ਨੈਣਾ ਦੇਵੀ ਜਾ ਰਹੇ ਸ਼ਰਧਾਲੂ ਰਸਤੇ ’ਚ ਬਿਮਾਰ
ਮਾਨਸਾ ਤੋਂ ਸ੍ਰੀ ਨੈਣਾ ਦੇਵੀ ਦੀ ਪੈਦਲ ਯਾਤਰਾ ’ਤੇ ਜਾ ਰਹੇ ਕੁਝ ਸ਼ਰਧਾਲੂ ਰਾਹ ਵਿੱਚ ਕਥਿਤ ਭੰਗ ਪੀਣ ਮਗਰੋਂ ਬਿਮਾਰ ਅਤੇ ਬੇਹੋਸ਼ ਹੋ ਗਏ। ਸ਼ਰਧਾਲੂਆਂ ਨੂੰ ਉਲਟੀਆਂ ਅਤੇ ਚੱਕਰ ਆਉਣ ਲੱਗੇ, ਜਿਸ ਕਾਰਨ ਕੁਝ ਸ਼ਰਧਾਲੂਆਂ ਨੂੰ ਚੀਮਾ ਮੰਡੀ, ਭੀਖੀ ਅਤੇ ਮਾਨਸਾ ਦੇ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਸ਼ਨਿਚਰਵਾਰ ਬਾਅਦ ਦੁਪਹਿਰ ਸਿਹਤ ਵਿੱਚ ਸੁਧਾਰ ਹੋਣ ਮਗਰੋਂ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ 200 ਸ਼ਰਧਾਲੂ ਹਰ ਸਾਲ ਦੀ ਤਰ੍ਹਾਂ ਮਾਨਸਾ ਤੋਂ ਨੈਣਾ ਦੇਵੀ ਲਈ ਪੈਦਲ ਰਵਾਨਾ ਹੋਏ ਸਨ। ਪਿੰਡ ਢੈਪਈ ਪਹੁੰਚਦਿਆਂ ਰਸਤੇ ਵਿੱਚ ਉਨ੍ਹਾਂ ਨੂੰ ਕਿਸੇ ਨੇ ਕਥਿਤ ਭੰਗ ਪਿਆ ਦਿੱਤੀ। ਚੀਮਾ ਮੰਡੀ ਪਹੁੰਚ ਕੇ ਉਨ੍ਹਾਂ ਨੂੰ ਫੌਰੀ ਤੌਰ ’ਤੇ ਡਾਕਟਰੀ ਸਹਾਇਤਾ ਦਿੱਤੀ ਗਈ ਅਤੇ ਕੁਝ ਸ਼ਰਧਾਲੂਆਂ ਨੂੰ ਜ਼ਿਆਦਾ ਸਿਹਤ ਵਿਗੜਨ ਮਗਰੋਂ ਮਾਨਸਾ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਹਾਲਾਂਕਿ ਇਹ ਭੇਤ ਹਾਲੇ ਬਰਕਰਾਰ ਹੈ ਕਿ ਸ਼ਰਧਾਲੂਆਂ ਨੂੰ ਭੰਗ ਕਿਸ ਨੇ ਪਿਆਈ। ਇਹ ਪੈਦਲ ਯਾਤਰੀ ਕਾਫ਼ਲੇ ਦੇ ਰੂਪ ਵਿੱਚ ਸ੍ਰੀ ਨੈਣਾ ਦੇਵੀ ਦੀ ਯਾਤਰਾ ਲਈ ਵੱਖ-ਵੱਖ ਟੋਲੀਆਂ ਬਣਾ ਕੇ ਚੱਲਦੇ ਹਨ। ਇਸ ਜਥੇ ਵਿਚ 200 ਦੇ ਕਰੀਬ ਸ਼ਰਧਾਲੂ ਸਨ ਪਰ 40 ਦੇ ਕਰੀਬ ਯਾਤਰੀਆਂ ਨੇ ਰਾਹ ’ਚ ਕਥਿਤ ਭੰਗ ਪੀ ਲਈ, ਜਿਸ ਵਿਚ ਜ਼ਿਆਦਾ ਨਸ਼ੇ ਦੀ ਮਾਤਰਾ ਹੋਣ ਕਰਕੇ ਉਨ੍ਹਾਂ ਦੀ ਸਿਹਤ ਵਿਗੜੀ ਅਤੇ ਕੁਝ ਪੈਦਲ ਯਾਤਰੀਆਂ ਨੂੰ ਵਾਪਸ ਮੁੜਨਾ ਪਿਆ। ਨੈਣਾ ਦੇਵੀ ਪੈਦਲ ਯਾਤਰਾ ਮਾਨਸਾ ਦੇ ਪ੍ਰਧਾਨ ਸ਼ਿਵਜੀ ਰਾਮ ਨੇ ਦੱਸਿਆ ਕਿ ਰਾਹ ਵਿਚ ਭੰਗ ਪੀਣ ਨਾਲ ਕੁਝ ਪੈਦਲ ਸ਼ਰਧਾਲੂਆਂ ਦੀ ਸਿਹਤ ਵਿਗੜ ਗਈ ਸੀ। ਸਭ ਦਾ ਡਾਕਟਰੀ ਮੁਆਇਨਾ ਅਤੇ ਇਲਾਜ ਕਰਵਾਉਣ ਤੋਂ ਬਾਅਦ ਉਹ ਮੁੜ ਪੈਦਲ ਯਾਤਰਾ ਲਈ ਚੱਲ ਪਏ ਹਨ।