ਇੱਥੇ ਪੋਲੋ ਗਰਾਊਂਡ ਨੇੜੇ ਸਾਈਂ ਮਾਰਕੀਟ ਵਿਚਲੇ ਢਾਬੇ ’ਤੇ ਕੰਮ ਕਰਨ ਵਾਲੇ ਕਰਮਚਾਰੀ ਦੀ ਅਣਪਛਾਤਿਆਂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਸੰਤੋਸ਼ ਕੁਮਾਰ (43) ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਰਾਤ 10 ਵਜੇ ਤਿੰਨ-ਚਾਰ ਅਣਪਛਾਤੇ ਵਿਅਕਤੀ ਢਾਬੇ ’ਤੇ ਖਾਣਾ ਖਾਣ ਆਏ ਸਨ ਅਤੇ ਉਹ ਬਿੱਲ ਦੇਣ ਸਮੇਂ ਢਾਬੇ ਦੇ ਮੈਨੇਜਰ ਨਾਲ ਉਲਝ ਪਏ। ਇਸ ਝਗੜੇ ਦੌਰਾਨ, ਢਾਬੇ ’ਤੇ ਕੰਮ ਕਰਨ ਵਾਲਾ ਕਰਮਚਾਰੀ ਸੰਤੋਸ਼ ਕੁਮਾਰ ਜਦੋਂ ਲੜਾਈ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਅਣਪਛਾਤੇ ਹਮਲਾਵਰਾਂ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ ਸੰਤੋਸ਼ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਢਾਬਾ ਮਾਲਕ ਇਲਾਜ ਲਈ ਹਸਪਤਾਲ ਲੈ ਗਿਆ ਪਰ ਡਾਕਟਰਾਂ ਨੇ ਸੰਤੋਸ਼ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ’ਤੇ ਚਾਕੂ ਦਾ ਭਾਵੇਂ ਇੱਕ ਹੀ ਵਾਰ ਹੋਇਆ ਸੀ ਪਰ ਚਾਕੂ ਉਸ ਦੇ ਦਿਲ ਵਿੱਚ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਕੋਤਵਾਲੀ ਦੇ ਐੱਸ ਐੱਚ ਓ ਇੰਸਪੈਕਟਰ ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਟੀਮ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਥਾਣਾ ਮੁਖੀ ਦਾ ਕਹਿਣਾ ਸੀ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ’ ਤੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਪੁਲੀਸ ਸਰਗਰਮੀ ਨਾਲ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡੀ ਐੱਸ ਪੀ ਸਿਟੀ-2 ਸਤਿਨਾਮ ਸਿੰਘ ਸੰਘਾ ਨੇ ਆਖਿਆ ਕਿ ਢਾਬਾ ਮੁਲਾਜ਼ਮ ਦੇ ਕਤਲ ਮਾਮਲੇ ਦੀ ਮੁੱਢਲੀ ਪੜਤਾਲ ਦੌਰਾਨ ਇੱਕ ਮੁਲਜ਼ਮ ਦੀ ਪਛਾਣ ਹੋ ਗਈ ਹੈ ਜਿਸ ਦਾ ਨਾਮ ਰਾਹੁਲ ਅਰੋੜਾ ਹੈ ਜਦਕਿ ਕੁਝ ਅਣਪਛਾਤੇ ਹਨ। ਉਨ੍ਹਾਂ ਆਖਿਆ ਕਿ ਕੇਸ ਦਰਜ ਕਰ ਲਿਆ ਹੈ।

