੱਜਣਾ ਅਤੇ ਸੰਘਰਸ਼ਸ਼ੀਲ ਕਿਸਾਨਾਂ ਦਾ ਹਿੱਸਾ ਬਣਨਾ ਇਤਿਹਾਸ ਵਿੱਚ ਇਸ ਗੱਲ ਵੱਲ ਇਸ਼ਾਰਾ ਹੋਵੇਗਾ ਕਿ ਪੰਜਾਬ ਵਿੱਚ ਵਸਦੇ ਲੋਕਾਂ ਦੀ ਪੰਜਾਬੀਅਤ ਅਤੇ ਏਕਤਾ ਹਾਲੇ ਮਰੀ ਨਹੀਂ ਹੈ। ਕੁੱਲੂ ਟੋਪੀਆਂ ਵਿੱਚ ਸਜੇ ਹਿਮਾਚਲ ਪ੍ਰਦੇਸ਼ ਦੇ ਕੁਝ ਵਿਅਕਤੀਆਂ ਦਾ ਇਕ ਗਰੁੱਪ ਵੀ ਅੰਦੋਲਨ ਦੌਰਾਨ ਦਿਖਾਈ ਦਿੱਤਾ।

ਐੱਸਕੇਐੱਮ ਦੇ ਦੇਸ਼ ਭਰ ’ਚ ਧਰਨੇ 23 ਨੂੰ: ਉਗਰਾਹਾਂ

ਪਟਿਆਲਾ (ਖੇਤਰੀ ਪ੍ਰਤੀਨਿਧ): ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ 23 ਦਸੰਬਰ ਨੂੰ ਪੰਜਾਬ ਸਮੇਤ ਦੇਸ਼ ਦੇ ਸਮੂਹ ਸੂਬਿਆਂ ’ਚ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਧਰਨੇ ਦਿੱਤੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਵਿਰੋਧੀ ਤਿੰਨ ਬਿੱਲਾਂ ਨੂੰ ਲੁਕਵੇਂ ਰੂਪ ’ਚ ਲਾਗੂ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿੱਲਾਂ ਸਬੰਧੀ ਕੀਤੀ ਗਈ ਡਰਾਫਟਿੰਗ ਇਸ ਵੱਲ ਹੀ ਇਸ਼ਾਰਾ ਕਰਦੀ ਹੈ। ਉਨ੍ਹਾਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਗੰਭੀਰ ਹਾਲਤ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਗੱਲਬਾਤ ਲਈ ਸੰਜੀਦਾ ਨਹੀਂ ਹੈ। ਉਗਰਾਹਾਂ ਨੇ ਕਿਹਾ ਕਿ ਡੱਲੇਵਾਲ ਦੀ ਨਾਜ਼ੁਕ ਸਿਹਤ ਨੂੰ ਨਜ਼ਰਅੰਦਾਜ਼ ਕਰਨਾ ਕੇਂਦਰੀ ਹਕੂਮਤ ਦੇ ਬੇਰਹਿਮ ਹੋਣ ਦੀ ਤਰਜਮਾਨੀ ਹੈ। ਉਨ੍ਹਾਂ ਦਿੱਲੀ ਕੂਚ ਕਰ ਰਹੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਦਾਗਣ ਦੀ ਵੀ ਜ਼ੋਰਦਾਰ ਸ਼ਬਦਾਂ ’ਚ ਨਿੰਦਾ ਕੀਤੀ ਹੈ।

ਕੌਮੀ ਮਾਰਗ ’ਤੇ ਪ੍ਰਗਟ ਹੋਏ ਚੁੱਲ੍ਹੇ

ਪਿੰਡਾਂ ਦੇ ਚੌਂਕਿਆਂ ਵਿੱਚੋਂ ਅਲੋਪ ਹੋ ਚੁੱਕੇ ਚੁੱਲ੍ਹੇ ਕੌਮੀ ਮਾਰਗ ਉੱਤੇ ਚੱਲ ਰਹੇ ਸੰਘਰਸ਼ ਦੌਰਾਨ ਲੰਗਰ ਪਕਾਉਣ ਲਈ ਸਥਾਪਤ ਕੀਤੇ ਗਏ ਹਨ। ਇਹ ਚੁੱਲ੍ਹੇ ਭੋਜਨ ਪਕਾਉਣ ਦਾ ਵੱਡਾ ਸਹਾਰਾ ਬਣ ਰਹੇ ਹਨ। ਚੁੱਲ੍ਹਿਆਂ ਦੀ ਪਿੱਠ ਕੌਮੀ ਮਾਰਗ ’ਤੇ ਬਣੇ ਡਿਵਾਈਡਰ ਨਾਲ ਲੱਗੀ ਹੋਈ ਹੈ। ਕਿਸਾਨ ਲੰਗਰ ਪਕਾਉਣ ਦੇ ਨਾਲ ਉਥੇ ਹੱਡ ਚੀਰਵੀਂ ਠੰਢ ਵਿੱਚ ਅੱਗ ਵੀ ਸੇਕ ਰਹੇ ਹਨ।

ਖਿੱਚ ਦਾ ਕੇਂਦਰ ਬਣੀਆਂ ਕਿਸਾਨਾਂ ਦੀਆਂ ਕੁੱਲੀਆਂ

ਢਾਬੀ ਗੁੱਜਰਾਂ ਬਾਰਡਰ ’ਤੇ ਕਿਸਾਨਾਂ ਦੇ ਰੈਣ ਬਸੇਰੇ ਅਤੇ ਕੁੱਲੀਆਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਲੋਕ ਸੈਲਫੀਆਂ ਲੈਣ ਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਇਨ੍ਹਾਂ ਬਾਰੇ ਜਾਣਕਾਰੀ ਵੀ ਦੇ ਰਹੇ ਹਨ। ਕਿਸਾਨ ਲੰਗਰ ਤੇ ਮੁੱਖ ਪੰਡਾਲ ਵਿੱਚ ਸੇਵਾ ਕਰਨ ਤੋਂ ਬਾਅਦ ਇਨ੍ਹਾਂ ਵਿਚ ਆ ਕੇ ਆਰਾਮ ਕਰਦੇ ਹਨ। ਇਨ੍ਹਾਂ ਕੁੱਲੀਆਂ ਵਿੱਚ ਕਿਸਾਨਾਂ ਵੱਲੋਂ ਪਰਾਲੀ ਤੇ ਗਰਮ ਕੱਪੜੇ ਵਿਛਾਏ ਹੋਣ ਕਰਕੇ ਇਨ੍ਹਾਂ ਵਿੱਚ ਠੰਢ ਘੱਟ ਹੀ ਲੱਗਦੀ ਹੈ।

Advertisement
×