ਡੀਜੀਸੀਏ ਵੱਲੋਂ ਏਅਰ ਇੰਡੀਆ ਨੂੰ ਨੋਟਿਸ
ਮੁੰਬਈ: ਸ਼ਹਿਰੀ ਹਵਾਬਾਜ਼ੀ ਸੁਰੱਖਿਆ ਨਿਗਰਾਨੀ ਸੰਸਥਾ ਡਾਇਰੈਕਟਰ ਜਨਰਲ ਸ਼ਹਿਰੀ ਹਵਾਬਾਜ਼ੀ (ਡੀਜੀਸੀਏ) ਨੇ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੂੰ ਉਡਾਣ ਅਮਲੇ ਲਈ ਫਲਾਈਟ ਡਿਊਟੀ ਸਮਾਂ ਹੱਦ (ਐੱਫਡੀਟੀਐੱਲ) ਨਿਯਮਾਂ ਦੀ ਉਲੰਘਣਾ ਕਰਨ ’ਤੇ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਹੈ। ਡੀਜੀਸੀਏ ਨੇ ਏਅਰ ਇੰਡੀਆ ਨੂੰ ਨੋਟਿਸ ਦਾ ਜਵਾਬ ਸੱਤ ਦਿਨਾਂ ਦੇ ਅੰਦਰ ਦੇਣ ਦੀ ਹਦਾਇਤ ਕੀਤੀ ਹੈ। ਨੋਟਿਸ ਅਨੁਸਾਰ ਏਅਰਲਾਈਨ ਦੀਆਂ 16 ਅਤੇ 17 ਮਈ ਦੀਆਂ ਬੰਗਲੁਰੂ-ਲੰਡਨ ਉਡਾਣਾਂ ਦੀ ਸਪੌਟ ਚੈਕਿੰਗ ਦੌਰਾਨ ਇਹ ਉਲੰਘਣਾਵਾਂ ਪਾਈਆਂ ਗਈਆਂ ਹਨ, ਜਿੱਥੇ ਐੱਫਡੀਟੀਐੱਲ ਵਿੱਚ 10 ਘੰਟੇ ਦੀ ਸਮਾਂ ਹੱਦ ਦੀ ਉਲੰਘਣਾ ਕੀਤੀ ਗਈ ਸੀ। ਡੀਜੀਸੀਏ ਨੇ ਆਪਣੇ ਨੋਟਿਸ ਵਿੱਚ ਕਿਹਾ ਹੈ, ‘‘ਮੌਕੇ ਉੱਤੇ ਕੀਤੀ ਗਈ ਚੈਕਿੰਗ ਦੌਰਾਨ ਦੇਖਿਆ ਗਿਆ ਹੈ ਕਿ ਏਅਰ ਇੰਡੀਆ ਦੇ ਜਵਾਬਦੇਹ ਮੈਨੇਜਰ ਨੇ 16 ਮਈ 2025 ਅਤੇ 17 ਮਈ 2025 ਨੂੰ ਬੰਗਲੂਰੂ ਤੋਂ ਲੰਡਨ (ਏਆਈ133) ਲਈ ਦੋ ਉਡਾਣਾਂ ਚਲਾਈਆਂ ਅਤੇ ਦੋਵੇਂ ਹੀ 10 ਘੰਟਿਆਂ ਦੀ ਤੈਅਸ਼ੁਦਾ ਉਡਾਣ ਸਮਾਂ ਹੱਦ ਨੂੰ ਟੱਪ ਗਈਆਂ ਸਨ।” ਡੀਜੀਸੀਏ ਨੇ ਸਿਵਲ ਏਵੀਏਸ਼ਨ ਰਿਕੁਆਇਰਮੈਂਟ (ਸੀਏਆਰ) ਦੀ ਉਲੰਘਣਾ ਦੇ ਹਵਾਲੇ ਨਾਲ ਇਹ ਨੋਟਿਸ ਜਾਰੀ ਕੀਤਾ ਹੈ। ਨੋਟਿਸ ਬਾਰੇ ਏਅਰ ਇੰਡੀਆ ਦੀਆਂ ਟਿੱਪਣੀਆਂ ਫ਼ੌਰੀ ਤੌਰ ’ਤੇ ਹਾਸਲ ਨਹੀਂ ਹੋ ਸਕੀਆਂ, ਜਿਨ੍ਹਾਂ ਦੀ ਉਡੀਕ ਕੀਤੀ ਜਾ ਰਹੀ ਸੀ। ਰੈਗੂਲੇਟਰ ਨੇ ਨੋਟਿਸ ਵਿੱਚ ਇਹ ਵੀ ਕਿਹਾ, ‘‘ਏਅਰ ਇੰਡੀਆ ਲਿਮਿਟਡ ਦਾ ਜਵਾਬਦੇਹ ਮੈਨੇਜਰ ਵਿਵਸਥਾਵਾਂ ਅਤੇ ਪਾਲਣਾ ਜ਼ਰੂਰਤਾਂ ਦਾ ਅਮਲ ਯਕੀਨੀ ਬਣਾਉਣ ਵਿੱਚ ਨਾਕਾਮ ਰਿਹਾ ਹੈ...।” ਏਅਰਲਾਈਨ ਕੰਪਨੀ ਨੂੰ ਇਹ ਦੱਸਣ ਲਈ ਕਿਹਾ ਗਿਆ ਹੈ ਕਿ ਨੋਟਿਸ ਮੁਤਾਬਕ, ਇਨ੍ਹਾਂ ਉਲੰਘਣਾਵਾਂ ਲਈ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ ਹੈ। -ਪੀਟੀਆਈ