ਜਬਰ-ਜਨਾਹ ਤੇ ਹੱਤਿਆ ਮਾਮਲੇ ’ਚ ਡੀ ਜੀ ਪੀ ਤਲਬ
ਕੌਮੀ ਮਹਿਲਾ ਕਮਿਸ਼ਨ ਨੇ ਨੋਟਿਸ ਜਾਰੀ ਕਰ ਕੇ ਤਿੰਨ ਦਿਨਾਂ ’ਚ ਜਵਾਬ ਮੰਗਿਆ
ਹਤਿੰਦਰ ਮਹਿਤਾ
ਕੌਮੀ ਮਹਿਲਾ ਕਮਿਸ਼ਨ ਨੇ ਇਥੇ 22 ਨਵੰਬਰ ਨੂੰ ਨਾਬਾਲਗ ਦੀ ਜਬਰ-ਜਨਾਹ ਮਗਰੋਂ ਹੱਤਿਆ ਮਾਮਲੇ ਵਿੱਚ ਕਥਿਤ ਕੁਤਾਹੀ ਵਰਤਣ ਵਾਲੇ ਬਰਖ਼ਾਸਤ ਪੁਲੀਸ ਅਧਿਕਾਰੀ ਖ਼ਿਲਾਫ਼ ਐੱਫ ਆਈ ਆਰ ਦਰਜ ਨਾ ਕਰਨ ਸਬੰਧੀ ਪੰਜਾਬ ਦੇ ਡੀ ਜੀ ਪੀ ਨੂੰ ਤਲਬ ਕੀਤਾ ਹੈ ਅਤੇ ਤਿੰਨ ਦਿਨਾਂ ਦੇ ਅੰਦਰ ਕਾਰਵਾਈ ਰਿਪੋਰਟ ਸੌਂਪਣ ਦਾ ਨਿਰਦੇਸ਼ ਦਿੱਤਾ ਹੈ।
ਕੌਮੀ ਮਹਿਲਾ ਕਮਿਸ਼ਨ ਨੇ ਅੱਜ ਇਸ ਸਬੰਧੀ ਬਿਆਨ ਜਾਰੀ ਕੀਤਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕਮਿਸ਼ਨ ਦੀ ਟੀਮ ਵੀਰਵਾਰ ਨੂੰ ਪੀੜਤ ਪਰਿਵਾਰ ਨੂੰ ਮਿਲੀ ਸੀ। ਕੌਮੀ ਮਹਿਲਾ ਕਮਿਸ਼ਨ ਨੇ ਮਹਿਲਾ ਸੁਰੱਖਿਆ ਸਬੰਧੀ ਚੇਅਰਪਰਸਨ ਨਾਲ ਮੀਟਿੰਗ ਰੱਦ ਕੀਤੇ ਜਾਣ ’ਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਦੀ ਆਲੋਚਨਾ ਕੀਤੀ। ਬਿਆਨ ਮੁਤਾਬਕ ਡਿਵੀਜ਼ਨ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤੈਅ ਮੀਟਿੰਗ ਰੱਦ ਕਰਨੀ ਪਈ। ਕਮਿਸ਼ਨ ਨੇ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਕਰਨ ਬਾਰੇ ਚੇਅਰਪਰਸਨ ਨੂੰ ਅਗਾਊਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਹਾਲਾਂਕਿ ਚੇਅਰਪਰਸਨ ਨੇ ਵੀਰਵਾਰ ਨੂੰ ਜਲੰਧਰ ਡਿਵੀਜ਼ਨ ਦੇ ਸਾਰੇ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਇਸ ਦੌਰਾਨ ਨਾਬਾਲਗ ਨਾਲ ਜਬਰ-ਜਨਾਹ ਤੇ ਕਤਲ ਦੇ ਮਾਮਲੇ ਵਿੱਚ ਪ੍ਰਗਤੀ ਸਬੰਧੀ ਅਧਿਕਾਰੀਆਂ ਨਾਲ ਵਿਸਥਾਰ ਵਿੱਚ ਚਰਚਾ ਕੀਤੀ ਗਈ। ਟੀਮ ਨੇ ਆਪਣੀ ਰਿਪੋਰਟ ਵਿੱਚ ਇਸ ਮਾਮਲੇ ਵਿੱਚ ਸਬੂਤਾਂ ’ਚ ਲਾਪ੍ਰਵਾਹੀ ਵਰਤਣ ਵੱਲ ਵੀ ਇਸ਼ਾਰਾ ਕੀਤਾ। ਰਿਪੋਰਟ ਵਿੱਚ ਏ ਐੱਸ ਆਈ ਮੰਗਤ ਰਾਮ ਦਾ ਵੀ ਜ਼ਿਕਰ ਹੈ, ਜਿਸ ਨੇ ਘਟਨਾ ਵਾਲੇ ਦਿਨ ਘਰ ਦੀ ਤਲਾਸ਼ੀ ਲਈ ਸੀ। ਇਸ ਦੌਰਾਨ ਉਹ ਕਥਿਤ ਤੌਰ ’ਤੇ ਲਗਪਗ 30-40 ਮਿੰਟਾਂ ਤੱਕ ਘਰ ਦੇ ਅੰਦਰ ਰਹਿਣ ਦੇ ਬਾਵਜੂਦ ਲੜਕੀ ਦਾ ਪਤਾ ਲਗਾਉਣ ਵਿੱਚ ਨਾਕਾਮ ਰਿਹਾ, ਜਦੋਂਕਿ ਉਸ ਦੀ ਬੱਚੀ ਦੀ ਲਾਸ਼ ਘਰ ਦੇ ਬਾਥਰੂਮ ਵਿੱਚੋਂ ਮਿਲੀ। ਟੀਮ ਨੇ ਕਿਹਾ ਕਿ ਇਸ ਤੋਂ ਪੁਲੀਸ ਦੀ ਵੱਡੀ ਲਾਪ੍ਰਵਾਹੀ ਹੀ ਸਾਹਮਣੇ ਨਹੀਂ ਆਈ, ਸਗੋਂ ਪੁਲੀਸ ਕਾਰਗੁਜ਼ਾਰੀ ਅਤੇ ਕੁਸ਼ਲਤਾ ਬਾਰੇ ਗੰਭੀਰ ਚਿੰਤਾ ਵੀ ਪੈਦਾ ਹੋਈ ਹੈ। ਕੌਮੀ ਮਹਿਲਾ ਕਮਿਸ਼ਨ ਨੇ ਸਵਾਲ ਕੀਤਾ ਕਿ ਹਾਲੇ ਤੱਕ ਏ ਐੱਸ ਆਈ ਮੰਗਤ ਰਾਮ (ਬਰਖ਼ਾਸਤ) ਖ਼ਿਲਾਫ਼ ਕੋਈ ਕੇਸ ਦਰਜ ਕਿਉਂ ਨਹੀਂ ਕੀਤਾ ਗਿਆ। ਕਮਿਸ਼ਨ ਨੇ ਅਪਰਾਧ ਦੀ ਗੰਭੀਰਤਾ ਦੇ ਮੱਦੇਨਜ਼ਰ ਫਾਸਟ ਟਰੈਕ ਅਦਾਲਤ ਨੂੰ ਅਪੀਲ ਕੀਤੀ ਕਿ ਇਸ ਕੇਸ ਦੀ ਲਗਾਤਾਰ ਸੁਣਵਾਈ ਹੋਵੇ ਤਾਂ ਜੋ ਪੀੜਤ ਪਰਿਵਾਰ ਨੂੰ ਸਮੇਂ ਸਿਰ, ਨਿਰਪੱਖ ਅਤੇ ਛੇਤੀ ਇਨਸਾਫ਼ ਦਿਵਾਇਆ ਜਾ ਸਕੇ।
ਮੁਲਜ਼ਮ ਦਾ ਇਕ ਦਿਨ ਦਾ ਹੋਰ ਰਿਮਾਂਡ
ਜਲੰਧਰ (ਪੱਤਰ ਪ੍ਰੇਰਕ): ਪੁਲੀਸ ਨੇ ਪੱਛਮੀ ਖੇਤਰ ਵਿੱਚ 13 ਸਾਲਾ ਲੜਕੀ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਨੂੰ ਜਲੰਧਰ ਦੀ ਸੈਸ਼ਨ ਅਦਾਲਤ ਵਿੱਚ ਪੇਸ਼ ਕੀਤਾ। ਸ਼ੁੱਕਰਵਾਰ ਬਾਅਦ ਦੁਪਹਿਰ ਪੁਲੀਸ ਮੁਲਜ਼ਮ ਨੂੰ ਲੈ ਕੇ ਅਦਾਲਤ ਪਹੁੰਚੀ ਤੇ ਮੁਲਜ਼ਮ ਦਾ 4 ਦਿਨ ਦਾ ਰਿਮਾਂਡ ਮੰਗਿਆ ਪਰ ਅਦਾਲਤ ਨੇ ਸਿਰਫ਼ ਇੱਕ ਦਿਨ ਦਾ ਰਿਮਾਂਡ ਦਿੱਤਾ। ਮੁਲਜ਼ਮ ਨੂੰ 22 ਨਵੰਬਰ ਦੇ ਕਤਲ ਕੇਸ ਦੇ ਸਬੰਧ ਵਿੱਚ ਤੀਜੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਪਹਿਲੀ ਵਾਰ, ਉਸ ਨੂੰ ਨੌਂ ਦਿਨ, ਦੂਜੀ ਵਾਰ ਦੋ ਦਿਨ ਅਤੇ ਹੁਣ ਇੱਕ ਦਿਨ ਦਾ ਰਿਮਾਂਡ ਦਿੱਤਾ ਗਿਆ।

