DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਹਾੜਾਂ ਦੀ ਠੰਢ ਮੈਦਾਨਾਂ ’ਚ ਉਤਰੀ

ਪੰਜਾਬ ਤੇ ਹਰਿਆਣਾ ਵਿਚ ਸੰਘਣੀ ਧੁੰਦ ਪਈ, ਚੰਡੀਗੜ੍ਹ ’ਚ ਦਿਸਣ ਹੱਦ ਘਟੀ; ਬਠਿੰਡਾ ਤੇ ਗੁਰਦਾਸਪੁਰ 5 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਢੇ; ਦਿੱਲੀ ’ਚ 81 ਰੇਲਗੱਡੀਆਂ ਦੇਰੀ ਨਾਲ ਚੱਲੀਆਂ, 15 ਉਡਾਣਾਂ ਡਾਈਵਰਟ ਕੀਤੀਆਂ
  • fb
  • twitter
  • whatsapp
  • whatsapp
featured-img featured-img
ਜ਼ੀਰਕਪੁਰ ਵਿਚ ਸੰਘਣੀ ਧੁੰਦ ਦਰਮਿਆਨ ਮੂੰਹ ਸਿਰ ਢਕ ਕੇ ਜਾਂਦੀਆਂ ਹੋਈਆਂ ਮੁਟਿਆਰਾਂ।
Advertisement

ਚੰਡੀਗੜ੍ਹ/ਨਵੀਂ ਦਿੱਲੀ/ਸ੍ਰੀਨਗਰ, 4 ਜਨਵਰੀ

ਪੰਜਾਬ ਤੇ ਹਰਿਆਣਾ ਵਿਚ ਅੱਜ ਸਵੇਰੇ ਸੰਘਣੀ ਧੁੰਦ ਪੈਣ ਨਾਲ ਘੱਟੋ-ਘੱਟ ਤਾਪਮਾਨ ਆਮ ਨਾਲੋਂ ਕਈ ਦਰਜੇ ਹੇਠਾਂ ਚਲਾ ਗਿਆ। ਪੰਜਾਬ ਵਿਚ ਬਠਿੰਡਾ ਤੇ ਗੁਰਦਾਸਪੁਰ 5 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਢੇ ਰਹੇ। ਉਧਰ ਕੌਮੀ ਰਾਜਧਾਨੀ ਦਿੱਲੀ ’ਚ ਅੱਜ ਲਗਾਤਾਰ ਦੂਜੇ ਦਿਨ ਸੰਘਣੀ ਧੁੰਦ ਪਈ, ਜਿਸ ਕਰਕੇ ਕਈ ਹਿੱਸਿਆਂ ਵਿਚ ਦਿੱਸਣ ਹੱਦ ਸਿਫਰ ਰਹਿ ਗਈ। ਧੁੰਦ ਕਰਕੇ 81 ਰੇਲਗੱਡੀਆਂ ਦੇਰੀ ਨਾਲ ਚੱਲੀਆਂ ਤੇ 15 ਉਡਾਣਾਂ ਨੂੰ ਹੋਰਨਾਂ ਰੂਟਾਂ ’ਤੇ ਡਾਈਵਰਟ ਕਰਨਾ ਪਿਆ। ਉਧਰ ਕਸ਼ਮੀਰ ਵਾਦੀ ਵਿਚ ਵੀ ਸੰਘਣੀ ਧੁੰਦ ਕਰਕੇ ਸ੍ਰੀਨਗਰ ਵਿਚ ਉਡਾਣਾਂ ਅਸਰਅੰਦਾਜ਼ ਹੋਈਆਂ। ਅਧਿਕਾਰੀਆਂ ਨੇ ਕਿਹਾ ਕਿ ਸ੍ਰੀਨਗਰ ਸਣੇ ਕਸ਼ਮੀਰ ਵਿਚ ਧੁੰਦ ਦੀ ਸੰਘਣੀ ਚਾਦਰ ਪੱਸਰੀ ਰਹੀ। ਦਿਸਣ ਹੱਦ ਘਟਣ ਕਰਕੇ ਹਵਾਈ ਅੱਡੇ ਉੱਤੇ ਸਵੇਰ ਵੇਲੇ ਦੀਆਂ ਸਾਰੀਆਂ ਉਡਾਣਾਂ ਪੱਛੜ ਗਈਆਂ। ਇਸ ਦੌਰਾਨ ਮੁਹਾਲੀ ਹਵਾਈ ਅੱਡੇ ’ਤੇ ਵੀ ਉਡਾਣਾਂ ਪਛੜਨ ਦੀਆਂ ਰਿਪੋਰਟਾਂ ਹਨ। ਅਬੂ ਧਾਬੀ ਤੋਂ ਆਈ ਉਡਾਣ ਨੂੰ ਚੰਡੀਗੜ੍ਹ ਨੂੰ ਦਿੱਲੀ ਮੋੜਨਾ ਪਿਆ। ਉਧਰ ਚੰਡੀਗੜ੍ਹ ਰੇਲਵੇ ਸਟੇਸ਼ਨ ਉੱਤੇ ਵੀ ਮੁਸਾਫਰਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਨਵੀਂ ਦਿੱਲੀ-ਕਾਲਕਾ ਸ਼ਤਾਬਦੀ ਢਾਈ ਘੰਟੇ ਦੀ ਦੇਰੀ ਨਾਲ ਚੱਲੀ। ਪ੍ਰਯਾਗਰਾਜ-ਚੰਡੀਗੜ੍ਹ ਰੇਲਗੱਡੀ, ਜਿਸ ਨੇ ਸਵੇਰੇ ਸਵਾ ਨੌਂ ਵਜੇ ਪਹੁੰਚਣਾ ਸੀ, 12 ਘੰਟੇ ਲੇਟ ਸੀ। ਇਸੇ ਤਰ੍ਹਾਂ ਇੰਦੌਰ-ਊਨਾ ਐਕਸਪ੍ਰੈਸ ਵੀ 6 ਘੰਟੇ ਦੀ ਦੇਰੀ ਨਾਲ ਚੰਡੀਗੜ੍ਹ ਪਹੁੰਚੀ।

