ਕੇਜਰੀਵਾਲ ਤੇ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਤੋਂ ਪਹਿਲਾਂ ਬੇਰੁਜ਼ਗਾਰ ਕੀਤੇ ਨਜ਼ਰਬੰਦ
ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਅੱਜ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਵਿਚ ਪੁੱਜ ਰਹੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲੇ ਝੰਡੇ ਵਿਖਾ ਕੇ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਸਾਂਝੇ ਮੋਰਚੇ ਦੇ ਆਗੂਆਂ ਦੇ ਘਰਾਂ ’ਤੇ ਬੀਤੀ ਦੇਰ ਰਾਤ ਅਤੇ ਅੱਜ ਸਵੇਰੇ ਪੁਲੀਸ ਨੇ ਛਾਪੇ ਮਾਰ ਕੇ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਮੋਰਚੇ ਦੇ ਸੂਬਾ ਆਗੂ ਰਮਨ ਕੁਮਾਰ ਨੂੰ ਬੀਤੀ ਰਾਤ ਤੋਂ ਹੀ ਪਿੰਡ ਕਰਮਗੜ੍ਹ ਨੇੜੇ ਮਲੋਟ ਵਿੱਚ ਪੁਲੀਸ ਵੱਲੋਂ ਨਜ਼ਰਬੰਦ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਸ ਨੂੰ ਅੱਜ ਸਵੇਰੇ ਕਰੀਬ ਸਾਢੇ ਪੰਜ ਵਜੇ ਪਿੰਡ ਢਿੱਲਵਾਂ ਤੋਂ ਤਪਾ ਮੰਡੀ ਥਾਣੇ ਦੇ ਐੱਸਐੱਚਓ ਵੱਲੋਂ ਨਜ਼ਰਬੰਦ ਕੀਤਾ ਗਿਆ। ਇਸੇ ਤਰ੍ਹਾਂ ਹਰਜਿੰਦਰ ਸਿੰਘ ਬੁਢਲਾਡਾ, ਹਰਵਿੰਦਰ ਸਿੰਘ ਬੁਲਾਡੇਵਾਲਾ, ਨਿਰਮਲ ਸਿੰਘ ਵਿੱਕੀ ਬੁਰਜ ਹਮੀਰਾ, ਗੁਰਪ੍ਰੀਤ ਸਿੰਘ ਪੱਕਾ ਕਲਾਂ, ਤੇਜਿੰਦਰ ਪਾਲ ਸਿੰਘ ਮਾਨਾਂਵਾਲਾ, ਸੁਖਦੇਵ ਸਿੰਘ ਜਲਾਲਾਬਾਦ, ਸੁਖਪਾਲ ਖਾਨ ਲਹਿਰਾ, ਅਸਵਿੰਦਰ ਮਾਲੇਰਕੋਟਲਾ, ਮਨਜੀਤ ਕੌਰ, ਰਾਜਵੀਰ ਕੌਰ, ਪਰਮਜੀਤ ਕੌਰ ਅਤੇ ਜਸਵੰਤ ਸਿੰਘ ਆਦਿ ਨੂੰ ਵੀ ਵੱਖ ਵੱਖ ਥਾਵਾਂ ਉੱਤੇ ਨਜ਼ਰਬੰਦ ਕਰਕੇ ਰੱਖਿਆ ਗਿਆ ਹੈ।
ਸ੍ਰੀ ਢਿੱਲਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਭਰਤੀ ਕੈਲੰਡਰ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਸਵਾ ਤਿੰਨ ਸਾਲਾਂ ਵਿੱਚ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਇੱਕ ਵੀ ਪੋਸਟ ਨਹੀਂ ਕੱਢੀ। ਉਲਟਾ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਿਹਤ ਮੰਤਰੀ ਮੀਟਿੰਗਾਂ ਤੋ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਮੰਗਾਂ ਮਨਵਾਉਣ ਲਈ ਬੇਰੁਜ਼ਗਾਰ ਸਾਂਝਾ ਮੋਰਚਾ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਮੰਗਾਂ ਦਾ ਫੌਰੀ ਹੱਲ ਨਾ ਕੀਤਾ ਤਾਂ ਪਹਿਲਾਂ ਕੀਤੇ ਐਲਾਨ ਅਨੁਸਾਰ 14 ਅਗਸਤ ਤੋਂ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।
ਕੇਜਰੀਵਾਲ ਦੀ ਮੂੰਹ ਬੋਲੀ ਭੈਣ ਦੇ ਘਰ ਪੁੱਜੀ ਪੁਲੀਸ
ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੁਨਾਮ ’ਚ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਤੋਂ ਪਹਿਲਾਂ ਮਾਲਵਾ ਖੇਤਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨੂੰ ਘਰਾਂ ’ਚ ਨਜ਼ਰਬੰਦ ਕਰ ਦਿੱਤਾ ਗਿਆ। ਨਜ਼ਰਬੰਦ ਕੀਤੇ ਗਏ ਇਨ੍ਹਾਂ ਬੇਰੁਜ਼ਗਾਰਾਂ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਵੀ ਸ਼ਾਮਲ ਹੈ। ਉਸ ਦੇ ਮਾਨਸਾ ਵਾਲੇ ਘਰ ਵਿੱਚ ਸਵੇਰ ਤੋਂ ਹੀ ਪੁਲੀਸ ਤਾਇਨਾਤ ਕਰ ਦਿੱਤੀ ਗਈ ਸੀ। 646 ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੀ ਸੂਬਾ ਆਗੂ ਸਿੱਪੀ ਸ਼ਰਮਾ ਨੇ ਦੱਸਿਆ ਕਿ 2014 ਦੇ ਸੰਘਰਸ਼ ਦੌਰਾਨ ਅਰਵਿੰਦ ਕੇਜਰੀਵਾਲ ਨੇ ਉਸ ਨੂੰ ਆਪਣੀ ਮੂੰਹ ਬੋਲੀ ਭੈਣ ਕਿਹਾ ਸੀ। ਉਸ ਸਮੇਂ ਕੇਜਰੀਵਾਲ ਨੇ ਉਨ੍ਹਾਂ ’ਤੋਂ ਰੱਖੜੀ ਵੀ ਬੰਨ੍ਹਵਾਈ ਸੀ। ਉਨ੍ਹਾਂ ਕਿਹਾ ਕਿ ਮੈਂ ਅੱਜ ਵੀ ਆਪਣੇ ਮੂੰਹ ਬੋਲੇ ਭਰਾ ਨੂੰ ਰੱਖੜੀ ਬੰਨ੍ਹਣਾ ਚਾਹੁੰਦੀ ਹਾਂ। ਇਸ ਦੇ ਨਾਲ-ਨਾਲ ਉਹ ਬੇਰੁਜ਼ਗਾਰ 646 ਪੀਟੀਆਈ ਅਧਿਆਪਕਾਂ ਦੀਆਂ ਮੰਗਾਂ ਵੀ ਉਨ੍ਹਾਂ ਦੇ ਸਾਹਮਣੇ ਰੱਖਣਾ ਚਾਹੁੰਦੀ ਹੈ। ਪਰ ਪੰਜਾਬ ਪੁਲੀਸ ਨੇ ਉਨ੍ਹਾਂ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਹੈ। ਸਿੱਪੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ 50 ਤੋਂ ਵੱਧ ਬੈਠਕਾਂ ਹੋ ਚੁੱਕੀਆਂ ਹਨ। ਇਨ੍ਹਾਂ ਬੈਠਕਾਂ ਦੇ ਬਾਵਜੂਦ ਕੋਈ ਠੋਸ ਹੱਲ ਨਹੀਂ ਨਿਕਲਿਆ। ਦੂਜੇ ਪਾਸੇ ਪੁਲੀਸ ਨੇ ਕੁਝ ਬੇਰੁਜ਼ਗਾਰਾਂ ਨੂੰ ਸਿਵਲ ਸਿਟੀ ਥਾਣਾ ਮਾਨਸਾ ਵਿਖੇ ਬੰਦ ਕਰ ਦਿੱਤਾ।