ਡੀਜੀਪੀ ਵੱਲੋਂ ਆਧੁਨਿਕ ਏਐੱਨਟੀਐੱਫ ਰੇਂਜ ਦਫ਼ਤਰ ਦਾ ਉਦਘਾਟਨ
ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਜੂਨ
ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਜਾਰੀ ਮੁਹਿੰਮ ਦੀ ਕੜੀ ਵਜੋਂ ਪੁਲੀਸ ਲਾਈਨਜ਼ ਪਟਿਆਲਾ ਵਿਖੇ ਇੱਕ ਕਰੋੜ ਦੀ ਲਾਗਤ ਨਾਲ 6800 ਵਰਗ ਫੁੱਟ ਵਿੱਚ ਬਣੀ ਅਤਿ-ਆਧੁਨਿਕ ਦੋ ਮੰਜ਼ਿਲਾ ਇਮਾਰਤ ’ਚ ਅਤਿ-ਆਧੁਨਿਕ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ) ਦਾ ਦਫ਼ਤਰ ਸਥਾਪਤ ਕੀਤਾ ਗਿਆ ਹੈ, ਜੋ ਨਸ਼ਾ ਤਸਕਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਤਕਨੀਕੀ ਸਾਜ਼ੋ-ਸਾਮਾਨ ਨਾਲ ਲੈਸ ਹੈ। ਡੀਜੀਪੀ ਗੌਰਵ ਯਾਦਵ ਨੇ ਇਸ ਦਫ਼ਤਰ ਦਾ ਉਦਘਾਟਨ ਕਰਦਿਆਂ ਐਲਾਨ ਕੀਤਾ ਕਿ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਜਾਰੀ ਰਹੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੌਰਵ ਯਾਦਵ ਨੇ ਦੱਸਿਆ ਕਿ ਇਹ ਸਹੂਲਤ ਨਵੀਨਤਮ ਫੋਰੈਂਸਿਕ ਸਾਜ਼ੋ-ਸਾਮਾਨ, ਡੇਟਾ ਵਿਸ਼ਲੇਸ਼ਣ ਪ੍ਰਣਾਲੀਆਂ ਆਦਿ ਉਪਕਰਨਾਂ ਨਾਲ ਲੈਸ ਹੈ। ਇਸ ਨੂੰ ਹੋਰ ਬਿਹਤਰ ਬਣਾਉਣ ਲਈ ਕੁਸ਼ਲ ਤਕਨੀਕੀ ਮਾਹਿਰਾਂ ਦੀ ਟੀਮ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਇਸ ਯੂਨਿਟ ਨੂੰ ਨਵੇਂ ਵਾਹਨ ਉਪਲਬੱਧ ਕਰਵਾਏ ਜਾ ਰਹੇ ਹਨ। ਡੀਜੀਪੀ ਨੇ ਦੱਸਿਆ ਕਿ ਸਰਕਾਰ ਵੱਲੋਂ ਪਿਛਲੇ ਸਾਲ ਦੌਰਾਨ ਤਕਨੀਕੀ ਆਧੁਨਿਕੀਕਰਨ ਲਈ ਦਿੱਤੀ 12 ਕਰੋੜ ਦੀ ਗਰਾਂਟ ਵਧਾ ਕੇ 13.5 ਕਰੋੜ ਕਰ ਦਿੱਤੀ ਗਈ ਹੈ, ਜੋ ਏਐੱਨਟੀਐੱਫ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਤੇ ਬਿਹਤਰ ਬਣਾਉਣ ਲਈ ਵਰਤੀ ਜਾ ਰਹੀ ਹੈ। ਜਲਦੀ ਸਾਰੀਆਂ ਰੇਂਜਾਂ ਵਿੱਚ ਏਐੱਨਟੀਐੱਫ ਦਫ਼ਤਰ ਹੋਣਗੇ ਤੇ ਜਲੰਧਰ ਰੇਂਜ ਵਿੱਚ ਦਫ਼ਤਰ ਉਸਾਰੀ ਅਧੀਨ ਹੈ। ਉਨ੍ਹਾਂ ਦੱਸਿਆ ਕਿ ਮਾਮੂਲੀ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਨਸ਼ੇ ਦੇ ਆਦੀ 1121 ਵਿਅਕਤੀਆਂ ਨੂੰ ਅਪਰਾਧੀਆਂ ਦੀ ਵਜਾਏ ਪੀੜਤ ਮੰਨਦਿਆਂ ਮੁੜ ਵਸੇਬੇ ਲਈ ਭੇਜਿਆ ਗਿਆ ਹੈ। 