ਮੈਡੀਕਲ ਕਾਲਜ ਲਈ ਨਵੀਂ ਥਾਂ ਅਲਾਟ ਹੋਣ ਦੇ ਬਾਵਜੂਦ ਸ਼ੁਰੂ ਨਾ ਹੋ ਸਕੀ ਉਸਾਰੀ
ਪੰਜਾਬ ਸਰਕਾਰ ਵੱਲੋਂ ਇੱਥੋਂ ਦੇ ਫੇਜ਼-6 ਵਿੱਚ ਚੱਲ ਰਹੇ ਡਾ. ਬੀ.ਆਰ ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ (ਏਮਸ ਮੁਹਾਲੀ) ਦੀ ਥਾਂ ਬਦਲਣ ਦੇ ਤਿੰਨ ਸਾਲ ਬੀਤਣ ਦੇ ਬਾਵਜੂਦ ਹਾਲੇ ਤੱਕ ਨਵੀਂ ਥਾਂ ’ਤੇ ਇਸ ਦੀ ਉਸਾਰੀ ਸ਼ੁਰੂ ਨਹੀਂ ਹੋ ਸਕੀ ਹੈ। ਇਹ ਮੈਡੀਕਲ ਕਾਲਜ ਹੋਸਟਲ, ਆਈਸੀਯੂ ਤੇ ਹੋਰ ਵਾਰਡਾਂ ਤੇ ਸਟਾਫ਼ ਦੀ ਰਿਹਾਇਸ਼ ਦੀ ਘਾਟ ਨਾਲ ਜੂਝ ਰਿਹਾ ਹੈ। ਏਮਸ ਮੁਹਾਲੀ ਇਸ ਸਮੇਂ ਫੇਜ਼-6 ਦੇ ਜ਼ਿਲ੍ਹਾ ਹਸਪਤਾਲ ਵਿੱਚ ਚੱਲ ਰਿਹਾ ਹੈ। ਕਾਲਜ ਲਈ ਜੁਝਾਰ ਨਗਰ ਦੀ ਪੰਚਾਇਤ ਵੱਲੋਂ 10 ਏਕੜ ਥਾਂ ਦਿੱਤੀ ਗਈ ਸੀ, ਜਿਸ ਦੀ ਚਾਰਦੀਵਾਰੀ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਸਕਿਆ ਹੈ। ਕਾਂਗਰਸ ਸਰਕਾਰ ਸਮੇਂ ਇਹ ਤਜਵੀਜ਼ ਬਣਾਈ ਗਈ ਸੀ ਕਿ ਮੁਹਾਲੀ ਦੇ ਫੇਜ਼-6 ਦੇ ਜ਼ਿਲ੍ਹਾ ਹਸਪਤਾਲ ਨੂੰ ਸੈਕਟਰ 66 ਵਿੱਚ ਤਬਦੀਲ ਕੀਤਾ ਜਾਵੇਗਾ ਅਤੇ ਇਹ ਥਾਂ ਮੈਡੀਕਲ ਕਾਲਜ ਦੇ ਸਪੁਰਦ ਕਰ ਦਿੱਤੀ ਜਾਵੇਗੀ। ਸੈਕਟਰ 66 ਵਿੱਚ ਸਾਲ 2021 ਵਿੱਚ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜ਼ਿਲ੍ਹਾ ਹਸਪਤਾਲ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ। ਤਿੰਨ ਸੌ ਬਿਸਤਰਿਆਂ ਦਾ ਇਹ ਹਸਪਤਾਲ 8.72 ਏਕੜ ਥਾਂ ਵਿੱਚ ਬਣਨਾ ਸੀ ਪਰ ਸਰਕਾਰ ਬਦਲਣ ਮਗਰੋਂ ਇਹ ਪ੍ਰਾਜੈਕਟ ਰੱਦ ਕਰ ਦਿੱਤਾ ਗਿਆ ਅਤੇ ਵਿਧਾਇਕ ਕੁਲਵੰਤ ਸਿੰਘ ਦੀ ਪਹਿਲਕਦਮੀ ’ਤੇ ਸੈਕਟਰ 81 ’ਚ ਸਰਕਾਰ ਵੱਲੋਂ ਮੈਡੀਕਲ ਕਾਲਜ ਮੁਹਾਲੀ ਲਈ ਪਹਿਲਾਂ 25 ਏਕੜ ਅਤੇ ਫਿਰ 15 ਏਕੜ ਸਣੇ ਕੁੱਲ 40 ਏਕੜ ਥਾਂ ਦੇਣ ਦਾ ਫ਼ੈਸਲਾ ਕੀਤਾ ਗਿਆ। ਸਰਕਾਰ ਦੇ ਤਿੰਨ ਸਾਲ ਲੰਘਣ ਦੇ ਬਾਵਜੂਦ ਇਸ ਥਾਂ ’ਤੇ ਹਾਲੇ ਤੱਕ ਅਮਲੀ ਤੌਰ ’ਤੇ ਕੁਝ ਵੀ ਨਾ ਹੋਣ ਕਾਰਨ ਲੋਕਾਂ ਨੂੰ ਮੈਡੀਕਲ ਕਾਲਜ ਨਵੀਂ ਥਾਂ ਤਬਦੀਲ ਹੋਣ ਦੀ ਉਮੀਦ ਹੁਣ ਘੱਟ ਹੀ ਜਾਪ ਰਹੀ ਹੈ।
ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਫ਼ਰਕ: ਸਿੱਧੂ
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਹੈ। ਉਨ੍ਹਾਂ ਕਿਹਾ ਕਿ 66 ਸੈਕਟਰ ਵਿੱਚ ਜ਼ਿਲ੍ਹਾ ਹਸਪਤਾਲ ਬਣਨ ਨਾਲ ਮੈਡੀਕਲ ਕਾਲਜ ਕੋਲ ਫੇਜ਼-6 ’ਚ 30 ਏਕੜ ਤੋਂ ਵੱਧ ਰਕਬਾ ਹੋ ਜਾਣਾ ਸੀ, ਜਿਸ ਵਿੱਚ ਸਾਰਾ ਕੁਝ ਵਧੀਆ ਬਣ ਸਕਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਾ ਨਵੀਂ ਥਾਂ ’ਤੇ ਕੁਝ ਕੀਤਾ ਅਤੇ ਨਾ ਹੀ ਪੁਰਾਣੀ ਥਾਂ ਉੱਤੇ ਤਿੰਨ ਸਾਲਾਂ ਦੌਰਾਨ ਕੋਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਨੇਟਾ ਵਿੱਚ ਉਨ੍ਹਾਂ ਵੱਲੋਂ ਤੀਹ ਬਿਸਤਰਿਆਂ ਦਾ ਪੀਐੱਚਸੀ ਬਣਵਾਇਆ ਗਿਆ ਸੀ ਪਰ ਉਸ ਨੂੰ ਡਿਸਪੈਂਸਰੀ ’ਚ ਤਬਦੀਲ ਕਰ ਦਿੱਤਾ ਗਿਆ ਹੈ।
ਇੱਕ-ਦੋ ਮਹੀਨਿਆਂ ਵਿੱਚ ਮੈਡੀਕਲ ਕਾਲਜ ਦਾ ਕੰਮ ਸ਼ੁਰੂ ਹੋਵੇਗਾ: ਕੁਲਵੰਤ ਸਿੰਘ
ਵਿਧਾਇਕ ਕੁਲਵੰਤ ਸਿੰਘ ਨੇ ਆਖਿਆ ਕਿ ਫੇਜ਼-6 ਵਿੱਚ ਲੋੜੀਂਦੀ ਕੁਨੈਕਟੀਵਿਟੀ ਨਾ ਹੋਣ, ਪੜ੍ਹਾਈ ਅਨੁਕੂਲ ਵਾਤਾਵਰਨ ਨਾ ਹੋਣ, ਟਰੈਫ਼ਿਕ ਦੀ ਸਮੱਸਿਆ ਅਤੇ ਸਾਰੇ ਪਾਸਿਆਂ ਦੇ ਵਸਨੀਕਾਂ ਨੂੰ ਇੱਕ ਬਰਾਬਰ ਰਸਤਾ ਨਾ ਹੋਣ ਕਾਰਨ ਮੈਡੀਕਲ ਕਾਲਜ ਦੀ ਥਾਂ ਬਦਲੇ ਜਾਣ ਦਾ ਫ਼ੈਸਲਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਸਬੰਧੀ ਸਾਰਾ ਕੁਝ ਅੰਤਿਮ ਪੜਾਅ ’ਤੇ ਹੈ ਤੇ ਅਗਲੇ ਇੱਕ-ਦੋ ਮਹੀਨਿਆਂ ਵਿੱਚ ਸਾਰੀਆਂ ਮਨਜ਼ੂਰੀਆਂ ਮਿਲਣ ਉਪਰੰਤ ਮੈਡੀਕਲ ਕਾਲਜ ਦਾ ਕੰਮ ਸ਼ੁਰੂ ਹੋ ਜਾਵੇਗਾ।