DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੱਲੇਵਾਲ ਨੂੰ ਮਨਾਉਣ ਪੁੱਜੇ ਡੀਜੀਪੀ ਤੇ ਕੇਂਦਰੀ ਅਧਿਕਾਰੀ

ਗ੍ਰਹਿ ਮੰਤਰਾਲੇ ਦੇ ਡਾਇਰੈਕਟਰ ਮਿਸ਼ਰਾ ਤੇ ਪੰਜਾਬ ਪੁਲੀਸ ਮੁਖੀ ਯਾਦਵ ਵੱਲੋਂ ਕਿਸਾਨ ਆਗੂ ਨੂੰ ਮਰਨ ਵਰਤ ਖ਼ਤਮ ਕਰਨ ਦੀ ਅਪੀਲ
  • fb
  • twitter
  • whatsapp
  • whatsapp
featured-img featured-img
ਢਾਬੀ ਗੁਜਰਾਂ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਦੇ ਹੋਏ ਡੀਜੀਪੀ ਗੌਰਵ ਯਾਦਵ ਅਤੇ ਗ੍ਰਹਿ ਵਿਭਾਗ ਦੇ ਡਾਇਰੈਕਟਰ ਮਯੰਕ ਮਿਸ਼ਰਾ।
Advertisement

ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ

ਪਟਿਆਲਾ/ਪਾਤੜਾਂ, 15 ਦਸੰਬਰ

Advertisement

ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਨਾਉਣ ਲਈ ਕੇਂਦਰ ਨੇ ਯਤਨ ਸ਼ੁਰੂ ਕਰ ਦਿੱਤੇ ਹਨ। ਇਸ ਤਹਿਤ ਕੇਂਦਰੀ ਗ੍ਰਹਿ ਮੰਤਰਾਲੇ ਦੇ ਡਾਇਰੈਕਟਰ ਮਯੰਕ ਮਿਸ਼ਰਾ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਪਟਿਆਲਾ ਵਿਚਲੇ ਢਾਬੀ ਗੁਜਰਾਂ/ਖਨੌਰੀ ਬਾਰਡਰ ’ਤੇ ਪਹੁੰਚ ਕੇ ਡੱਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਮਰਨ ਵਰਤ ਤੋੜਨ ਦੀ ਅਪੀਲ ਕੀਤੀ। ਇਸ ਦੌਰਾਨ ਡੀਜੀਪੀ ਨੇ ਕਿਹਾ ਕਿ ਇਸ ਅੰਦੋਲਨ ਦੀਆਂ ਮੰਗਾਂ ਨੂੰ ਜਾਇਜ਼ ਮੰਨਦੀ ਹੋਈ ਪੰਜਾਬ ਸਰਕਾਰ ਇਨ੍ਹਾਂ ਦੀ ਪੂਰਤੀ ਲਈ ਵੀ ਯਤਨਸ਼ੀਲ ਹੈ। ਇਸ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਨਾਲ ਵੀ ਰਾਬਤਾ ਕਾਇਮ ਕੀਤਾ ਹੈ। ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਨੇ ਸੁਨੇਹਾ ਭੇਜਿਆ ਹੈ ਕਿ ਇਸ ਅੰਦੋਲਨ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਡੱਲੇਵਾਲ ਵਰਗੇ ਜੁਝਾਰੂ, ਸੁਲਝੇ ਤੇ ਸੰਜੀਦਾ ਕਿਸਾਨ ਆਗੂ ਦੀ ਅਗਵਾਈ ਦੀ ਲੋੜ ਹੈ। ਪੰਜਾਬ ਸਰਕਾਰ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਦੇਖ ਸਕਦੀ ਤੇ ਪੁਲੀਸ ਵੀ ਉਨ੍ਹਾਂ ਨਾਲ ਜਬਰੀ ਨਹੀਂ ਕਰਨਾ ਚਾਹੁੰਦੀ, ਇਸ ਕਰਕੇ ਬੇਨਤੀ ਕਬੂਲਦਿਆਂ ਉਨ੍ਹਾਂ ਨੂੰ ਖੁਦ ਹੀ ਮਰਨ ਵਰਤ ਤਿਆਗ ਦੇਣਾ ਚਾਹੀਦਾ ਹੈ। ਪਟਿਆਲਾ ਦੇ ਡੀਆਈਜੀ ਮਨਦੀਪ ਸਿੱਧੂ, ਐੱਸਐੱਸਪੀ ਡਾ. ਨਾਨਕ ਸਿੰਘ, ਪਟਿਆਲਾ ਦੇ ਡਿਵੀਜ਼ਨਲ ਕਮਿਸ਼ਨਰ ਚਰਨਜੀਤ ਸਿੰਘ ਮਾਂਗਟ ਅਤੇ ਡੀਸੀ ਡਾ. ਪ੍ਰੀਤੀ ਯਾਦਵ ਵੀ ਉਨ੍ਹਾਂ ਦੇ ਨਾਲ ਸਨ।

ਡੀਜੀਪੀ ਨੇ ਕਿਹਾ ਕਿ ਸੁਪਰੀਮ ਕੋਰਟ ਵੀ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਤ ਹੈ, ਇਸੇ ਕਰਕੇ ਉਹ ਅਤੇ ਗ੍ਰਹਿ ਵਿਭਾਗ ਦੇ ਡਾਇਰੈਕਟਰ ਮਿਸ਼ਰਾ ਉਚੇਚੇ ਤੌਰ ’ਤੇ ਆਏ ਹਨ। ਡੀਜੀਪੀ ਨੇ ਇਸ ਮੌਕੇ ਡੱਲੇਵਾਲ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਕਾਕਾ ਸਿੰਘ ਕੋਟੜਾ ਅਤੇ ਅਭਿਮੰਨਿਯੂ ਕੋਹਾੜ ਸਮੇਤ ਹੋਰ ਕਿਸਾਨ ਆਗੂ ਵੀ ਮੌਜੂਦ ਸਨ। ਇਸ ਤੋਂ ਬਾਅਦ ਪੁਲੀਸ ਅਧਿਕਾਰੀਆਂ ਨੇ ਇੱਕ ਹੋਟਲ ’ਚ ਕੁਝ ਪ੍ਰਮੁੱਖ ਕਿਸਾਨ ਆਗੂਆਂ ਨਾਲ ਗੱਲਬਾਤ ਵੀ ਕੀਤੀ।