5786 ਵਿਅਕਤੀ ਨਸ਼ਾ ਛੁਡਾਊ ਕੇਂਦਰਾਂ ਵਿਚ ਦਾਖ਼ਲ ਕਰਵਾਏ ਤੇ 6483 ਓਟ ਕਲੀਨਿਕਾਂ ਵਿਚੋਂ ਦਵਾਈ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਮਾਨਤ ’ਤੇ ਛੁਟੇ ਵੱਡੇ ਤਸਕਰਾਂ ਦੀਆਂ ਗਤੀਵਿਧੀਆਂ ਨੂੰ ਅਦਾਲਤੀ ਪ੍ਰਵਾਨਗੀ ਨਾਲ ਜੀਪੀਐੱਸ ਐਨਕਲੇਟਸ ਰਾਹੀਂ ਟਰੈਕ ਕਰਨ ਅਤੇ ਨਿਗਰਾਨੀ ਲਈ ਕਾਨੂੰਨੀ ਪੱਖ ਤੋਂ ਤਜਵੀਜ਼ ਦੀ ਪੜਚੋਲ ਕੀਤੀ ਜਾ ਰਹੀ ਹੈ। ਏਆਈ ਅਧਾਰਤ ਡੇਟਾਬੇਸ ਵੀ ਵਿਕਸਤ ਕੀਤਾ ਜਾ ਰਿਹਾ ਹੈ ਤਾਂ ਜੋ ਗ੍ਰਿਫ਼ਤਾਰ ਨਸ਼ਾ ਤਸਕਰਾਂ ਦੇ ਅਗਲੇਰੇ-ਪਿਛਲੇਰੇ ਸਬੰਧਾਂ ਨੂੰ ਹੋਰ ਡੂੰਘਾਈ ਨਾਲ ਪੜਤਾਲਿਆ ਜਾ ਸਕੇ।
ਇਸ ਮੌਕੇ ਡੀਜੀਪੀ (ਏਐੱਨਟੀਐੱਫ) ਕੁਲਦੀਪ ਸਿੰਘ, ਏਐੱਨਟੀਐੱਫ ਦੇ ਏਡੀਜੀਪੀ ਨਿਲਾਭ ਕਿਸ਼ੋਰ ਸਮੇਤ ਡੀਆਈਜੀ (ਏਐੱਨਟੀਐੱਫ) ਸੰਜੀਵ ਕੁਮਾਰ ਰਾਮਪਾਲ, ਡੀਆਈਜੀ ਪਟਿਆਲਾ ਡਾ. ਨਾਨਕ ਸਿੰਘ, ਐੱਸਐੱਸਪੀ ਵਰੁਣ ਸ਼ਰਮਾ ਅਤੇ ਏਆਈਜੀ (ਏਐੱਨਟੀਐੱਫ) ਭੁਪਿੰਦਰ ਸਿੰਘ ਸੁਨਾਮ ਵੀ ਮੌਜੂਦ ਸਨ।
ਮਾਰਚ ਤੋਂ ਹੁਣ ਤੱਕ 15 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਸਾਲ ਪਹਿਲੀ ਮਾਰਚ ਤੋਂ ਹੁਣ ਤੱਕ 8960 ਕੇਸ ਦਰਜ ਕਰਕੇ 15,272 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ ਦੇ ਕਬਜ਼ੇ ਵਿੱਚੋਂ 603 ਕਿਲੋ ਹੈਰੋਇਨ, 249 ਕਿਲੋ ਅਫੀਮ, 14 ਟਨ ਭੁੱਕੀ, ਨੌਂ ਕਿਲੋ ਚਰਸ, 262 ਕਿਲੋ ਗਾਂਜਾ, ਢਾਈ ਕਿਲੋ ਆਈਸੀਈ, 1.6 ਕਿਲੋ ਕੋਕੇਨ ਅਤੇ 26.28 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲਾਂ ਸਮੇਤ 10.81 ਕਰੋੜ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। 144 ਨਸ਼ਾ ਤਸਕਰਾਂ ਦੀਆਂ 74.27 ਕਰੋੜ ਦੀਆਂ ਨਾਜਾਇਜ਼ ਜਾਇਦਾਦਾਂ ਵੀ ਜ਼ਬਤ ਕੀਤੀਆਂ ਗਈਆਂ ਹਨ। ਨਸ਼ਿਆਂ ਵਿਰੁੱਧ ਪਟਿਆਲਾ ਪੁਲੀਸ ਦੀ ਵਧੀਆ ਕਾਰਗੁਜ਼ਾਰੀ ਤਹਿਤ ਡੀਜੀਪੀ ਨੇ ਐੱਸਐੱਸਪੀ ਵਰੁਣ ਸ਼ਰਮਾ ਅਤੇ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ਤੇ ਪੁਲੀਸ ਦੇ ਯਤਨਾ ਸਦਕਾ ਪਟਿਆਲਾ ਜ਼ਿਲ੍ਹੇ ’ਚ ਚਿੱਟੇ ਦਾ ਸੇਵਨ ਕਰਨ ਵਾਲਿਆਂ ਦੀ ਨਾ ਮਾਤਰ ਹੀ ਗਿਣਤੀ ਹੋਣ ਦੀ ਗੱਲ ਵੀ ਸਵੀਕਾਰੀ।