ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪੀੜਤਾਂ ਲਈ ਪੁੱਜੀ ਸਹਾਇਤਾ ਦੇ ਵੇਰਵੇ ਜਨਤਕ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੀਤੇ ਜਾ ਰਹੇ ਰਾਹਤ ਕਾਰਜਾਂ ਅਤੇ ਸੰਗਤ ਵੱਲੋਂ ਭੇਜੀ ਜਾ ਰਹੀ ਵਿੱਤੀ ਸਹਾਇਤਾ ਦੇ ਮਾਮਲੇ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਵਾਸਤੇ ਇਸ ਸਬੰਧੀ ਵੇਰਵਿਆਂ ਨੂੰ ਅਧਿਕਾਰਤ ਵੈੱਬਸਾਈਟ ’ਤੇ ਜਾਰੀ ਕੀਤਾ ਹੈ। ਅੱਜ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੀਤੇ ਜਾ ਰਹੇ ਰਾਹਤ ਕਾਰਜਾਂ ਅਤੇ ਸੰਗਤ ਵੱਲੋਂ ਭੇਜੀ ਜਾ ਰਹੀ ਵਿੱਤੀ ਸਹਾਇਤਾ ਦੇ ਮਾਮਲੇ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਵਾਸਤੇ ਇਸ ਸਬੰਧੀ ਵੇਰਵਿਆਂ ਨੂੰ ਅਧਿਕਾਰਤ ਵੈੱਬਸਾਈਟ ’ਤੇ ਜਾਰੀ ਕੀਤਾ ਹੈ। ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਵੈੱਬ ਪੋਰਟਲ ਜਾਰੀ ਕੀਤਾ। ਇਨ੍ਹਾਂ ਰਾਹਤ ਕਾਰਜਾਂ ਵਾਸਤੇ ਸ਼੍ਰੋਮਣੀ ਕਮੇਟੀ ਕਰਮਚਾਰੀਆਂ, ਮੈਂਬਰਾਂ ਤੇ ਸੰਗਤ ਵੱਲੋਂ ਲਗਪਗ ਛੇ ਕਰੋੜ ਰੁਪਏ ਤੋਂ ਵੱਧ ਦੀ ਰਕਮ ਭੇਜੀ ਗਈ ਹੈ ਜਦੋਂਕਿ ਸਿੱਖ ਸੰਸਥਾ ਵੱਲੋਂ ਇਸ ਵਿੱਚੋਂ ਕਰੀਬ ਕਰੋੜ ਰੁਪਏ ਦੀ ਰਕਮ ਖ਼ਰਚ ਕੀਤੀ ਗਈ ਹੈ।
ਸ੍ਰੀ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹੜ੍ਹਾਂ ਦੌਰਾਨ ਹੋਏ ਨੁਕਸਾਨ ਦੇ ਮੱਦੇਨਜ਼ਰ ਲੋੜਵੰਦਾਂ ਤੱਕ ਲਗਾਤਾਰ ਪਹੁੰਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਰਾਹਤ ਕਾਰਜਾਂ ਲਈ 20 ਕਰੋੜ ਰੁਪਏ ਰਾਖਵੇਂ ਰੱਖੇ ਹਨ, ਉੱਥੇ ਸੰਗਤ ਵੱਲੋਂ ਵੀ ਵੱਡਾ ਸਹਿਯੋਗ ਕੀਤਾ ਜਾ ਰਿਹਾ ਹੈ। ਵੈੱਬਸਾਈਟ ’ਤੇ 19 ਸਤੰਬਰ ਤੱਕ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਮੁਲਾਜ਼ਮਾਂ ਤੇ ਸੰਗਤ ਵੱਲੋਂ ਕੀਤੀ ਸਹਾਇਤਾ ਦੇ ਵੇਰਵੇ ਪਾਏ ਗਏ ਹਨ। ਅੱਜ ਤੱਕ 6,09,49,000 ਤੋਂ ਵੱਧ ਦੀ ਰਕਮ ਸ਼੍ਰੋਮਣੀ ਕਮੇਟੀ ਕੋਲ ਆਈ ਹੈ। ਇਸੇ ਤਰ੍ਹਾਂ 19 ਸਤੰਬਰ ਰਾਹਤ ਕਾਰਜਾਂ ਲਈ ਵੱਖ-ਵੱਖ ਗੁਰਦੁਆਰਿਆਂ ਤੋਂ 91.4 ਲੱਖ ਤੋਂ ਵੱਧ ਦੇ ਨਾਲ-ਨਾਲ 23.26 ਲੱਖ ਤੋਂ ਵੱਧ ਮੈਡੀਕਲ ਸੇਵਾਵਾਂ ਦਾ ਖ਼ਰਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਭਾਵਿਤ ਖੇਤਰਾਂ ’ਚ ਗੁਰਦੁਆਰਿਆਂ ਦੇ ਹੋਏ ਨੁਕਸਾਨ ਦੇ ਵੇਰਵੇ ਵੀ ਇਕੱਤਰ ਕੀਤੇ ਜਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਇੰਚਾਰਜਾਂ ਦੀ ਮੀਟਿੰਗ ਸੱਦੀ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਚੱਲ ਰਹੇ ਰਾਹਤ ਕਾਰਜ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਦੀ ਮੀਟਿੰਗ 24 ਸਤੰਬਰ ਨੂੰ ਸੱਦੀ ਗਈ ਹੈ। ਇਹ ਮੀਟਿੰਗ ਦੁਪਹਿਰੇ ਦੋ ਵਜੇ ਪਾਰਟੀ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿੱਚ ਹੋਵੇਗੀ। ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੀਟਿੰਗ ਵਿੱਚ ਗ਼ਰੀਬਾਂ ਵਾਸਤੇ ਕਣਕ ਸਣੇ ਕਿਸਾਨਾਂ ਲਈ ਕਣਕ ਦੇ ਬੀਜ ਤੋਂ ਇਲਾਵਾ ਖੇਤਾਂ ’ਚੋਂ ਰੇਤ ਕੱਢਣ ਲਈ ਲੋੜੀਂਦੇ ਟਰੈਕਟਰਾਂ ਦੇ ਵੇਰਵੇ ਲਈ ਜਾਣਗੇ। ਪਾਰਟੀ ਵੱਲੋਂ ਖ਼ਰੀਦੀਆਂ ਫੌਗਿੰਗ ਮਸ਼ੀਨਾਂ ਯੂਥ ਆਗੂਆਂ ਨੂੰ ਸੌਂਪੀਆਂ ਜਾਣਗੀਆਂ।