ਡੱਲੇਵਾਲ ਦਾ ਬਾਜਵਾ, ਗਾਂਧੀ, ਪਰਗਟ ਤੇ ਵਿਨੇਸ਼ ਸਣੇ ਹੋਰਾਂ ਨੇ ਪੁੱਛਿਆ ਹਾਲ-ਚਾਲ

ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ।

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਢਾਬੀ ਗੁੱਜਰਾਂ ਬਾਰਡਰ ’ਤੇ ਮਰਨ ਵਰਤ ਉਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿੱਚ ਕਈ ਸਿਆਸੀ ਅਤੇ ਸਮਾਜਿਕ ਆਗੂ ਅੱਗੇ ਆ ਗਏ ਹਨ। ਅੱਜ ਸਵੇਰੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ , ਲੋਕ ਸਭਾ ਮੈਂਬਰ ਧਰਮਵੀਰ ਗਾਂਧੀ, ਕਿੱਕੀ ਢਿੱਲੋ, ਬਰਿੰਦਰ ਸਿੰਘ ਢਿੱਲੋ, ਵਿਧਾਇਕ ਪਰਗਟ ਸਿੰਘ, ਵਿਧਾਇਕ ਅਤੇ ਪਹਿਲਵਾਨ ਵਿਨੇਸ਼ ਫੋਗਾਟ, ਉਨ੍ਹਾਂ ਦੇ ਪਤੀ ਸੋਮਵੀਰ ਰਾਠੀ, ਫਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ, ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਅਤੇ ਪੰਜਾਬੀ ਗਾਇਕ ਹਰਫ ਚੀਮਾ ਨੇ ਵੱਖੋ ਵੱਖਰੇ ਤੌਰ ’ਤੇ ਡੱਲੇਵਾਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਕਿਸਾਨ ਅੰਦੋਲਨ ਦੇ ਨਾਲ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਸ੍ਰੀ ਬਾਜਵਾ ਨੇ ਕਿਹਾ ਜੇ ਕੇਂਦਰ ਕਿਸਾਨਾਂ ਦੀਆਂ ਮੰਗਾਂ ਮੰਨ ਲੈਂਦਾ ਤਾਂ ਅੱਜ ਡੱਲੇਵਾਲ ਨੂੰ ਮਰਨ ਵਰਤ ’ਤੇ ਨਾ ਬੈਠਣਾ ਪੈਂਦਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਅਤੇ ਕਾਂਗਰਸ ਪਾਰਟੀ ਐੱਮਐੱਸਪੀ ਸਮੇਤ ਕਿਸਾਨਾਂ ਦੀਆਂ ਹੋਰ ਜਾਇਜ਼ ਮੰਗਾਂ ਲਈ ਉਨ੍ਹਾਂ ਨਾਲ ਡਟ ਕੇ ਖੜ੍ਹੀ ਹੈ।

ਡੱਲੇਵਾਲ ਮਰਨ ਵਰਤ ਜਾਰੀ ਰੱਖਣ ਲਈ ਅੜੇ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪੁਲੀਸ ਅਧਿਕਾਰੀਆਂ ਦੇ ਵਫਦ ਨੂੰ ਸਾਫ਼ ਕਰ ਦਿੱਤਾ ਕਿ ਕਿਸਾਨੀ ਮੰਗਾਂ ਦੀ ਪੂਰਤੀ ਤੱਕ ਉਹ ਮਰਨ ਵਰਤ ਜਾਰੀ ਰੱਖਣਗੇ। ਡੱਲੇਵਾਲ ਨੇ ਬੈੱਡ ’ਤੇ ਹੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਕੇਂਦਰ ਨੇ ਉਨ੍ਹਾਂ ਨੂੰ ਜਬਰੀ ਚੁਕਵਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਇਸ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜੇ ਪੁਲੀਸ ਕਾਰਵਾਈ ’ਚ ਕੋਈ ਕਿਸਾਨ ਜ਼ਖ਼ਮੀ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਕੇਂਦਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨਹੀਂ ਮੰਨ ਲੈਂਦੀ, ਉਦੋਂ ਤੱਕ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੁਹਰਾਇਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ 7 ਲੱਖ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਅਜਿਹੇ ਪਰਿਵਾਰਾਂ ਤੇ ਬੱਚਿਆਂ ਦੀ ਜ਼ਿੰਦਗੀ ਉਨ੍ਹਾਂ ਦੀ ਜ਼ਿੰਦਗੀ ਨਾਲੋਂ ਵੱਧ ਕੀਮਤੀ ਹੈ। ਮਰਨ ਵਰਤ ਅੱਜ ਵੀਹਵੇਂ ਦਿਨ ’ਚ ਪੁੱਜਣ ’ਤੇ ਉਨ੍ਹਾਂ ਦੀ ਸਿਹਤ ਹੋਰ ਵੀ ਵਿਗੜ ਗਈ ਹੈ। ਛੇ-ਛੇ ਘੰਟਿਆਂ ਬਾਅਦ ਜਾਂਚ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਕਿਡਨੀਆਂ ਕਮਜ਼ੋਰ ਹੋ ਗਈਆਂ ਹਨ ਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪੈ ਸਕਦਾ ਹੈ। ਗੰਭੀਰ ਹਾਲਤ ਦੇ ਮੱਦੇਨਜ਼ਰ ਕੁਝ ਦਿਨਾਂ ਤੋਂ ਉਨ੍ਹਾਂ ਦਾ ਦਸ ਦਿਨ ਦਾ ਪੋਤਾ ਵੀ ਇਥੇ ਹੀ ਰਹਿ ਰਿਹਾ ਹੈ।

ਪੰਧੇਰ ਵੱਲੋਂ ਐੱਸਕੇਐੱਮ ਨੂੰ ਏਕੇ ਦਾ ਸੱਦਾ

ਸ਼ੰਭੂ ਬਾਰਡਰ (ਸਰਬਜੀਤ ਸਿੰਘ ਭੰਗੂ): ਸ਼ੰਭੂ ਮੋਰਚੇ ਦੇ ਮੋਢੀ ਸਰਵਣ ਸਿੰਘ ਪੰਧੇਰ ਨੇ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਵਿਚਲੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਏਕੇ ਦਾ ਸੱਦਾ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੀਆਂ ਸਮੂਹ ਜਥੇਬੰਦੀਆਂ ਨੂੰ ਪੱਤਰ ਲਿਖਿਆ ਗਿਆ ਹੈ। ਜੇ ਕਿਸਾਨਾਂ ਦੀਆਂ ਜਥੇਬੰਦੀਆਂ ’ਚ ਏਕਾ ਹੋ ਜਾਂਦਾ ਹੈ ਤਾਂ ਮੌਜੂਦਾ ਅੰਦੋਲਨ ਕੇਂਦਰ ਅਤੇ ਹਰਿਆਣਾ ਸਰਕਾਰ ਲਈ ਵੱਡੀ ਚੁਣੌਤੀ ਸਾਬਤ ਹੋ ਸਕਦਾ ਹੈ। ਕਿਸਾਨ-ਮਜ਼ਦੂਰ ਮੋਰਚੇ ਦੇ ਲੈਟਰ ਪੈਡ ’ਤੇ ਲਿਖੇ ਪੱਤਰ ’ਚ ਕਿਹਾ ਗਿਆ ਹੈ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਘੋਲ ਦੇ ਹਿੱਤ ਵਿੱਚ ਪਹਿਲਾਂ ਵੀ ਏਕਤਾ ਲਈ ਯਤਨ ਕੀਤੇ ਗਏ ਸਨ ਪਰ ਕੁਝ ਕਾਰਨਾਂ ਕਰਕੇ ਇਹ ਯਤਨ ਸਫ਼ਲ ਨਹੀਂ ਹੋ ਸਕੇ ਸਨ। ਪੱਤਰ ’ਚ ਕਿਹਾ ਗਿਆ ਹੈ ਕਿ ਕਿਸਾਨ-ਮਜ਼ਦੂਰ ਮੋਰਚੇ ਵੱਲੋਂ 12 ਮੰਗਾਂ ਮੰਨਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਚੜ੍ਹਦੀਕਲਾ ਵਾਸਤੇ ਐੱਸਕੇਐੱਮ ਨੂੰ ਦੁਬਾਰਾ ਏਕੇ ਦਾ ਸੱਦਾ ਦਿੱਤਾ ਜਾਂਦਾ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਜੇ ਸੱਦਾ ਪ੍ਰਵਾਨ ਹੁੰਦਾ ਹੈ ਤਾਂ ਅੱਗੇ ਮੀਟਿੰਗਾਂ ਕੀਤੀਆਂ ਜਾ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਦੋ ਦਿਨ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਦੌਰਾਨ ਸਾਰੀਆਂ ਕਿਸਾਨ ਧਿਰਾਂ ਦੇ ਏਕੇ ’ਤੇ ਜ਼ੋਰ ਦਿੱਤਾ ਸੀ। ਉਧਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਵੀ ਏਕੇ ਦੀ ਗੱਲ ਆਖ ਚੁੱਕੇ ਹਨ।

Advertisement
×