Advertisement

ਲੁਧਿਆਣਾ ਵਿਚ ਸੰਘਣੀ ਧੁੰਦ ਦੌਰਾਨ ਇਕ ਪੁਲ ਤੋਂ ਲੰਘਦੇ ਵਾਹਨ ਚਾਲਕ। ਫੋਟੋ: ਹਿਮਾਂਸ਼ੂ ਸੂਦ

ਸੰਘਣੀ ਧੁੰਦ ਕਰਕੇ ਰਾਜਧਾਨੀ ਚੰਡੀਗੜ੍ਹ ਵਿਚ ਦਿਸਣ ਹੱਦ ਘੱਟ ਕੇ ਸਿਫ਼ਰ ਰਹਿ ਗਈ। ਹਾਲਾਂਕਿ ਦਿਨ ਚੜ੍ਹਦਿਆਂ ਧੁੱਪ ਖਿੜਨ ਨਾਲ ਲੋਕਾਂ ਨੇ ਠੰਢ ਤੋਂ ਕੁਝ ਰਾਹਤ ਵੀ ਮਹਿਸੂਸ ਕੀਤੀ। ਪਿਛਲੇ ਦੋ ਦਿਨਾਂ ਤੋਂ ਦੋਵਾਂ ਰਾਜਾਂ ਵਿਚ ਸੰਘਣੀ ਧੁੰਦ ਪੈਣ ਨਾਲ ਬਹੁਤੀਆਂ ਥਾਵਾਂ ’ਤੇ ਦਿਸਣ ਹੱਦ ਘੱਟ ਗਈ ਹੈ।

ਚੰਡੀਗੜ੍ਹ ਦੇ ਲੋਕ ਅੱਜ ਸਵੇਰੇ ਉੱਠੇ ਤਾਂ ਸੰਘਣੀ ਧੁੰਦ ਪਈ ਹੋਈ ਸੀ ਤੇ ਇਥੇ ਘੱਟੋ ਘੱਟ ਤਾਪਮਾਨ 10 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਦਰਜੇ ਘੱਟ ਸੀ।

ਫੋਟੋ: ਰਵੀ ਕੁਮਾਰ

ਹਰਿਆਣਾ ਦੇ ਅੰਬਾਲਾ ਵਿਚ ਤਾਪਮਾਨ 10.1 ਡਿਗਰੀ ਜਦੋਂਕਿ ਕਰਨਾਲ ਵਿਚ 9.4 ਡਿਗਰੀ ਰਿਹਾ। ਰੋਹਤਕ ਵਿਚ 9.2 ਡਿਗਰੀ, ਨਾਰਨੌਲ 4.2 ਡਿਗਰੀ ਤੇ ਹਿਸਾਰ ’ਚ 5.7 ਡਿਗਰੀ ਰਿਹਾ।

ਫੋਟੋ: ਰਵੀ

ਪੰਜਾਬ ਵਿਚ ਬਠਿੰਡਾ ਤੇ ਗੁਰਦਾਸਪੁਰ 5 ਡਿਗਰੀ ਨਾਲ ਸਭ ਤੋਂ ਠੰਢੇ ਰਹੇ।

ਖਰੜ ਰੇਲਵੇ ਸਟੇਸ਼ਨ ’ਤੇ ਪਈ ਧੁੰਦ। ਫੋਟੋ: ਵਿੱਕੀ

ਅੰਮ੍ਰਿਤਸਰ ਵਿਚ 7.2 ਡਿਗਰੀ ਤੇ ਲੁਧਿਆਣਾ ਵਿਚ 8.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਸ੍ਰੀ ਆਨੰਦਪੁਰ ਸਾਹਿਬ ਵਿਚ 9.4 ਡਿਗਰੀ ਰਿਹਾ। ਮੌਸਮ ਵਿਭਾਗ ਨੇ ਕਿਹਾ ਕਿ ਸ਼ੁੱਕਰਵਾਰ ਰਾਤ ਨੂੰ 11:30 ਵਜੇ ਨਵੀਂ ਦਿੱਲੀ ਦੇ ਪਾਲਮ ਵਿਖੇ ਤੇ ਤੜਕੇ 12:30 ਵਜੇ ਸਫ਼ਦਰਜੰਗ ’ਚ ਦਿਸਣ ਹੱਦ ਸਿਫ਼ਰ ਸੀ। ਸਵੇਰੇ ਸੱਤ ਵਜੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਆਮ ਦਿਸਣ ਹੱਦ ਸਿਫ਼ਰ ਸੀ। ਦਿੱਲੀ ਵਿਚ ਘੱਟੋ ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਇਕ ਦਰਜੇ ਵੱਧ ਸੀ। ਮੌਸਮ ਵਿਭਾਗ ਨੇ ਅੱਜ ਦਿਨ ਵਿਚ ਬਹੁਤ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਰਹੇਗਾ। -ਪੀਟੀਆਈ

Advertisement
×