ਵਿਭਾਗਾਂ ਦਾ ਮੇਰੇ ਲਈ ਕੋਈ ਅਰਥ ਨਹੀਂ: ਧਾਲੀਵਾਲ
ਹਤਿੰਦਰ ਮਹਿਤਾ
ਜਲੰਧਰ, 22 ਫਰਵਰੀ
ਪੰਜਾਬ ਵਿੱਚ ਲੰਘੇ ਦਿਨ ‘ਪ੍ਰਸ਼ਾਸਨਿਕ ਸੁਧਾਰ ਵਿਭਾਗ’ ਦੀ ਹੋਂਦ ਬਾਰੇ ਹੋਏ ਖੁਲਾਸੇ ਮਗਰੋਂ ਅੱਜ ਇੱਥੇ ਐੱਨਆਰਆਈ ਸਭਾ ਵਿੱਚ ਆਏ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਉਹ ਅਮਰੀਕਾ ਤੋਂ ਪੰਜਾਬ ਦੀ ਸੇਵਾ ਕਰਨ ਲਈ ਆਏ ਸਨ ਅਤੇ ਕੋਈ ਵਿਭਾਗ ਸੰਭਾਲਣ ਲਈ ਨਹੀਂ। ਇਨ੍ਹਾਂ ਵਿਭਾਗਾਂ ਦਾ ਉਨ੍ਹਾਂ ਲਈ ਕੋਈ ਅਰਥ ਨਹੀਂ ਹੈ।
ਉਨ੍ਹਾਂ ਦਾ ਇੱਕੋ-ਇੱਕ ਉਦੇਸ਼ ਪੰਜਾਬ ਨੂੰ ਬਚਾਉਣਾ ਅਤੇ ਇਸ ਨੂੰ ਪਟੜੀ ’ਤੇ ਲਿਆਉਣਾ ਹੈ। ਇਹ ਮੁੱਖ ਮੰਤਰੀ ’ਤੇ ਨਿਰਭਰ ਕਰਦਾ ਹੈ, ਕਿ ਉਹ ਉਨ੍ਹਾਂ ਤੋਂ ਕਿਸ ਤਰ੍ਹਾਂ ਦਾ ਕੰਮ ਲੈਣਾ ਚਾਹੁੰਦੇ ਹਨ। ਉਧਰ, ਮੁੱਖ ਮੰਤਰੀ ਭਗਵੰਤ ਮਾਨ ਦਾ ਜਵਾਬ ਧਾਲੀਵਾਲ ਤੋਂ ਵੱਖਰਾ ਰਿਹਾ। ਉਨ੍ਹਾਂ ਅੱਜ ਭਵਾਨੀਗੜ੍ਹ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਸਿਰਫ਼ ਵਿਭਾਗ ਦਾ ਨਾਮ ਬਦਲਿਆ ਹੈ। ਇਸ ਸਬੰਧੀ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫ਼ਾ ਮੰਗਿਆ। ਉਨ੍ਹਾਂ ਕਿਹਾ ਕਿ ਇਹ ਇੱਕ ਧੋਖਾਧੜੀ ਵਾਲਾ ਮੰਤਰਾਲਾ ਸੀ ਜਿਸ ਨੂੰ ਧਾਲੀਵਾਲ 20 ਮਹੀਨਿਆਂ ਤੋਂ ਸੰਭਾਲ ਰਿਹਾ ਸੀ। ਇਸ ਸਭ ਦੌਰਾਨ ਮੰਤਰੀ ਕੋਲ ਕੋਈ ਸਕੱਤਰ ਨਹੀਂ ਸੀ, ਕੋਈ ਅਧਿਕਾਰੀ ਨਹੀਂ ਸੀ ਅਤੇ ਨਾ ਹੀ ਕੋਈ ਫਾਈਲਾਂ ਅੱਗੇ-ਪਿੱਛੇ ਜਾ ਰਹੀਆਂ ਸਨ।