ਭਾਰੀ ਮੀਂਹ ਦੇ ਬਾਵਜੂਦ ਭਾਖੜਾ ਤੇ ਪੌਂਗ ਡੈਮਾਂ ਵਿੱਚ ਪਾਣੀ ਦਾ ਪੱਧਰ ਘੱਟ
ਲਲਿਤ ਮੋਹਨ
ਰੋਪੜ, 21 ਜੂਨ
ਹਾਲ ਦੇ ਦਿਨਾਂ ਵਿੱਚ ਜਲ ਗ੍ਰਹਿਣ ਖੇਤਰਾਂ (ਕੈਚਮੈਂਟ ਏਰੀਆ) ਵਿੱਚ ਭਾਰੀ ਮੀਂਹ ਪੈਣ ਦੇ ਬਾਵਜੂਦ ਭਾਖੜਾ ਅਤੇ ਪੌਂਗ ਡੈਮਾਂ ਵਿੱਚ ਪਾਣੀ ਦਾ ਪੱਧਰ ਘੱਟ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1560.32 ਫੁੱਟ ਹੈ, ਜੋ ਪਿਛਲੇ ਸਾਲ 21 ਜੂਨ ਦੇ ਪੱਧਰ ਨਾਲੋਂ ਲਗਪਗ 25 ਫੁੱਟ ਘੱਟ ਹੈ। ਅੱਜ ਡੈਮ ਵਿੱਚ ਆਉਣ ਵਾਲੇ ਪਾਣੀ ਦਾ ਪ੍ਰਵਾਹ 32699 ਕਿਊਸਕ ਰਿਹਾ, ਜੋ ਪਿਛਲੇ ਸਾਲ ਇਸੇ ਤਰੀਕ ਨੂੰ 34525 ਕਿਊਸਕ ਨਾਲੋਂ ਥੋੜਾ ਘੱਟ ਹੈ। ਅੱਜ ਡੈਮ ਤੋਂ 34,500 ਕਿਊਸਕ ਪਾਣੀ ਛੱਡਿਆ ਗਿਆ, ਜੋ ਝੋਨੇ ਦੀ ਲੁਆਈ ਕਾਰਨ ਪੰਜਾਬ ਤੇ ਹਰਿਆਣਾ ਵਿੱਚ ਸਿੰਜਾਈ ਦੀ ਵਧੇਰੇ ਮੰਗ ਕਾਰਨ ਡੈਮ ਵਿੱਚ ਆਉਣ ਵਾਲੇ ਪਾਣੀ ਦੇ ਪ੍ਰਵਾਹ ਨਾਲੋਂ ਵੱਧ ਹੈ।
ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1288.76 ਫੁੱਟ ਰਿਹਾ, ਜੋ ਪਿਛਲੇ ਸਾਲ ਇਸੇ ਤਰੀਕ ਨੂੰ ਪਾਣੀ ਦੇ ਪੱਧਰ ਨਾਲੋਂ ਲਗਪਗ 21 ਫੁੱਟ ਘੱਟ ਹੈ। ਪਿਛਲੇ ਸਾਲ 21 ਜੂਨ ਨੂੰ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1309.60 ਫੁੱਟ ਸੀ। ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਸ਼ੁਰੂਆਤੀ ਮੀਂਹ ਕਰ ਕੇ ਡੈਮ ਵਿੱਚ ਅਪਾਣੀ ਦਾ ਪ੍ਰਵਾਹ ਵਧ ਕੇ 16,602 ਕਿਊਸਕ ਹੋ ਗਿਆ, ਜੋ ਪਿਛਲੇ ਸਾਲ 21 ਜੂਨ ਦੇ ਪ੍ਰਵਾਹ 5389 ਕਿਊਸਕ ਨਾਲੋਂ ਵੱਧ ਸੀ। ਡੈਮ ਤੋਂ ਪਾਣੀ ਦੀ ਨਿਕਾਸੀ 9011 ਕਿਊਸਕ ਰਹੀ। ਪੌਂਗ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਦਾ ਲਗਪਗ 60 ਫੀਸਦ ਰਾਜਸਥਾਨ ਨੂੰ ਜਾਂਦਾ ਹੈ।
ਹੁਣ ਮੌਨਸੂਨ ’ਤੇ ਲੱਗੀ ਟੇਕ
ਭਾਖੜਾ ਬਿਆਨ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੇ ਸੂਤਰਾਂ ਮੁਕਾਬਕ, 20 ਮਈ ਤੋਂ 15 ਸਤੰਬਰ ਤੱਕ ਭਾਖੜਾ ਅਤੇ ਪੌਂਗ ਡੈਮਾਂ ਦੇ ਭਰਨ ਦਾ ਸਮਾਂ ਮੰਨਿਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਡੈਮਾਂ ਵਿੱਚ ਆਉਣ ਵਾਲੇ ਪਾਣੀ ਦਾ ਪ੍ਰਵਾਹ ਜ਼ਿਆਦਾ ਹੁੰਦਾ ਹੈ, ਜਿਸ ਨਾਲ ਪਾਣੀ ਦਾ ਪੱਧਰ ਵਧਦਾ ਹੈ। ਸਤਲੁਜ ਦਰਿਆ ਦੇ ਕੈਚਮੈਂਟ ਏਰੀਆ ਵਿੱਚ ਬਰਫ਼ ਪਿਘਲਣ ਕਾਰਨ ਭਾਖੜਾ ਡੈਮ ਵਿੱਚ ਵਧੇਰੇ ਪਾਣੀ ਆਉਂਦਾ ਹੈ। ਪੌਂਗ ਡੈਮ ਵਿੱਚ ਬਿਆਸ ਦਰਿਆ ਅਤੇ ਉਸ ਦੀਆਂ ਸਹਾਇਕ ਨਦੀਆਂ ਦਾ ਪਾਣੀ ਆਉਂਦਾ ਹੈ। ਡੈਮ ਭਰਨ ਦਾ ਸਮਾਂ ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਦੀ ਬਾਰਿਸ਼ ਨਾਲ ਜੁੜਿਆ ਹੋਇਆ ਹੈ। ਬੀਬੀਐੱਮਬੀ ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ, ਦੋਵੇਂ ਡੈਮਾਂ ਵਿੱਚ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੈ ਪਰ ਬਹੁਤ ਕੁਝ ਮੌਨਸੂਨ ’ਚ ਹੋਣ ਵਾਲੀ ਬਾਰਿਸ਼ ’ਤੇ ਨਿਰਭਰ ਕਰੇਗਾ।