ਡੇਰੇ ਦਾ ਮੁਖੀ ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ
ਸ਼ਰਧਾਲੂਆਂ ਵੱਲੋਂ ਦੋਸ਼ ਸਿਆਸਤ ਤੋਂ ਪ੍ਰੇਰਿਤ ਕਰਾਰ; ਹਲਕੇ ਵਿੱਚ ਸਿਆਸਤ ਭਖ਼ੀ
ਹਰਦੀਪ ਸਿੰਘ
ਧਰਮਕੋਟ, 17 ਅਪਰੈਲ
ਥਾਣਾ ਕੋਟ ਈਸੇ ਖਾਂ ਅਧੀਨ ਪਿੰਡ ਦੌਲੇਵਾਲਾ ਮਾਇਰ ਵਿੱਚ ਸਥਿਤ ਧਾਰਮਿਕ ਡੇਰੇ ਦੇ ਮੁਖੀ ਨੂੰ ਪੁਲੀਸ ਨੇ ਰੇਤ ਦੀ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਤਪ ਅਸਥਾਨ ਬਾਬਾ ਤੁਲਸੀ ਦਾਸ ਝੁੱਗੀ ਵਾਲਿਆਂ ਦੇ ਨਾਮ ਨਾਲ ਜਾਣੇ ਜਾਂਦੇ ਡੇਰੇ ਦੇ ਮੌਜੂਦਾ ਮੁਖੀ ਬਾਬਾ ਅਵਤਾਰ ਸਿੰਘ ਫੌਜੀ ਦਾ ਰੇਤ ਮਾਫੀਆ ਨਾਲ ਪੁਲੀਸ ਵੱਲੋਂ ਨਾਮ ਜੋੜ ਦੇਣ ਨਾਲ ਹਲਕੇ ਦੀ ਸਿਆਸਤ ਭਖ਼ ਗਈ ਹੈ। ਬਾਬਾ ਅਵਤਾਰ ਸਿੰਘ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ। ਇਸ ਲਈ ਪਿੰਡ ਦੇ ‘ਆਪ’ ਆਗੂ ਡੇਰੇ ਦੇ ਪ੍ਰਬੰਧਾਂ ਦੀ ਬਦਲੀ ਲਈ ਵੀ ਯਤਨਸ਼ੀਲ ਹਨ। ਡੀਐੱਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੁਝ ਦਿਨ ਪਹਿਲਾਂ ਪਿੰਡ ਦੌਲੇਵਾਲਾ ਵਿੱਚ ਰੇਤ ਮਾਈਨਿੰਗ ’ਤੇ ਕਾਰਵਾਈ ਕਰਦਿਆਂ ਥਾਣਾ ਕੋਟ ਈਸੇ ਖਾਂ ਵਿਚ ਕੇਸ ਦਰਜ ਕੀਤਾ ਸੀ। ਇਸ ਵਿੱਚ ਹੈਪੀ ਸ਼ੇਰਪੁਰ, ਜਗਜੀਤ ਸਿੰਘ, ਪ੍ਰਭਜੀਤ ਸਿੰਘ ਅਤੇ ਬਲਜੀਤ ਸਿੰਘ ਦੇ ਨਾਮ ਸ਼ਾਮਲ ਸਨ। ਮੁਲਜ਼ਮਾਂ ਤੋਂ ਕੀਤੀ ਪੁੱਛ ਪੜਤਾਲ ਅਤੇ ਪੁਲੀਸ ਜਾਂਚ ਤੋਂ ਬਾਅਦ ਬਾਬਾ ਅਵਤਾਰ ਸਿੰਘ ਦਾ ਨਾਮ ਸਾਹਮਣੇ ਆਇਆ ਸੀ। ਪੁਲੀਸ ਨੇ ਡੇਰਾ ਮੁਖੀ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਅਦਾਲਤ ਨੇ ਬਾਬੇ ਨੂੰ ਜੇਲ੍ਹ ਭੇਜ ਦਿੱਤਾ ਹੈ। ਉਧਰ, ਬਾਬੇ ਦੇ ਪਰਿਵਾਰਕ ਮੈਂਬਰ ਅਤੇ ਸਮਰਥਕ ਡੇਰੇ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਡੇਰੇ ਦੇ ਖਜ਼ਾਨਚੀ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਬੂਟਾ ਸਿੰਘ, ਅਕਾਲੀ ਆਗੂ ਤੀਰਥ ਸਿੰਘ ਮਾਹਲਾ, ਰਾਜਵਿੰਦਰ ਸਿੰਘ ਧਰਮਕੋਟ,ਸਰਕਲ ਪ੍ਰਧਾਨ ਬਲਜੀਤ ਸਿੰਘ ਕੰਗ ਅਤੇ ਗੁਰਮੀਤ ਸਿੰਘ ਗਗੜਾ ਨੇ ਡੇਰੇ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਇਸ ਮਾਮਲੇ ਵਿਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਸ਼ਮੂਲੀਅਤ ਦੇ ਦੋਸ਼ ਲਗਾਏ ਹਨ। ਉਨ੍ਹਾਂ ਸਾਰੇ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ।
ਬਾਬੇ ਵਿਰੁੱਧ ਪੁਲੀਸ ਨੇ ਪੜਤਾਲ ਮਗਰੋਂ ਕੇਸ ਦਰਜ ਕੀਤਾ: ਢੋਸ
ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਉਨ੍ਹਾਂ ਦਾ ਡੇਰੇ ਦੇ ਪ੍ਰਬੰਧਾਂ ਨਾਲ ਕੁਝ ਲੈਣਾ ਦੇਣਾ ਨਹੀਂ ਹੈ। ਪਿੰਡ ਵਾਸੀ ਜੇ ਪ੍ਰਬੰਧਕ ਕਮੇਟੀ ਦੀ ਬਦਲੀ ਕਰਨਾ ਚਾਹੁੰਦੇ ਹਨ ਤਾਂ ਉਹ ਉਨ੍ਹਾਂ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਬਾਬੇ ਵਿਰੁੱਧ ਪੁਲੀਸ ਨੇ ਪੂਰੀ ਪੜਤਾਲ ਤੋਂ ਬਾਅਦ ਕੇਸ ਦਰਜ ਕੀਤਾ ਹੈ। ਇਸ ਸਬੰਧੀ ਉਹ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ।